ਪੱਤਰ ਪ੍ਰੇਰਕ
ਮਾਨਸਾ, 30 ਮਈ
ਸਿੱਧੂ ਮੂਸੇਵਾਲਾ ਦੀ ਖੂਬਸੂਰਤ ਹਵੇਲੀ ਵਿੱਚ ਜਿੱਥੇ ਕੁਝ ਸਮੇਂ ਬਾਅਦ ਉਸ ਦੇ ਵਿਆਹ ਦੇ ਢੋਲ ਵੱਜਣੇ ਸੀ, ਉੱਥੇ ਹੁਣ ਸੱਥਰ ਵਿਛ ਗਿਆ ਹੈ। ਅਜਿਹਾ ਹੀ ਉਦਾਸੀ ਵਾਲਾ ਮਾਹੌਲ ਸੰਗਰੂਰ ਜ਼ਿਲ੍ਹੇ ਦੇ ਪਿੰਡ ਸੰਘਰੇੜੀ ਦਾ ਹੈ ਜਿੱਥੇ ਗਾਇਕ ਮੂਸੇਵਾਲਾ ਨੇ ਸਿਹਰਾ ਬੰਨ੍ਹ ਕੇ ਢੁੱਕਣਾ ਸੀ। ਮਾਪਿਆਂ ਲਈ ਆਪਣੇ ਇਕਲੌਤੇ ਅਤੇ ਸਟਾਰ ਪੁੱਤਰ ਦੇ ਵਿਆਹ ਦੀਆਂ ਖੁਸ਼ੀਆਂ ਲਈ, ਪਿੰਡ ਮੂਸੇ ’ਚ ਹੋਣ ਵਾਲੇ ਵਿਆਹ ਦੇ ਸ਼ਗਨਾਂ ਦੀ ਧੁੰਮ ਵੀ ਉਸ ਦੇ ਗੀਤਾਂ ਵਾਂਗ ਦੁਨੀਆ ਭਰ ਵਿੱਚ ਪੈਣੀ ਸੀ, ਪਰ ਗੋਲੀਆਂ ਦੀ ਬੁਛਾਰ ਨੇ ਸਭ ਕੁਝ ਖ਼ਤਮ ਕਰ ਦਿੱਤਾ ਹੈ। ਸ਼ੁਭਦੀਪ ਦਾ ਵਿਛੋੜਾ ਜਿੱਥੇ ਉਸ ਦੇ ਮਾਪਿਆਂ ਲਈ ਅਸਹਿ ਬਣ ਗਿਆ ਹੈ, ਉਥੇ ਉਸ ਦੀ ਮੰਗੇਤਰ ਦੇ ਸੁਫ਼ਨੇ ਵੀ ਚਕਨਾਚੂਰ ਹੋ ਗਏ ਹਨ।
ਪਿੰਡ ਦੇ ਸਾਬਕਾ ਸਰਪੰਚ ਬਲਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦਾ ਰਿਸ਼ਤਾ ਪਿੰਡ ਸੰਗਰੇੜੀ (ਸੰਗਰੂਰ) ਵਿੱਚ ਹੋਇਆ ਸੀ ਅਤੇ ਸਾਰੇ ਪਿੰਡ ਨੂੰ ਉਸ ਦੇ ਵਿਆਹ ਦਾ ਚਾਅ ਸੀ, ਪਰ ਹੁਣ ਅਚਾਨਕ ਵਾਪਰੀ ਇਸ ਘਟਨਾ ਕਾਰਨ ਇਲਾਕੇ ਦੇ ਲੋਕਾਂ ਦੀਆਂ ਖੁਸ਼ੀਆਂ ਨੂੰ ਗ੍ਰਹਿਣ ਲੱਗ ਗਿਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਨਵੀਂ ਹਵੇਲੀ ਵਿੱਚ ਥੋੜ੍ਹੇ ਦਿਨ ਪਹਿਲਾਂ ਹੀ ਰਿਹਾਇਸ਼ ਕੀਤੀ ਸੀ, ਜਦਕਿ ਉਸ ਤੋਂ ਪਹਿਲਾਂ ਉਨ੍ਹਾਂ ਦਾ ਘਰ ਪਿੰਡ ਵਿੱਚ ਸੀ। ਇਹ ਰਿਹਾਇਸ਼ ਮਈ ਮਹੀਨੇ ਦੇ ਪਹਿਲੇ ਹਫ਼ਤੇ ਹੀ ਹੋਈ ਹੈ।
ਅਗਲੇ ਮਹੀਨੇ ਸੀ ਸਿੱਧੂ ਮੂਸੇਵਾਲਾ ਦਾ ਵਿਆਹ
ਅਗਲੇ ਜੂਨ ਮਹੀਨੇ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਤੇ ਵਿਆਹ ਰੱਖਿਆ ਹੋਇਆ ਸੀ, ਜਿਸ ਕਾਰਨ ਪਰਿਵਾਰ ਹਾਲ ਹੀ ਵਿੱਚ ਸਿੱਧੂ ਮੂਸੇਵਾਲਾ ਵੱਲੋਂ ਬਣਾਈ ਗਈ ਨਵੀਂ ਹਵੇਲੀ ਵਿੱਚ ਆਇਆ ਸੀ। ਦੱਸਿਆ ਜਾ ਰਿਹਾ ਹੈ ਕਿ ਮੂਸੇਵਾਲਾ ਦੀ ਮੰਗੇਤਰ ਵੀ ਅੱਜ ਪਰਿਵਾਰ ਨਾਲ ਦੁਖ ਵੰਡਾਉਣ ਪੁੱਜੀ ਹੋਈ ਸੀ।