ਲਖਵੀਰ ਸਿੰਘ ਚੀਮਾ
ਟੱਲੇਵਾਲ, 30 ਜੁਲਾਈ
ਬਰਨਾਲਾ ਦੇ ਮੋਗਾ ਰੋਡ ’ਤੇ ਪੈਂਦੇ ਪਿੰਡ ਚੀਮਾ ਨੇੜੇ ਟੌਲ ਪਲਾਜ਼ਾ ’ਤੇ ਬੀਤੇ ਦਿਨ ਇੱਕ ਪੀਆਰਟੀਸੀ ਬੱਸ ਦੇ ਕੰਡਕਟਰ ਅਤੇ ਟੌਲ ਪਲਾਜ਼ਾ ਮੁਲਾਜ਼ਮਾਂ ਵਿਚਾਲੇ ਹੋਈ ਝੜਪ ਦਾ ਮਾਮਲਾ ਅੱਜ ਹੋਰ ਭੱਖ ਗਿਆ। ਅੱਜ ਸੁਣਵਾਈ ਨਾ ਹੋਣ ਦੇ ਰੋਸ ਵਜੋਂ ਜਿੱਥੇ ਇੱਕ ਪਾਸੇ ਪੀਆਰਟੀਸੀ ਅਤੇ ਪਨਬੱਸ ਕੰਟਰੈਕਟ ਮੁਲਾਜ਼ਮ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਬੱਸ ਕੰਡਕਟਰਾਂ ਤੇ ਡਰਾਈਵਰਾਂ ਨੇ ਟੌਲ ਪਲਾਜ਼ਾ ਬੰਦ ਕਰਵਾ ਕੇ ਧਰਨਾ ਲਗਾਇਆ, ਉੱਥੇ ਹੀ ਦੂਜੇ ਪਾਸੇ ਕੇਸ ਦਰਜ ਹੋਣ ਦੇ ਰੋਸ ਵਜੋਂ ਟੌਲ ਪਲਾਜ਼ਾ ਮੁਲਾਜ਼ਮਾਂ ਨੇ ਵੀ ਸੜਕ ’ਤੇ ਜਾਮ ਲਗਾ ਕੇ ਪ੍ਰਦਰਸ਼ਨ ਕੀਤਾ।
ਇਸ ਮੌਕੇ ਪ੍ਰਦਰਸ਼ਨਕਾਰੀ ਸਰਕਾਰੀ ਬੱਸ ਮੁਲਾਜ਼ਮਾਂ ਬਲਵਿੰਦਰ ਸਿੰਘ, ਅਮਨਦੀਪ ਸਿੰਘ, ਨਿਰਮਲ ਸਿੰਘ ਅਤੇ ਜਗਤਾਰ ਸਿੰਘ ਨੇ ਕਿਹਾ ਕਿ 27 ਜੁਲਾਈ ਨੂੰ ਪੀਆਰਟੀਸੀ ਦੀ ਇੱਕ ਬੱਸ ਬਰਨਾਲਾ ਤੋਂ ਮੋਗਾ ਵੱਲ ਜਾ ਰਹੀ ਸੀ। ਟੌਲ ਪਲਾਜ਼ਾ ’ਤੇ ਪਰਚੀ ਕਟਵਾਉਣ ਦੇ ਬਾਵਜੂਦ ਬੱਸ ਦੇ ਕੰਡਕਟਰ ਦੀ ਬੇਵਜ੍ਹਾ ਟੌਲ ਪਲਾਜ਼ਾ ਦੇ ਕਰਮਚਾਰੀਆਂ ਵੱਲੋਂ ਕੁੱਟਮਾਰ ਕੀਤੀ ਗਈ। ਤਿੰਨ ਦਿਨ ਬੀਤਣ ਦੇ ਬਾਵਜੂਦ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ, ਜਿਸ ਦੇ ਰੋਸ ਵਜੋਂ ਉਨ੍ਹਾਂ ਨੂੰ ਅੱਜ ਟੌਲ ਪਲਾਜ਼ਾ ’ਤੇ ਧਰਨਾ ਪ੍ਰਦਰਸ਼ਨ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਟੌਲ ਪਲਾਜ਼ਾ ਦੇ ਕਰਿੰਦਿਆਂ ਵਿਰੁੱਧ ਕੇਸ ਦਰਜ ਨਹੀਂ ਹੁੰਦਾ ਤਾਂ ਉਹ ਆਪਣਾ ਸੰਘਰਸ਼ ਤੇਜ਼ ਕਰਨਗੇ। ਉਨ੍ਹਾਂ ਕਿਹਾ ਕਿ ਅੱਜ ਤਾਂ ਸਿਰਫ ਬਰਨਾਲਾ ਡਿੱਪੂ ਦੀਆਂ ਬੱਸਾਂ ਬੰਦ ਕਰ ਕੇ ਪ੍ਰਦਰਸ਼ਨ ਕੀਤਾ ਗਿਆ ਹੈ ਪਰ ਸੁਣਵਾਈ ਨਾ ਹੋਣ ’ਤੇ ਪੂਰੇ ਪੰਜਾਬ ਦੇ ਡਿੱਪੂਆਂ ਦੀਆਂ ਬੱਸਾਂ ਬੰਦ ਕਰ ਕੇ ਪ੍ਰਦਰਸ਼ਨ ਕੀਤੇ ਜਾਣਗੇ।
ਉੱਧਰ, ਦੂਜੇ ਪਾਸੇ ਟੌਲ ਮੁਲਾਜ਼ਮਾਂ ਵੱਲੋਂ ਕੇਸ ਦਰਜ ਹੋਣ ਦੇ ਰੋਸ ਵਜੋਂ ਇਸ ਮੁੱਖ ਮਾਰਗ ਨੂੰ ਜਾਮ ਕਰ ਕੇ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬੱਸ ਕੰਡਕਟਰ ਵੱਲੋਂ ਜਿੱਥੇ ਪਰਚੀ ਕੱਟ ਰਹੀ ਇੱਕ ਲੜਕੀ ਲਈ ਮਾੜੀ ਸ਼ਬਦਾਵਲੀ ਵਰਤੀ ਗਈ, ਉੱਥੇ ਹੀ ਇੱਕ ਕਰਮਚਾਰੀ ਦੀ ਪੱਗ ਵੀ ਲਾਹੀ ਗਈ ਜਿਸ ਕਰ ਕੇ ਕੰਡਕਟਰ ਵਿਰੁੱਧ ਕਾਰਵਾਈ ਹੋਣੀ ਚਾਹੀਦੀ ਹੈ। ਦੋਵੇਂ ਧਿਰਾਂ ਦਰਮਿਆਨ ਵਧੇ ਇਸ ਮਾਮਲੇ ਨੂੰ ਸੁਲਝਾਉਣ ਲਈ ਡੀਐੱਸਪੀ ਬਰਨਾਲਾ ਅਤੇ ਹੋਰ ਪੁਲੀਸ ਅਧਿਕਾਰੀ ਵੀ ਮੌਕੇ ’ਤੇ ਪਹੁੰਚੇ ਹੋਏ ਸਨ।
ਇਸ ਮੌਕੇ ਡੀਐੱਸਪੀ ਤਪਾ ਰਵਿੰਦਰ ਸਿੰਘ ਨੇ ਕਿਹਾ ਕਿ ਕੰਡਕਟਰ ਦੇ ਬਿਆਨਾਂ ਦੇ ਆਧਾਰ ’ਤੇ ਟੌਲ ਪਲਾਜ਼ਾ ਕਰਮਚਾਰੀਆਂ ਆਕਾਸ਼ਦੀਪ ਸਿੰਘ, ਅਮਨਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਸਮੇਤ ਪੰਜ ਅਣਪਛਾਤਿਆਂ ਵਿਰੁੱਧ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਹੁਣ ਪੀਆਰਟੀਸੀ ਮੁਲਾਜ਼ਮਾਂ ਵੱਲੋਂ ਟੌਲ ਕਰਮਚਾਰੀਆਂ ਖ਼ਿਲਾਫ਼ ਧਾਰਾ 307 ਅਤੇ ਹੋਰ ਧਾਰਾਵਾਂ ਲਗਾਉਣ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧੀ ਡਾਕਟਰਾਂ ਤੋਂ ਰਾਇ ਲੈ ਰਹੇ ਹਨ ਅਤੇ ਡਾਕਟਰ ਅਨੁਸਾਰ ਹੀ ਇਸ ਮਾਮਲੇ ਵਿੱਚ ਧਾਰਾਵਾਂ ਲਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਟੌਲ ਕਰਮਚਾਰੀਆਂ ਦੀ ਸ਼ਿਕਾਇਤ ਵੀ ਦਰਜ ਹੋਈ ਹੈ, ਜਿਸ ਸਬੰਧੀ ਜਾਂਚ ਪੜਤਾਲ ਕਰਕੇ ਹੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।