ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 5 ਅਗਸਤ
ਇੰਟਰਨੈੱਟ ’ਤੇ ਠੱਗੀ ਦਾ ਸ਼ਿਕਾਰ ਹੋਣ ਵਾਲਿਆਂ ਦੀ ਸੂਚੀ ਦਿਨ ਪ੍ਰਤੀ ਦਿਨ ਵੱਧਦੀ ਜਾ ਰਹੀ ਹੈ। ਅਜਿਹਾ ਹੀ ਮਾਮਲਾ ਇਕ ਹੋਰ ਸਾਹਮਣੇ ਆਇਆ, ਜਿਸ ’ਚ ਸ਼ਹਿਰ ਦੇ ਇੱਕ ਪ੍ਰਾਪਰਟੀ ਡੀਲਰ ਨੇ ਫੇਸਬੁੱਕ ’ਤੇ ਇੱਕ ਔਰਤ ਨਾਲ ਦੋਸਤੀ ਕਰ ਸਵਾ ਲੱਖ ਰੁਪਏ ਲਿਟਰ ਵਾਲੇ ਹਰਬਲ ਤੇਲ ਵੇਚਣ ਦੇ ਕਮਿਸ਼ਨ ਦੇ ਚੱਕਰ ’ਚ 29 ਲੱਖ ਰੁਪਏ ਗੁਆ ਲਏ। ਖੁਦ ਨੂੰ ਯੂਕੇ ਦੀ ਨਾਗਰਿਕ ਦੱਸਣ ਵਾਲੀ ਔਰਤ ਨੇ ਹਰਬਨ ਤੇਲ ਦਾ ਵਪਾਰ ਕਰਵਾਉਣ ਦਾ ਝਾਂਸਾ ਦਿੱਤਾ ਸੀ। ਚੰਡੀਗੜ੍ਹ ਰੋਡ ਦੇ ਸੈਕਟਰ-32 ਵਾਸੀ ਰਵਿੰਦਰ ਕੁਮਾਰ ਨੇ ਇਸਦੀ ਸ਼ਿਕਾਇਤ ਪੁਲੀਸ ਦੇ ਉੱਚ ਅਧਿਕਾਰੀਆਂ ਨੂੰ ਕੀਤੀ। ਪੁਲੀਸ ਵੱਲੋਂ ਮਾਮਲੇ ਦੀ ਜਾਂਚ ਤੋਂ ਬਾਅਦ ਦੋਸ਼ ਸਹੀ ਪਾਏ ਗਏ, ਜਿਸ ਤੋਂ ਬਾਅਦ ਥਾਣਾ ਡਿਵੀਜ਼ਨ ਨੰਬਰ 7 ਦੀ ਪੁਲੀਸ ਨੇ ਮੁੰਬਈ ਵੈਸਟ ਦੇ ਐੱਸਵੀ ਰੋਡ (ਕਾਂਦੀਵਾਲੀ) ਸਥਿਤ ਗੋਪਾਲ ਭਵਨ ਦੇ ਮੈਡੀਕਲ ਐਂਡ ਸਲਿਊਸ਼ਨ ਇੰਟਰ ਪ੍ਰਾਈਜਜ਼ ਦੀ ਰਾਧਿਕਾ ਤੇ ਜੁਲਿਆਨਾਇਕ ਦੇ ਖ਼ਿਲਾਫ਼ ਧੋਖਾਧੜੀ ਕਰਨ ਦਾ ਕੇਸ ਦਰਜ ਕਰ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਐਸਆਈ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਰਵਿੰਦਰ ਕੁਮਾਰ ਨੇ 2019 ’ਚ ਪੁਲੀਸ ਕਮਿਸ਼ਨਰ ਨੂੰ ਸ਼ਿਕਾਇਤ ਦਿੱਤੀ ਕਿ ਉਸਨੇ ਦੱਸਿਆ ਕਿ ਜੂਨ 2019 ’ਚ ਇੰਟਰਨੈਟ ’ਤੇ ਉਸਦੀ ਬਰਾਊਨ ਨਾਮ ਦੀ ਅੋਰਤ ਨਾਲ ਦੋਸਤੀ ਹੋ ਗਈ। ਚੈਟ ਦੌਰਾਨ ਔਰਤ ਨੇ ਦੱਸਿਆ ਕਿ ਭਾਰਤ ’ਚ ਇੱਕ ਖਾਸ ਕਿਸਮ ਦਾ ਹਰਬਲ ਤੇਲ ਤਿਆਰ ਹੁੰਦਾ ਹੈ, ਜਿਸਦੀ ਕੀਮਤ 1.23 ਲੱਖ ਰੁਪਏ ਪ੍ਰਤੀ ਲਿਟਰ ਹੈ। ਯੂਕੇ ’ਚ ਉਸ ਤੇਲ ਦੀ ਬਹੁਤ ਮੰਗ ਹੈ। ਉਹ ਜੇਕਰ ਕੰਪਨੀ ਤੋਂ 14 ਲਿਟਰ ਤੇਲ ਲੈ ਕੇ ਉਨ੍ਹਾਂ ਨੂੰ ਸਪਲਾਈ ਕਰੇਗੀ ਤਾਂ ਉਸਨੂੰ 4 ਹਜ਼ਾਰ ਡਾਲਰ ਕਮਿਸ਼ਨ ਮਿਲੇਗਾ। ਬਰਾਊਨ ਦੀ ਗੱਲ ਸੁਣ ਕੇ ਰਵਿੰਦਰ ਕੁਮਾਰ ਡੀਲ ਕਰਵਾਉਣ ਲਈ ਤਿਆਰ ਹੋ ਗਿਆ। ਬਰਾਊਨ ਨੇ ਹੀ ਉਨ੍ਹਾਂ ਨੂੰ ਮੁੰਬਈ ਦੀ ਰਾਧਿਕਾ ਦਾ ਨੰਬਰ ਦਿੱਤਾ। ਆਰਡਰ ਪੱਕਾ ਹੁੰਦੇ ਰਵਿੰਦਰ ਨੇ 14 ਲਿਟਰ ਤੇਲ ਲਈ ਰਾਧਿਕਾ ਦੇ ਦੱਸੇ ਖਾਤੇ ’ਚ ਪੈਸੇ ਪਵਾ ਦਿੱਤੇ ਪਰ ਉਸਦੇ ਬਾਅਦ ਨਾ ਉਨ੍ਹਾਂ ਨੂੰ ਤੇਲ ਮਿਲਿਆ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਆਏ।