ਜਗਤਾਰ ਅਣਜਾਣ
ਮੌੜ ਮੰਡੀ, 23 ਅਕਤੂਬਰ
ਵਿਰੋਧੀ ਧਿਰਾਂ ਨੂੰ ਹਮੇਸ਼ਾ ਕਟਹਿਰੇ ਵਿੱਚ ਖੜ੍ਹਾ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਸਿੰਘ ਮਾਨ ਅੱਜ ਖ਼ੁਦ ਇੱਥੇ ਲੋਕਾਂ ਦੇ ਸੁਆਲਾਂ ’ਚ ਘਿਰ ਗਏ। ਹਾਲਾਂਕਿ ਉਨ੍ਹਾਂ ਸੱਤਾਧਾਰੀ ਧਿਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਰੱਜ ਕੇ ਭੰਡਿਆ ਪਰ ਲੋਕਾਂ ਦੇ ਸੁਆਲਾਂ ਅੱਗੇ ਉਨ੍ਹਾਂ ਦੀ ਪੇਸ਼ ਨਾ ਚੱਲੀ।
ਭਗਵੰਤ ਮਾਨ ਅੱਜ ਇੱਥੋਂ ਦੀ ਪੁਰਾਣੀ ਅਨਾਜ ਮੰਡੀ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਪੁੱਜੇ ਸਨ। ਇਸ ਦੌਰਾਨ ਉਨ੍ਹਾਂ ਕਿਸਾਨਾਂ ਦੀਆਂ ਸਮੱਸਿਆਵਾਂ ਸਬੰਧੀ ਵਿਚਾਰ-ਵਟਾਂਦਰਾ ਵੀ ਕੀਤਾ। ਉਨ੍ਹਾਂ ਕਾਂਗਰਸ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਜੋ ਵਿਧਾਨ ਸਭਾ ਅੰਦਰ ਬਿੱਲ ਪਾਸ ਕੀਤੇ ਹਨ, ਉਹ ਮਹਿਜ਼ ਡਰਾਮਾ ਲੱਗ ਰਹੇ ਹਨ। ਇਸ ਮੌਕੇ ਵਿਧਾਇਕਾ ਪ੍ਰੋ. ਬਲਜਿੰਦਰ ਕੌਰ, ਸ਼ਹਿਰੀ ਜ਼ਿਲ੍ਹਾ ਪ੍ਰਧਾਨ ਨਵਦੀਪ ਜੀਦਾ, ਦਿਹਾਤੀ ਪ੍ਰਧਾਨ ਗੁਰਜੰਟ ਸਿੰਘ ਸਿਵੀਆਂ, ਹਲਕਾ ਮੌੜ ਦੇ ਆਗੂ ਮਨੋਜ ਕੁਮਾਰ ਵੀ ਮੌਜੂਦ ਸਨ। ਇਸੇ ਦੌਰਾਨ ਜਦ ਭਗਵੰਤ ਮਾਨ ਸਟੇਜ ਤੋਂ ਖੇਤੀ ਬਿੱਲਾਂ ਦਾ ਵਿਰੋਧ ਕਰਦਿਆਂ ਸੰਬੋਧਨ ਕਰ ਰਹੇ ਸਨ ਤਾਂ ਇਕੱਠ ਵਿੱਚੋਂ ਲੋਕਾਂ ਨੇ ਉਨ੍ਹਾਂ ’ਤੇ ਸੁਆਲਾਂ ਦੀ ਝੜੀ ਲਗਾ ਦਿੱਤੀ। ਇਕੱਠ ’ਚ ਮੌਜੂਦ ਕਰਨੈਲ ਸਿੰਘ ਸਾਬਕਾ ਪ੍ਰਧਾਨ ਅਤੇ ਪਿੰਡ ਰਾਮਨਗਰ ਦੇ ਕਿਸਾਨ ਸੁਦਾਗਰ ਸਿੰਘ, ਬਿੱਲੂ ਸਿੰਘ, ਅਜੈਬ ਸਿੰਘ ਨੇ ਭਗਵੰਤ ਮਾਨ ਨੂੰ ਸੁਆਲ ਕਰਦਿਆਂ ਆਖਿਆ, ‘‘ਇਕ ਪਾਸੇ ਤਾਂ ਤੁਹਾਡੇ ਵਿਧਾਇਕ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਵਿਧਾਨ ਸਭਾ ਅੰਦਰ ਅਤੇ ਕੇਂਦਰ ਵੱਲੋਂ ਪਾਸ ਕੀਤੇ ਕਾਨੂੰਨ ਨੂੰ ਰੱਦ ਕਰਨ ਵਾਲੇ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਬਿੱਲਾਂ ਦੀ ਕਾਪੀ ਦੇਣ ਲਈ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਕੋਲ ਗਏ ਉੱਥੇ ਦੂਜੇ ਪਾਸੇ ਤੁਸੀਂ ਇਸ ਦਾ ਵਿਰੋਧ ਕਰਕੇ ਬਿੱਲ ’ਚ ਕਮੀਆਂ ਗਿਣਾ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਹੇ ਹੋ। ਜੇਕਰ ਤੁਸੀਂ ਕਿਸਾਨ ਹਿਤੈਸ਼ੀ ਹੋ ਤਾਂ ਦਿੱਲੀ ਵਿੱਚ ਵੀ ਪੰਜਾਬ ਦੀ ਤਰਜ਼ ਉੱਤੇ ਵਿਧਾਨ ਸਭਾ ’ਚ ਮਤੇ ਪਾਸ ਕਰਵਾਓ।’’