ਖੇਤਰੀ ਪ੍ਰਤੀਨਿਧ
ਪਟਿਆਲਾ, 30 ਮਈ
ਦੇਰ ਰਾਤ ਇਥੇ ਅਸਫਰ ਕਲੋਨੀ ਦੇ ਪਿਛਵਾੜੇ ਸਥਿਤ ਇੱਕ ਫਾਰਮ ਹਾਉੂਸ ’ਚ ਕੁਝ ਵਿਅਕਤੀਆਂ ਵੱਲੋਂ ਮੁਰਗਿਆਂ ਦੀ ਲੜਾਈ ਕਰਵਾ ਕੇ ਜੂਆ ਖੇਡਿਆ ਜਾ ਰਿਹਾ ਸੀ ਜਿਸ ਦੀ ਭਿਦਕ ਪੈਣ’ ਤੇ ‘ਪੁਲੀਸ ਚੌਕੀ ਅਫਸਰ ਕਲੋਨੀ’ ਦੇ ਇੰਚਾਰਜ ਪਵਿੱਤਰ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਟੀਮ ਨੇ ਰਾਤ ਨੂੰ ਹੀ ਛਾਪਾ ਮਾਰਿਆ। ਜਦੋਂ ਪੁਲੀਸ ਟੀਮ ਘਟਨਾ ਸਥਾਨ ’ਤੇ ਪਹੁੰਚੀ, ਤਾਂ ਇਨ੍ਹਾਂ ਵਿਅਕਤੀਆਂ ਵੱਲੋਂ ਚਾਰ ਲੜਾਕੂ ਮੁਰਗਿਆਂ ਨੂੰ ਇੱਕ ਦੂਜੇ ਨਾਲ ਲੜਾਇਆ ਜਾ ਰਿਹਾ ਸੀ ਜਿਸ ਕਾਰਨ ਇਹ ਮੁਰਗੇ ਲਹੂ ਲੁਹਾਨ ਹੋ ਚੁੱਕੇ ਸਨ। ਮੁਰਗਿਆਂ ਦੀ ਇਸ ਲੜਾਈ ਤਹਿਤ ਜੂਆ ਖੇਡਿਆ ਜਾ ਰਿਹਾ ਸੀ ।
ਪੁਲੀਸ ਜਦੋਂ ਘਟਨਾ ਸਥਾਨ ’ਤੇ ਪੁੱਜੀ ਤਾਂ ਫਾਰਮ ਹਾਊਸ ਵਾਲ਼ੀ ਇਸ ਇਮਾਰਤ ਦੇ ਛੇ ਦਰਵਾਜ਼ੇ ਹੋਣ ਕਾਰਨ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਮੁਸ਼ਕਲ ਆਈ। ਇਸ ਦੌਰਾਨ ਭਾਵੇਂ ਕਿ ਕੁਝ ਮੁਲਜ਼ਮ ਫਰਾਰ ਵੀ ਹੋ ਗਏ, ਪਰ ਕੁਝ ਨੂੰ ਪੁਲੀਸ ਨੇ ਦਬੋਚ ਲਿਆ। ਪੁਲੀਸ ਦੇ ਹੱਥੇ ਚੜ੍ਹੇ ਇਨ੍ਹਾਂ ਮੁਲਜ਼ਮਾਂ ਕੋਲੋਂ ਪੁਲੀਸ ਨੇ 33 ਹਜ਼ਾਰ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ। ਬਾਅਦ ’ਚ ਪੁਲੀਸ ਕਾਬੂ ਕੀਤੇ ਗਏ ਮੁਲਜ਼ਮਾਂ ਸਮੇਤ ਇਨ੍ਹਾਂ ਮੁਰਗਿਆਂ ਨੂੰ ਅਗਲੇਰੀ ਕਾਰਵਾਈ ਲਈ ਨਾਲ਼ ਲੈ ਆਈ। ਸੰਪਰਕ ਕਰਨ ’ਤੇ ਐਸਪੀ ਸਿਟੀ ਵਜੀਰ ਸਿੰਘ ਨੇ ਇਸ ਘਟਨਾਕ੍ਰਮ ਦੀ ਪੁਸ਼ਟੀ ਕੀਤੀ ਹੈ।