ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਅਪਰੈਲ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਪੰਜਾਬ ਦੇ ਉਦਯੋਗਪਤੀਆਂ ਨੂੰ ਭਾਵੁਕ ਅਪੀਲ ਕੀਤੀ ਹੈ ਕਿ ਦਿੱਲੀ ਵਿਚ ਇਸ ਵੇਲੇ ਕਰੋਨਾ ਨੇ ਕਹਿਰ ਢਾਹਿਆ ਹੋਇਆ ਹੈ ਤੇ ਦਿੱਲੀ ਨੂੰ ਆਕਸੀਜਨ ਦੀ ਜ਼ਰੂਰਤ ਹੈ, ਜਿਸ ਵਾਸਤੇ ਪੰਜਾਬ ਦੇ ਉਦਯੋਗਪਤੀ ਵੱਡਾ ਰੋਲ ਅਦਾ ਕਰ ਸਕਦੇ ਹਨ।
ਇਕ ਵੀਡੀਓ ਸੰਦੇਸ਼ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਕਮੇਟੀ ਨੇ 250 ਬੈਡਾਂ ਦਾ ਕਰੋਨਾ ਕੇਅਰ ਸੈਂਟਰ ਸਥਾਪਿਤ ਕੀਤਾ ਹੈ ਜਿਸ ਵਾਸਤੇ ਅਮਰੀਕਾ ਤੋਂ ਆਕਸੀਜਨ ਕੰਸੈਂਟ੍ਰੇਟਰ ਵੀ ਮੰਗਵਾਏ ਹਨ ਪਰ ਉਨ੍ਹਾਂ ਨੂੰ ਆਕਸੀਜਨ ਸਿਲੰਡਰਾਂ ਤੇ ਫਲੋਅ ਮੀਟਰਾਂ ਸਣੇ ਇਸ ਨਾਲ ਜੁੜੇ ਸਾਜ਼ੋ-ਸਮਾਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਦਿੱਲੀ ਵਿਚ ਫਲੋਟ ਮੀਟਰ 3 ਗੁਣਾ ਤੇ ਆਕਸੀਜਨ ਸਿਲੰਡਰ 4 ਗੁਣਾ ਭਾਅ ’ਤੇ ਬਲੈਕ ਹੋ ਰਹੇ ਹਨ। ਇਹ ਵਪਾਰੀ ਮਨੁੱਖਤਾ ਹੀ ਭੁੱਲ ਗਏ ਹਨ ਜਦਕਿ ਲੋਕਾਂ ਨੂੰ ਸਿਵਿਆਂ ਵਿਚ ਥਾਂ ਨਹੀਂ ਮਿਲ ਰਹੀ।
ਸ੍ਰੀ ਸਿਰਸਾ ਨੇ ਕਿਹਾ ਕਿ ਇਹ ਪੰਜਾਬ ਤੇ ਪੰਜਾਬੀ ਹੀ ਹਨ ਜੋ ਹਮੇਸ਼ਾ ਮਾਨਵਤਾ ਦੀ ਸੇਵਾ ਲਈ ਅੱਗੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਉਹ ਲੁਧਿਆਣਾ, ਜਲੰਧਰ, ਮੁਹਾਲੀ ਤੇ ਅੰਮ੍ਰਿਤਸਰ ਵਿਚ ਬੈਠੇ ਉਦਯੋਗਪਤੀਆਂ ਨੂੰ ਅਪੀਲ ਕਰਦੇ ਹਨ ਕਿ ਔਖੇ ਵੇਲੇ ਦਿੱਲੀ ਦਾ ਸਾਥ ਦਿਓ ਤੇ ਆਕਸੀਜਨ ਦੀ ਸਪਲਾਈ ਦਿਓ ਕਿਉਂਕਿ ਲੋਕ ਮਰ ਰਹੇ ਹਨ, ਇਸ ਵੇਲੇ ਮਨੁੱਖਤਾ ਨੂੰ ਬਚਾਉਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਉਹ ਅਗਲੇ ਹਫ਼ਤੇ 250 ਬੈੱਡ ਹੋਰ ਜੋੜਨਗੇ ਤੇ 500 ਬੈੱਡਾਂ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉਹ ਉਦਯੋਗਪਤੀਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਹਨ ਕਿ ਇਸ ਵੇਲੇ ਆਕਸੀਜਨ ਦੀ ਵੱਡੀ ਜ਼ਰੂਰਤ ਹੈ, ਇਸ ਵੇਲੇ ਸਾਥ ਦਿਓ। ਉਨ੍ਹਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਆਕਸੀਜਨ ਲਈ ਅਦਾਇਗੀ ਵੀ ਕਰੇਗੀ ਤੇ ਇਸ ਤੋਂ ਪਿੱਛੇ ਨਹੀਂ ਹਟੇਗੀ। ਉਨ੍ਹਾਂ ਉਮੀਦ ਜ਼ਾਹਰ ਕੀਤੀ ਕਿ ਇਸ ਅਪੀਲ ਮਗਰੋਂ ਪੰਜਾਬ ਦੇ ਉਦਯੋਗਪਤੀ ਦਿੱਲੀ ਨੂੰ ਆਕਸੀਜਨ ਦੇਣ ਲਈ ਅੱਗੇ ਆਉਣਗੇ।