ਸ਼ਗਨ ਕਟਾਰੀਆ
ਬਠਿੰਡਾ/ਜੈਤੋ, 23 ਅਕਤੂਬਰ
ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਦਾ ਸੰਘਰਸ਼ ਜਾਰੀ ਹੈ। ਪ੍ਰਦਰਸ਼ਨ ਕੇਂਦਰਾਂ ’ਤੇ ਕਿਸਾਨਾਂ ਨਾਲ ਹੋਰ ਵਰਗਾਂ ਦੇ ਸਮਰਥਕ ਵੀ ਸ਼ਮੂਲੀਅਤ ਕਰ ਰਹੇ ਹਨ। ਇੱਥੇ ਲੰਗਰ, ਦੁੱਧ, ਫ਼ਲ, ਮਠਿਆਈਆਂ ਅਤੇ ਕੱਚਾ ਰਾਸ਼ਨ ਲਗਾਤਾਰ ਪਹੁੰਚ ਰਿਹਾ ਹੈ। ਕਿਸਾਨ ਜਥੇਬੰਦੀਆਂ ਵੱਲੋਂ ਬਠਿੰਡਾ ਦੇ ਮੁਲਤਾਨੀਆਂ ਵਾਲੇ ਰੇਲਵੇ ਪੁਲ ਕੋਲ ਰੇਲ ਪਟੜੀ ਤੋਂ ਕੁਝ ਵਿੱਥ ’ਤੇ ਧਰਨਾ ਦਿੱਤਾ ਜਾ ਰਿਹਾ ਹੈ। ਮਾਲ ਗੱਡੀਆਂ ਆ-ਜਾ ਰਹੀਆਂ ਹਨ ਪਰ ਸਵਾਰੀ ਗੱਡੀਆਂ ਨੂੰ ਰੋਕਣ ਲਈ ਪੂਰੀ ਤਿਆਰੀ ਹੈ। ਉਧਰ ਉਗਰਾਹਾਂ ਧੜੇ ਵੱਲੋਂ ਜ਼ਿਲ੍ਹੇ ’ਚ ਸ਼ਾਪਿੰਗ ਮਾਲ, ਪੈਟਰੋਲ ਪੰਪਾਂ ਅਤੇ ਟੌਲ ਪਲਾਜ਼ਿਆਂ ’ਤੇ ਧਰਨੇ ਬਰਕਰਾਰ ਹਨ। ਇਥੇ ਵਪਾਰ ਬਿਲਕੁਲ ਠੱਪ ਹੈ।
ਗੁਰੂ ਗੋਬਿੰਦ ਸਿੰਘ ਰਿਫਾਈਨਰੀ (ਤੇਲ ਸੋਧਕ ਕਾਰਖਾਨੇ) ਵਾਲੀ ਰੇਲ ਲਾਈਨ ’ਤੇ 6 ਅਕਤੂਬਰ ਤੋਂ ਧਰਨਾ ਜਾਰੀ ਹੈ। ਕਿਸਾਨਾਂ ਦੇ ਸਿੱਧੂਪੁਰ ਧੜੇ ਵੱਲੋਂ ਇਹ ਧਰਨਾ ਕਣਕਵਾਲ ਪਿੰਡ ਨੇੜੇ ਲਾਇਆ ਗਿਆ ਹੈ। ਜਥੇਬੰਦੀ ਦੇ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਯੋਧਾ ਸਿੰਘ ਨੰਗਲਾ ਨੇ ਦੱਸਿਆ ਕਿ ਤਲਵੰਡੀ ਅਤੇ ਰਾਮਾ ਮੰਡੀ ਦੇ ਰਿਲਾਇੰਸ ਪੰਪਾਂ ’ਤੇ ਵੀ ਉਨ੍ਹਾਂ ਦਾ ਸੰਗਠਨ ਧਰਨੇ ਦੇ ਰਿਹਾ ਹੈ।
ਜੈਤੋ ਨੇੜੇ ਪਿੰਡ ਰੋਮਾਣਾ ਅਲਬੇਲ ਸਿੰਘ ’ਚ ਸਥਿਤ ਰੇਲਵੇ ਸਟੇਸ਼ਨ ’ਚ ਧਰਨਾ ਲਾਈ ਬੈਠੇ ਡਕੌਂਦਾ ਧੜੇ ਦੇ ਵਰਕਰਾਂ ਨੇ ਅੱਜ ਫ਼ਿਰੋਜ਼ਪੁਰ ਤੋਂ ਬਠਿੰਡਾ ਵੱਲ ਜਾ ਰਹੀ ਇਕ ਸਵਾਰੀ ਗੱਡੀ ਨੂੰ ਅੱਗੇ ਵਧਣ ਤੋਂ ਰੋਕ ਦਿੱਤਾ। ਜਾਣਕਾਰੀ ਅਨੁਸਾਰ ਸਵਾਰੀ ਗੱਡੀ ਦੀਆਂ ਸਾਰੀਆਂ ਬੋਗੀਆਂ ਖਾਲੀ ਸਨ। ਕਿਸਾਨਾਂ ਦੇ ਵਿਰੋਧ ਨੂੰ ਵੇਖਦਿਆਂ ਰੇਲਵੇ ਅਧਿਕਾਰੀਆਂ ਨੇ ਇਹ ਗੱਡੀ ਵਾਪਸ ਫ਼ਿਰੋਜ਼ਪੁਰ ਭੇਜ ਦਿੱਤੀ। ਜੈਤੋ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਅਤੇ ਇਕ ਰਿਲਾਇੰਸ ਪੈਟਰੋਲ ਪੰਪ ’ਤੇ ਵੀ ਛੇ ਕਿਸਾਨ ਸੰਗਠਨਾਂ ਦੇ ਵਰਕਰ ਧਰਨਿਆਂ ’ਤੇ ਡਟੇ ਹੋਏ ਹਨ।
ਨਿੱਜੀ ਥਰਮਲਾਂ ਦੀ ਕੋਲਾ ਸਪਲਾਈ ਰੋਕਣ ਦਾ ਐਲਾਨ
ਬਠਿੰਡਾ: ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਸੂਬਾਈ ਲੀਡਰਸ਼ਿਪ ਨੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਜਾਂਦੀਆਂ ਰੇਲ ਪਟੜੀਆਂ ’ਤੇ ਧਰਨੇ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਹੈ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਅਤੇ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਦੱਸਿਆ ਕਿ ਕਿਸਾਨ ਸੰਗਠਨਾਂ ਵੱਲੋਂ 5 ਨਵੰਬਰ ਦੇ ‘ਦੇਸ਼ ਵਿਆਪੀ ਚੱਕਾ ਜਾਮ’ ਦੇ ਸੱਦੇ ਨੂੰ ਜਥੇਬੰਦੀ ਆਪਣੇ ‘ਆਜ਼ਾਦ ਐਕਸ਼ਨ’ ਰਾਹੀਂ ਸਫ਼ਲ ਬਣਾਵੇਗੀ। ਉਨ੍ਹਾਂ 25 ਅਕਤੂਬਰ ਨੂੰ ਦਸਹਿਰੇ ਮੌਕੇ ਪੰਜਾਬ ਦੇ 14 ਜ਼ਿਲ੍ਹਿਆਂ ’ਚ 41 ਵੱਖ-ਵੱਖ ਥਾਵਾਂ ’ਤੇ ਭਾਜਪਾ, ਕਾਰਪੋਰੇਟਾਂ ਅਤੇ ਵਿਦੇਸ਼ੀ ਕੰਪਨੀਆਂ ਦੀ ਤਿੱਕੜੀ ਦੇ ਪੁਤਲੇ ਅਗਨਦਾਹ ਕਰਨ ਬਾਰੇ ਵੀ ਐਲਾਨ ਕੀਤਾ।