ਚੰਡੀਗੜ੍ਹ, 30 ਅਪਰੈਲ
ਪੰਜਾਬ ਸਰਕਾਰ ਨੇ ਕਰੋਨਾ ਤੋਂ ਬਚਾਅ ਲਈ 18 ਸਾਲ ਤੋਂ ਵੱਧ ਉਮਰ ਦੇ ਲੋਕਾਂ ਦੇ ਕੋਵਿਡ-19 ਟੀਕਾਕਰਨ ਦੇ ਅਮਲ ਨੂੰ ‘ਵੈਕਸੀਨ ਉਪਲਬਧ ਨਾ ਹੋਣ’ ਦੇ ਹਵਾਲੇ ਨਾਲ ਮੁਲਤਵੀ ਕਰ ਦਿੱਤਾ ਹੈ। ਚੇਤੇ ਰਹੇ ਕਿ ਭਲਕ ਤੋਂ ਦੇਸ਼ ਭਰ ਵਿੱਚ ਕੋਵਿਡ ਟੀਕਾਕਰਨ ਦਾ ਤੀਜਾ ਗੇੜ ਸ਼ੁਰੂ ਹੋਣਾ ਹੈ, ਜਿਸ ਤਹਿਤ 18 ਤੋਂ 44 ਉਮਰ ਵਰਗ ਦੇ ਲੋਕਾਂ ਨੂੰ ਟੀਕੇ ਲੱਗਣੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸੂਬੇ ਵਿੱਚ ਵੈਕਸੀਨ ਦੀਆਂ ਢੁੱਕਵੀਆਂ ਖੁਰਾਕਾਂ ਉਪਲਬਧ ਨਾ ਹੋਣ ਕਰਕੇ ਟੀਕਾਕਰਨ ਦੇ ਤੀਜੇ ਗੇੜ ਨੂੰ ਮਿੱਥੇ ਮੁਤਾਬਕ ਸ਼ੁਰੂ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲਾਂ ਵਿੱਚ ਸ਼ਨਿੱਚਰਵਾਰ ਤੋਂ ਟੀਕਾਕਰਨ ਦਾ ਕੰਮ ਬੰਦ ਰਹੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਨਿੱਜੀ ਹਸਪਤਾਲਾਂ ਨੇ ਅਣਵਰਤੀਆਂ ਵੈਕਸੀਨਾਂ ਸ਼ੁੱਕਰਵਾਰ ਸ਼ਾਮ ਤੱਕ ਕੇਂਦਰ ਸਰਕਾਰ ਨੂੰ ਮੋੜਨੀਆਂ ਸਨ, ਲਿਹਾਜ਼ਾ ਇਨ੍ਹਾਂ ਹਸਪਤਾਲਾਂ ਵਿੱਚ 45 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਾਉਣ ਲਈ ਵੈਕਸੀਨ ਮੌਜੂਦ ਨਹੀਂ ਹੈ। ਇਕ ਸਰਕਾਰੀ ਬਿਆਨ ਮੁਤਾਬਕ ਮੁੱਖ ਮੰਤਰੀ ਵੈਕਸੀਨ ਦੀ ਕਿੱਲਤ ਨੂੰ ਲੈ ਕੇ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਹਨ। ਮੁੱਖ ਮੰਤਰੀ ਨੇ ਵਰਚੁਅਲ ਮੀਟਿੰਗ ਦੌਰਾਨ ਕੋਵਿਡ ਵੈਕਸੀਨ ਹਾਲਾਤ ’ਤੇ ਨਜ਼ਰਸਾਨੀ ਕਰਦਿਆਂ ਕਿਹਾ, ‘ਸੂਬੇ ਨੂੰ ਦੋ ਲੱਖ ਖੁਰਾਕਾਂ ਮਿਲੀਆਂ ਸਨ, ਜੋ 45 ਸਾਲ ਤੋਂ ਵੱਧ ਉਮਰ ਦੀਆਂ ਦੋ ਦਿਨ ਦੀ ਲੋੜ ਨੂੰ ਪੂਰਾ ਕਰਨ ਲਈ ਵੀ ਨਾਕਾਫ਼ੀ ਹਨ।’ ਇਸ ਤੋਂ ਪਹਿਲਾਂ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਵੀ ਵੈਕਸੀਨ ਦੀ ਘਾਟ ਦੇ ਹਵਾਲੇ ਨਾਲ 1 ਮਈ ਤੋਂ ਸ਼ੁਰੂ ਹੋ ਰਿਹਾ ਟੀਕਾਕਰਨ ਦਾ ਤੀਜਾ ਪੜਾਅ ਅੱਗੇ ਪੈਣ ਦਾ ਇਸ਼ਾਰਾ ਕੀਤਾ ਸੀ। -ਪੀਟੀਆਈ
ਪੰਜਾਬਵਿੱਚ ਕਰੋਨਾ ਨਾਲ 114 ਹੋਰ ਮੌਤਾਂ
ਚੰਡੀਗੜ੍ਹ (ਦਵਿੰਦਰ ਪਾਲ): ਪੰਜਾਬ ਵਿੱਚ ਗੁਜ਼ਰੇ ਇਕ ਦਿਨ ਦੌਰਾਨ ਕਰੋਨਾਵਾਇਰਸ ਨਾਲ ਰਿਕਾਰਡ 114 ਹੋਰ ਮੌਤਾਂ ਹੋਈਆਂ ਹਨ। ਸੂਬੇ ਵਿੱਚ ਪਿਛਲੇ 24 ਘੰਟਿਆਂ ਦੌਰਾਨ 6132 ਨਵੇਂ ਮਾਮਲੇ ਵੀ ਸਾਹਮਣੇ ਆਏ ਹਨ। ਸੂਬੇ ਵਿੱਚ ਹੁਣ ਤੱਕ ਕੁੱਲ 9022 ਮੌਤਾਂ ਹੋ ਚੁੱਕੀਆਂ ਹਨ। ਸਿਹਤ ਵਿਭਾਗ ਦਾ ਦੱਸਣਾ ਹੈ ਕਿ ਪੰਜਾਬ ਵਿੱਚ ਹੁਣ ਤੱਕ 3.70 ਲੱਖ ਤੋਂ ਵੱਧ ਵਿਅਕਤੀ ਲਾਗ ਦਾ ਸ਼ਿਕਾਰ ਹੋ ਚੁੱਕੇ ਹਨ ਤੇ 3.06 ਲੱਖ ਤੋਂ ਵੱਧ ਠੀਕ ਵੀ ਹੋਏ ਹਨ। ਲੰਘੇ ਇੱਕ ਦਿਨ ਦੌਰਾਨ ਲੁਧਿਆਣਾ ’ਚ 20, ਅੰਮ੍ਰਿਤਸਰ ’ਚ ਸਭ ਤੋਂ ਵੱਧ 17, ਪਟਿਆਲਾ ’ਚ 12, ਮੁਹਾਲੀ ’ਚ 8, ਜਲੰਧਰ, ਗੁਰਦਾਸਪੁਰ ਤੇ ਮੁਕਤਸਰ ’ਚ 7-7, ਸੰਗਰੂਰ ’ਚ 6, ਫ਼ਿਰੋਜ਼ਪੁਰ ਤੇ ਹੁਸ਼ਿਆਰਪੁਰ ’ਚ 5-5, ਕਪੂਰਥਲਾ, ਪਠਾਨਕੋਟ, ਫਤਿਹਗੜ੍ਹ ਸਾਹਿਬ ਤੇ ਫਾਜ਼ਿਲਕਾ ’ਚ 3-3, ਨਵਾਂ ਸ਼ਹਿਰ, ਫਰੀਦਕੋਟ, ਮਾਨਸਾ ਤੇ ਬਰਨਾਲਾ ’ਚ 2-2 ਵਿਅਕਤੀਆਂ ਦੀ ਮੌਤ ਹੋਈ ਹੈ।