ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਜਗਰਾਉਂ ਦੀ ਮੀਟਿੰਗ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਦੀ ਪ੍ਰਧਾਨਗੀ ਹੇਠ ਹੋਈ। ਸਕੱਤਰ ਤਰਸੇਮ ਸਿੰਘ ਬੱਸੂਵਾਲ ਨੇ ਦੱਸਿਆ ਕਿ ਮੀਟਿੰਗ ’ਚ 21 ਜਨਵਰੀ ਦੀ ਬਰਨਾਲਾ ਵਿੱਚ ਹੋ ਰਹੀ ਜੂਝਾਰ ਰੈਲੀ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਹਰ ਪਿੰਡ ’ਚੋਂ ਰੈਲੀ ’ਤੇ ਜਾਣ ਲਈ ਕਿਸਾਨ ਮਜ਼ਦੂਰ ਮਰਦ ਔਰਤਾਂ ਦਾ ਕੋਟਾ ਮਿਥਿਆ ਗਿਆ। ਹਰ ਪਿੰਡ ’ਚੋਂ ਘਰੋਂ-ਘਰੀਂ ਗੇੜਾ ਦੇ ਕੇ ਕਿਸਾਨਾਂ ਵਿਸ਼ੇਸ਼ਕਰ ਬੀਬੀਆਂ ਭੈਣਾਂ ਦੀ ਭਰਵੀਂ ਹਾਜ਼ਰੀ ਯਕੀਨੀ ਬਣਾਉਣ, ਹਰੀਆਂ ਪੱਗਾਂ ਅਤੇ ਹਰੇ ਦੁੱਪਟਿਆਂ ਦਾ, ਹਰ ਹੱਥ ’ਚ ਝੰਡੇ ਦਾ ਪ੍ਰਬੰਧ ਕਰਨ ਦਾ ਫ਼ੈਸਲਾ ਕੀਤਾ ਗਿਆ। ਇਸ ਸਮੇਂ ਸਮੂਹ ਪਿੰਡ ਇਕਾਈਆਂ ਨੂੰ ਸਮੇਂ ਦੀ ਪਾਬੰਦੀ ਦਾ ਵਿਸ਼ੇਸ਼ ਖਿਆਲ ਰੱਖਣ ਦੀ ਅਪੀਲ ਕੀਤੀ ਗਈ। ਮੀਟਿੰਗ ’ਚ ਯੂਰੀਆ ਖਾਦ ਦੀ ਭਾਰੀ ਕਿੱਲਤ ਅਤੇ ਬੀਤੇ ਦਿਨੀਂ ਭਾਰੀ ਬਾਰਿਸ਼ ਅਤੇ ਗੜ੍ਹੇਮਾਰੀ ਕਾਰਨ ਕਣਕਾਂ ਦੇ ਡੁੱਬਣ, ਆਲੂਆਂ ਅਤੇ ਸਬਜ਼ੀਆਂ ਦੀ ਫ਼ਸਲ ਪੂਰੀ ਤਰ੍ਹਾਂ ਨਸ਼ਟ ਹੋਣ ਦਾ ਮੁੱਦਾ ਭਖਵੀਂ ਚਰਚਾ ਦਾ ਵਿਸ਼ਾ ਰਿਹਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਪਮੰਡਲ ਅਧਿਕਾਰੀ ਨੂੰ ਜਥੇਬੰਦੀ ਦਾ ਵਫ਼ਦ ਮਿਲ ਚੁੱਕਾ ਹੈ ਪਰ ਭਰੋਸਾ ਦੇਣ ਦੇ ਬਾਵਜੂਦ ਕੋਈ ਅਮਲਦਾਰੀ ਨਹੀਂ ਹੋਈ। ਮੀਟਿੰਗ ’ਚ ਸਰਬਸੰਮਤੀ ਨਾਲ 18 ਜਨਵਰੀ ਨੂੰ ਐੱਸਡੀਐੱਮ ਜਗਰਾਉਂ ਦੇ ਦਫ਼ਤਰ ਅੱਗੇ ਇਨ੍ਹਾਂ ਮੰਗਾਂ ਸਮੇਤ ਸ਼ਹੀਦ ਕਿਸਾਨ ਪਰਿਵਾਰਾਂ ਦੇ ਆਸ਼ਰਿਤਾਂ ਲਈ ਯੋਗਤਾ ਮੁਤਾਬਕ ਨੌਕਰੀ ਅਤੇ ਰਹਿੰਦੇ ਕੇਸਾਂ ’ਚ ਮੁਆਵਜ਼ਾ ਲੈਣ ਲਈ ਰੋਹ ਭਰਪੂਰ ਧਰਨਾ ਦੇਣ ਦਾ ਫ਼ੈਸਲਾ ਕੀਤਾ ਗਿਆ। ਕਿਸਾਨ ਜਥੇਬੰਦੀ ਨੇ ਸਹਿਕਾਰੀ ਪੇਂਡੂ ਸੁਸਾਇਟੀਆਂ ਨੂੰ ਯੂਰੀਆ ਸਪਲਾਈ ਦੀ ਮਾਤਰਾ 80 ਪ੍ਰਤੀਸ਼ਤ ਕਰਨ, ਵਪਾਰੀਆਂ ਵੱਲੋਂ ਕੀਤੀ ਜਾ ਰਹੀ ਲੁੱਟ ਖ਼ਤਮ ਕਰਾਉਣ ’ਤੇ ਵੀ ਜ਼ੋਰ ਦਿੱਤਾ। ਇਹ ਮਸਲੇ ਸੰਯੁਕਤ ਕਿਸਾਨ ਮੋਰਚੇ ਦੀ ਮੀਟਿੰਗ ’ਚ ਵੀ ਜ਼ੋਰ ਨਾਲ ਉਠਾਉਣ ਦਾ ਫ਼ੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮਸਲਿਆਂ ਦਾ ਤੁਰੰਤ ਕੋਈ ਹੱਲ ਨਾ ਨਿਕਲਣ ਦੀ ਸੂਰਤ ’ਚ ਫਰਵਰੀ ਦੇ ਪਹਿਲੇ ਹਫਤੇ ਐੱਸਡੀਐੱਮ ਦਫਤਰ ਦਾ ਅਣਮਿਥੇ ਸਮੇਂ ਦਾ ਘਿਰਾਓ ਕੀਤਾ ਜਾਵੇਗਾ। ਮੀਟਿੰਗ ’ਚ ਹਰਚੰਦ ਸਿੰਘ ਢੋਲਣ, ਬਲਦੇਵ ਸਿੰਘ ਸੰਧੂ, ਜਗਜੀਤ ਸਿੰਘ ਕਲੇਰ, ਦਰਸ਼ਨ ਸਿੰਘ ਗਾਲਬਿ, ਧਰਮ ਸਿੰਘ ਸੂਜਾਪੁਰ, ਸਾਧੂ ਸਿੰਘ ਮਾਣੂੰਕੇ, ਗੁਰਚਰਨ ਸਿੰਘ ਗੁਰੂਸਰ, ਇਕਬਾਲ ਸਿੰਘ ਮਲਸੀਹਾਂ ਆਦਿ ਹਾਜ਼ਰ ਸਨ।