ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 18 ਨਵੰਬਰ
ਸਿੱਧਵਾਂ ਵਾਟਰ ਫਰੰਟ ਪ੍ਰਾਜੈਕਟ ਦੇ ਫੇਜ਼ 3 ਦੇ ਕੰਮ ਦੀ ਸੁਰੂਆਤ ਅੱਜ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕੀਤੀ। ਇਸ ਮੌਕੇ ਉਨ੍ਹਾਂ ਨਾਲ ਮੇਅਰ ਬਲਕਾਰ ਸਿੰਘ ਸੰਧੂ, ਸੀਨੀਅਰ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਹਾਜ਼ਰ ਸਨ। ਸ੍ਰੀ ਆਸ਼ੂ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਤੀਜੇ ਪੜਾਅ ਤਹਿਤ ਦੁੱਗਰੀ ਰੋਡ ਤੋਂ ਧੂਰੀ ਲਾਈਨ ਤੱਕ ਵਾਟਰਫਰੰਟ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਵੇਲੇ ਕਰੀਬ 1 ਕਿਲੋਮੀਟਰ ਦੀ ਇਹ ਪਟੜੀ ਬੇਕਾਰ ਪਈ ਹੈ ਅਤੇ ਜਦੋਂ ਇੱਥੇ ਕਰੀਬ 3.5 ਕਰੋੜ ਰੁਪਏ ਦੀ ਲਾਗਤ ਨਾਲ ਵਾਟਰਫਰੰਟ ਬਣ ਜਾਵੇਗਾ ਤਾਂ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀਆਂ ਨੂੰ ਲਾਭ ਹੋਵੇਗਾ। ਉਨ੍ਹਾਂ ਦੱਸਿਆ ਕਿ ਲਗਪਗ 4.74 ਕਰੋੜ ਦੀ ਲਾਗਤ ਨਾਲ ਸਿੱਧਵਾਂ ਨਹਿਰ ਵਾਟਰਫਰੰਟ ਪ੍ਰਾਜੈਕਟ (ਫਿਰੋਜ਼ਪੁਰ ਰੋਡ ਤੋਂ ਫਿਰੋਜ਼ਪੁਰ ਰੇਲਵੇ ਲਾਈਨ ਤੱਕ ਲਗਪਗ 1 ਕਿਲੋਮੀਟਰ ਲੰਬਾਈ) ਦਾ ਪਹਿਲਾ ਪੜਾਅ ਪਹਿਲਾਂ ਹੀ ਮੁਕੰਮਲ ਹੋ ਚੁੱਕਿਆ ਹੈ। ਦੂਸਰੇ ਪੜਾਅ ਵਿੱਚ ਸਿੱਧਵਾਂ ਨਹਿਰ (ਪੱਖੋਵਾਲ ਰੋਡ ਤੋਂ ਦੁਗਰੀ ਰੋਡ ਤੱਕ) 1.6 ਕਿਲੋਮੀਟਰ ਲੰਬੀ, ਦੂਜਾ ਹਿੱਸਾ (ਜਵੱਦੀ ਪੁਲ ਤੋਂ ਦੁਗਰੀ ਰੋਡ ਤੱਕ) 5.06 ਕਰੋੜ ਰੁਪਏ ਦੀ ਲਾਗਤ ਨਾਲ ਵਿਕਸਤ ਕੀਤੀ ਜਾ ਰਹੀ ਹੈ। ਉਨ੍ਹਾ ਅੱਗੇ ਦੱਸਿਆ ਕਿ ਗ੍ਰੀਨ ਬੈਲਟ, ਦੋਵੇਂ ਪਾਸੇ ਸਮਰਪਿਤ ਸਾਈਕਲ ਟ੍ਰੈਕ, ਨਹਿਰ ਦੇ ਨਾਲ ਦੋਹਰੀ ਸੜਕ, ਆਦਿ ਵਿਕਸਤ ਕੀਤੇ ਜਾ ਰਹੇ ਹਨ।