ਦਵਿੰਦਰ ਪਾਲ
ਚੰਡੀਗੜ੍ਹ, 17 ਦਸੰਬਰ
‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਸਰਕਾਰ ’ਤੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਫ਼ਤਵੇ ਨੂੰ ਪੈਰਾਂ ’ਚ ਰੋਲਣ ਦਾ ਦੋਸ਼ ਲਾਉਂਦਿਆਂ ਕਿਹਾ ਕਿ 2017 ’ਚ ਪੰਜਾਬ ਵਾਸੀਆਂ ਨਾਲ ਕੀਤੇ ਕਿਸੇ ਵੀ ਵਾਅਦੇ ’ਤੇ ਖ਼ਰੀ ਨਾ ਉਤਰਨ ਵਾਲੀ ਕਾਂਗਰਸ ਪਾਰਟੀ ਨੂੰ ਅੱਗੇ ਤੋਂ ਸੂਬਾ ਵਾਸੀਆਂ ਕੋਲੋਂ ਫ਼ਤਵਾ ਮੰਗਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਹੈ ਕਿਉਂਕਿ ਉਨ੍ਹਾਂ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਸੂਬੇ ਦੇ 75 ਫ਼ੀਸਦ ਵਸਨੀਕ ਸੜਕਾਂ, ਚੌਕ ਚੌਰਾਹਿਆਂ, ਟੈਂਕੀਆਂ ਤੇ ਟਾਵਰਾਂ ’ਤੇ ਧਰਨਾ ਲਾਈ ਬੈਠੇ ਹਨ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਭਗਵੰਤ ਮਾਨ ਨੇ ਕਿਹਾ, ‘ਕਾਂਗਰਸ ਦੇ ਕਾਟੋ-ਕਲੇਸ਼ ’ਚ ਪੰਜਾਬ ਦੇ ਲੋਕ ਪਿਸ ਰਹੇ ਹਨ। ਸਰਕਾਰ ਤਮਾਸ਼ਾ ਬਣ ਕੇ ਰਹਿ ਗਈ ਹੈ ਕਿਉਂਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਸੁਨੀਲ ਜਾਖੜ ਨਾਲ ਨਹੀਂ ਬਣਦੀ। ਸੁਨੀਲ ਜਾਖੜ ਦੀ ਪ੍ਰਤਾਪ ਸਿੰਘ ਬਾਜਵਾ ਨਾਲ ਨਹੀਂ ਬਣਦੀ। ਬਾਜਵਾ ਦੀ ਸੁਖਜਿੰਦਰ ਸਿੰਘ ਰੰਧਾਵਾ ਨਾਲ, ਰੰਧਾਵਾ ਦੀ ਨਵਜੋਤ ਸਿੰਘ ਸਿੱਧੂ ਨਾਲ ਨਹੀਂ ਬਣਦੀ ਤੇ ਨਵਜੋਤ ਸਿੱਧੂ ਦੀ ਕਿਸੇ ਨਾਲ ਵੀ ਨਹੀਂ ਬਣਦੀ।’ ਮਾਨ ਨੇ ਕਿਹਾ ਕਿ ਕਾਂਗਰਸ ਨੇ ਪੰਜਾਬ ਆਗੂਆਂ ’ਚ ਤਾਲਮੇਲ ਕਰਨ ਲਈ ਸੀਨੀਅਰ ਆਗੂ ਅੰਬਿਕਾ ਸੋਨੀ ਨੂੰ ਤਾਲਮੇਲ ਕਮੇਟੀ ਦੀ ਚੇਅਰਮੈਨ ਬਣਾਇਆ ਹੈ, ਪਰ ਕਾਂਰਗਸ ’ਚ ਨਾ ਤਾਲ ਹੈ ਅਤੇ ਨਾ ਮੇਲ ਹੈ। ਆਪਸ ਵਿੱਚ ਲੜ ਰਹੇ ਕਾਂਗਰਸੀ ਆਗੂ ਪੰਜਾਬ ਤੇ ਪੰਜਾਬ ਵਾਸੀਆਂ ਨੂੰ ਕੋਈ ਚੰਗਾ ਭਵਿੱਖ ਨਹੀਂ ਦੇ ਸਕਦੇ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਨਾਲ ਬੈਠਕਾਂ ਕਰਨ ਤੋਂ ਭੱਜ ਰਹੀ ਹੈ, ਤਰੀਕਾਂ ਬਦਲ ਰਹੀ ਹੈ ਕਿਉਂਕਿ ਕਾਂਗਰਸ ਨੇ ਆਪਣੇ ਵਾਅਦਿਆਂ ਅਨੁਸਾਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਕਿਸਾਨਾਂ-ਮਜ਼ਦੂਰਾਂ ਦੇ ਕਰਜ਼ਾ ਮੁਆਫ਼ੀ, ਘਰ-ਘਰ ਰੁਜ਼ਗਾਰ ਦੇਣ ਸਮੇਤ ਡਰੱਗ, ਰੇਤ, ਸ਼ਰਾਬ, ਕੇਬਲ, ਟਰਾਂਸਪੋਰਟ ਤੇ ਬਿਜਲੀ ਮਾਫੀਆ ਆਦਿ ਮਾਮਲਿਆਂ ’ਚ ਕੋਈ ਕਾਰਵਾਈ ਨਹੀਂ ਕੀਤੀ। ਭਗਵੰਤ ਮਾਨ ਨੇ ਕਿਹਾ ਕਿ ਮੁੱਖ ਮੰਤਰੀ ਚੰਨੀ ਕੋਲ ਜਦੋਂ ਅਧਿਆਪਕ ਪੱਕੇ ਕਰਨ ਦੀ ਦਰਖ਼ਾਸਤ ਲੈ ਕੇ ਜਾਂਦੇ ਹਨ ਤਾਂ ਚੰਨੀ ਕਹਿੰਦੇ ਹਨ, ‘ਹਮੇਂ ਤਾਂ ਆਪ ਕੱਚੇ ਮੁੱਖ ਮੰਤਰੀ ਹੋਆਂ, ਥੋਨੂੰ ਕਿਆ ਪੱਕੇ ਕਰਾਂ।’ ਮਾਨ ਨੇ ਕਿਹਾ ਕਿ ਕਾਂਗਰਸ ਸਰਕਾਰ ਵਿੱਚ ਦਫ਼ਤਰੀ ਪੱਧਰ ’ਤੇ ਫ਼ੈਸਲੇ ਲੈਣ ਤੇ ਲਾਗੂ ਕਰਨ ਦਾ ਕੰਮ ਕੋਈ ਨਹੀਂ ਕਰ ਰਿਹਾ।