ਇੰਫਾਲ/ਨਵੀਂ ਦਿੱਲੀ, 30 ਜੂਨ
ਮੁੱਖ ਅੰਸ਼
- ਮਲਬੇ ਹੇਠ 70 ਤੋਂ ਵੱਧ ਲੋਕਾਂ ਦੇ ਦੱਬੇ ਹੋਣ ਦਾ ਖਦਸ਼ਾ
- ਮੋਦੀ, ਸ਼ਾਹ ਅਤੇ ਰਾਹੁਲ ਨੇ ਘਟਨਾ ’ਤੇ ਦੁੱਖ ਪ੍ਰਗਟਾਇਆ
ਮਨੀਪੁਰ ਦੇ ਨੋਨੀ ਜ਼ਿਲ੍ਹੇ ’ਚ ਰੇਲਵੇ ਉਸਾਰੀ ਵਾਲੀ ਥਾਂ ’ਤੇ ਵੱਡੇ ਪੱਧਰ ’ਤੇ ਢਿੱਗਾਂ ਖਿਸਕਣ ਕਾਰਨ ਟੈਰੇਟੋਰੀਅਲ ਫੌਜ ਦੇ ਸੱਤ ਜਵਾਨਾਂ ਸਮੇਤ ਅੱਠ ਵਿਅਕਤੀਆਂ ਦੀ ਮੌਤ ਹੋ ਗਈ ਅਤੇ 70 ਤੋਂ ਵੱਧ ਲੋਕ ਲਾਪਤਾ ਹੋ ਗਏ ਹਨ। ਇਹ ਘਟਨਾ ਲੰਘੀ ਰਾਤ ਟੁਪੁਲ ਯਾਰਡ ਰੇਲਵੇ ਉਸਾਰੀ ਕੈਂਪ ਕੋਲ ਵਾਪਰੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਾਂਗਰਸ ਆਗੂ ਰਾਹੁਲ ਗਾਂਧੀ ਨੇ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਹੁਣ ਤੱਕ ਅੱਠ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਤੇ 72 ਦੇ ਕਰੀਬ ਵਿਅਕਤੀਆਂ ਦੇ ਮਲਬੇ ਹੇਠ ਫਸੇ ਹੋਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਬਚਾਅ ਕਾਰਜ ਜਾਰੀ ਹਨ। ਮਲਬੇ ਕਾਰਨ ਇਜੇਈ ਨਦੀ ਦਾ ਵਹਾਅ ਰੁਕ ਗਿਆ ਹੈ ਤੇ ਉੱਥੇ ਵੱਡੀ ਮਾਤਰਾ ਵਿੱਚ ਪਾਣੀ ਜਮ੍ਹਾਂ ਹੋ ਗਿਆ ਹੈ। ਇਸ ਕਾਰਨ ਹੇਠਲੇ ਇਲਾਕਿਆਂ ਦੇ ਡੁੱਬਣ ਦਾ ਖਤਰਾ ਬਣ ਗਿਆ ਹੈ। ਨੋਨੀ ਦੇ ਡਿਪਟੀ ਕਮਿਸ਼ਨਰ ਨੇ ਚਿਤਾਵਨੀ ਦਿੰਦਿਆਂ ਕਿਹਾ, ‘ਟੁਪੁਲ ਯਾਰਡ ਰੇਲਵੇ ਉਸਾਰੀ ਕੈਂਪ ’ਤੇ ਢਿੱਗਾਂ ਖਿਸਕਣ ਕਾਰਨ ਦਰਜਨਾਂ ਲੋਕ ਮਲਬੇ ਹੇਠ ਦਬ ਗਏ ਹਨ। ਇਜੇਈ ਨਦੀ ਦਾ ਵਹਾਅ ਵੀ ਮਲਬੇ ਕਾਰਨ ਰੁਕ ਗਿਆ ਹੈ ਤੇ ਉੱਥੇ ਪਾਣੀ ਡੈਮ ਦੀ ਤਰ੍ਹਾਂ ਇਕੱਠ ਹੋ ਗਿਆ ਹੈ ਜਿਸ ਕਾਰਨ ਜ਼ਿਲ੍ਹੇ ਦੇ ਹੇਠਲੇ ਇਲਾਕਿਆਂ ਨੂੰ ਖਤਰਾ ਖੜ੍ਹਾ ਹੋ ਗਿਆ।’ ਉਨ੍ਹਾਂ ਆਮ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ।
ਇਸੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਨੇ ਮਨੀਪੁਰ ਦੇ ਮੁੱਖ ਮੰਤਰੀ ਐੱਨ ਬਿਰੇਨ ਸਿੰਘ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਬਚਾਅ ਕਾਰਜਾਂ ਦੀ ਸਮੀਖਿਆ ਕਰਦਿਆਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸ਼ਾਹ ਨੇ ਕਿਹਾ ਕਿ ਐੱਨਡੀਆਰਐੱਫ ਦੀ ਇਕ ਟੀਮ ਮੌਕੇ ’ਤੇ ਪਹੁੰਚ ਚੁੱਕੀ ਹੈ ਜਦਕਿ ਦੋ ਟੀਮਾਂ ਜਲਦੀ ਹੀ ਪਹੁੰਚ ਜਾਣਗੀਆਂ। ਕਾਂਗਰਸ ਆਗੂ ਰਾਹੁਲ ਗਾਂਧੀ ਨੇ ਵੀ ਇਸ ਘਟਨਾ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨਾਲ ਹਮਦਰਦੀ ਜ਼ਾਹਿਰ ਕੀਤੀ ਹੈ। ਮੁੱਖ ਮੰਤਰੀ ਨੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਲਈ 5-5 ਲੱਖ ਰੁਪਏ ਤੇ ਜ਼ਖ਼ਮੀਆਂ ਲਈ 50 ਹਜ਼ਾਰ ਰੁਪਏ ਦੇ ਮੁਆਵਜ਼ੇ ਦਾ ਐਲਾਨ ਕੀਤਾ ਹੈ। ਇਸੇ ਦੌਰਾਨ ਰਾਹਤ ਤੇ ਬਚਾਅ ਕਾਰਜਾਂ ’ਚ ਮਦਦ ਲਈ ਐੱਨਡੀਆਰਐੱਫ ਦੀਆਂ ਦੋ ਹੋਰ ਟੀਮਾਂ ਮੌਕੇ ’ਤੇ ਰਵਾਨਾ ਹੋ ਗਈਆਂ ਹਨ। -ਪੀਟੀਆਈ
ਅਸਾਮ ਵਿੱਚ ਹੜ੍ਹ ਕਾਰਨ 31 ਲੱਖ ਲੋਕ ਪ੍ਰਭਾਵਿਤ
ਗੁਹਾਟੀ: ਅਸਾਮ ਵਿੱਚ ਹੜ੍ਹ ਕਾਰਨ ਸਥਿਤੀ ਬਦਤਰ ਬਣੀ ਹੋਈ ਹੈ। ਪਿਛਲੇ ਚੌਵੀਂ ਘੰਟਿਆਂ ਦੌਰਾਨ ਸੂਬੇ ਵਿੱਚ 12 ਮੌਤਾਂ ਹੋਈਆਂ, ਜਦਕਿ 31 ਲੱਖ ਲੋਕ ਪ੍ਰਭਾਵਿਤ ਹੋਏ ਹਨ। ਇੱਕ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਚਾਰ ਦੇ ਸਿਲਚਰ ਸ਼ਹਿਰ ਵਿੱਚ ਪਿਛਲੇ ਗਿਆਰਾਂ ਦਿਨਾਂ ਤੋਂ ਪਾਣੀ ਭਰਿਆ ਹੋਇਆ ਹੈ। ਸੂਬੇ ਵਿੱਚ ਇਸ ਸਾਲ ਹੜ੍ਹਾਂ ਅਤੇ ਢਿੱਗਾਂ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 151 ਹੋ ਗਈ ਹੈ। ਬੇਕੀ, ਕੋਪੀਲੀ, ਬਰਾਕ ਅਤੇ ਕੁਸ਼ੀਆਰਾ ਵਿੱਚ ਬ੍ਰਹਮਪੁੱਤਰਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀ ਹੈ। ਇਸੇ ਤਰ੍ਹਾਂ ਕਈ ਹੋਰ ਦਰਿਆਵਾਂ ਵਿੱਚ ਵੀ ਪਾਣੀ ਦਾ ਪੱਧਰ ਵਧਿਆ ਹੋਇਆ ਹੈ। ਅਸਾਮ ਦੇ ਮੁੱਖ ਮੰਤਰੀ ਹੇਮੰਤਾ ਬਿਸਵਾ ਸਰਮਾ ਨੇ ਅੱਜ ਵੱਖ ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਵਰਚੁਅਲੀ ਮੀਟਿੰਗ ਕਰਦਿਆਂ ਰਾਹਤ ਅਤੇ ਬਚਾਅ ਕਾਰਜ ਜਾਰੀ ਰੱਖਣ ਅਤੇ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਲਈ ਜ਼ਰੂਰੀ ਕਦਮ ਚੁੱਕਣ ਦੇ ਆਦੇਸ਼ ਦਿੱਤੇ। -ਪੀਟੀਆਈ
ਉੱਤਰ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਵਿੱਚ ਅਲਰਟ ਜਾਰੀ
ਬਿਜਨੌਰ (ਉੱਤਰ ਪ੍ਰਦੇਸ਼): ਉੱਤਰਾਖੰਡ ਦੇ ਰਾਮਗੰਗਾ ਦਰਿਆ ਵਿੱਚ ਆਉਣ ਵਾਲੇ ਦਿਨੀਂ ਪਾਣੀ ਦਾ ਪੱਧਰ ਵਧਣ ਦੀ ਸੰਭਾਵਨਾ ਦੇ ਮੱਦੇਨਜ਼ਰ ਕਾਲਾਗੜ੍ਹ ਡੈਮ ਦੇ ਅਧਿਕਾਰੀਆਂ ਨੇ ਉੱਤਰ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਵਿੱਚ ਚਿਤਾਵਨੀ ਜਾਰੀ ਕਰ ਦਿੱਤੀ ਹੈ। ਉੱਤਰ ਪ੍ਰਦੇਸ਼ ਦੇ ਸੱਤ ਜ਼ਿਲ੍ਹਿਆਂ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੁਰੰਤ ਇਲਾਕਾ ਖਾਲੀ ਕਰਵਾਉਣ ਲਈ ਕਿਹਾ ਗਿਆ ਹੈ। ਪਹਾੜਾਂ ਵਿੱਚ ਭਾਰੀ ਮੀਂਹ ਕਾਰਨ ਡੈਮ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ। ਡੈਮ ਵਿੱਚ ਪਾਣੀ ਦਾ ਪੱਧਰ 355 ਮੀਟਰ ਤੱਕ ਪੁੱਜਣ ਮਗਰੋਂ ਪਾਣੀ ਛੱਡਣਾ ਪਵੇਗਾ, ਜਿਸ ਕਾਰਨ ਯੂਪੀ ਦੇ ਸੱਤ ਜ਼ਿਲ੍ਹਿਆਂ ਦੇ ਡੁੱਬਣ ਦੀ ਸੰਭਾਵਨਾ ਹੈ। ਉੱਤਰ ਪ੍ਰਦੇਸ਼ ਦੇ ਜਿਨ੍ਹਾਂ ਜ਼ਿਲ੍ਹਿਆਂ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ, ਉਨ੍ਹਾਂ ਵਿੱਚ ਬਿਜਨੌਰ, ਮੁਰਾਦਾਬਾਦ, ਅਮਰੋਹਾ, ਰਾਮਪੁਰ, ਬਰੇਲੀ, ਸ਼ਾਹਜਹਾਂਪੁਰ ਅਤੇ ਫਾਰੂੁਖਾਬਾਦ ਸ਼ਾਮਲ ਹਨ। ਸਰਕਾਰੀ ਸੂਤਰਾਂ ਅਨੁਸਾਰ ਸਬੰਧਤ ਜ਼ਿਲ੍ਹਿਆਂ ਦੇ ਅਧਿਕਾਰੀਆਂ ਨੂੰ ਇਸ ਸਬੰਧੀ ਪੱਤਰ ਜਾਰੀ ਕਰ ਦਿੱਤਾ ਗਿਆ ਹੈ। -ਪੀਟੀਆਈ