ਰਮੇਸ਼ ਭਾਰਦਵਾਜ
ਲਹਿਰਾਗਾਗਾ, 24 ਸਤੰਬਰ
ਇਥੇ ਅੱਜ ਬੀਕੇਯੂ ਏਕਤਾ ਉਗਰਾਹਾਂ ਦੇ ਜਰਨਲ ਸਕੱਤਰ ਬਹਾਦਰ ਸਿੰਘ ਭੁਟਾਲ ਖੁਰਦ ਦੀ ਅਗਵਾਈ ’ਚ ਸੰਯੁਕਤ ਕਿਸਾਨ ਮੋਰਚੇ ਦੇ 27 ਨੂੰ ਭਾਰਤ ਬੰਦ ਦੇ ਸੱਦੇ ਨੂੰ ਸਫਲ ਕਰਨ ਲਈ ਅਨਾਜ ਮੰਡੀ ’ਚ ਨੌਜਵਾਨਾਂ ਨੇ ਮੋਟਰਸਾਈਕਲ ਮਾਰਚ ਕੱਢਕੇ ਸ਼ਹਿਰ ਵਾਸੀਆਂ ਅਤੇ ਦੁਕਾਨਦਾਰ ਭਾਈਚਾਰੇ ਨੂੰ ਸਾਥ ਦੇਣ ਦੀ ਅਪੀਲ ਕੀਤੀ । ਉਨ੍ਹਾਂ ਮੰਡੀ ਦੇ ਮੁੱਖ ਮੰਦਰ ਚੌਕ ਅਤੇ ਰਾਮੇਂ ਵਾਲੀ ਖੂਹੀ ਚੌਕ ’ਤੇ ਲੋਕਾਂ ਨੂੰ ਕਿਹਾ ਕਿ ਮੋਦੀ ਹਕੂਮਤ ਵੱਲੋਂ ਲਿਆਂਦੇ ਖੇਤੀਬਾੜੀ ਵਿਰੋਧੀ ਕਾਨੂੰਨ ਸਿਰਫ਼ ਕਿਸਾਨਾਂ ਮਜ਼ਦੂਰਾਂ ਵਾਸਤੇ ਹੀ ਮਾਰੂ ਨਹੀਂ ਹਨ। ਇਹ ਕਾਨੂੰਨ ਹਰ ਵਿਅਕਤੀ ਲਈ ਘਾਤਕ ਸਾਬਤ ਹੋਣਗੇ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨੂੰ ਅਪੀਲ ਕੀਤੀ ਕਿ ਉਹ 27 ਸਤੰਬਰ ਨੂੰ ਸਵੇਰੇ 6 ਤੋਂ ਸ਼ਾਮ 4 ਵਜੇ ਤੱਕ ਆਪਣੀਆਂ ਦੁਕਾਨਾਂ ਬੰਦ ਕਰਕੇ ਕਿਸਾਨਾਂ ਦਾ ਸਾਥ ਦੇਣ।
ਭਵਾਨੀਗੜ੍ਹ(ਮੇਜਰ ਸਿੰਘ ਮੱਟਰਾਂ): 27 ਸਤੰਬਰ ਨੂੰ ਦਿੱਤੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠ ਅੱਜ ਵਿਸ਼ਾਲ ਮੋਟਰਸਾਈਕਲ ਮਾਰਚ ਕੱਢਿਆ ਗਿਆ। ਇਹ ਮਾਰਚ ਪਿੰਡ ਘਰਾਚੋਂ ਤੋਂ ਸ਼ੁਰੂ ਹੋ ਕੇ ਭਵਾਨੀਗੜ੍ਹ ਬਜਾਰਾਂ ਵਿੱਚੋਂ ਹੁੰਦਾ ਹੋਇਆ ਟੌਲ ਪਲਾਜ਼ਾ ਕਾਲਾਝਾੜ ਵਿਖੇ ਸਮਾਪਤ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਆਗੂ ਜਗਤਾਰ ਸਿੰਘ ਕਾਲਾਝਾੜ, ਬਲਾਕ ਪ੍ਰਧਾਨ ਅਜੈਬ ਸਿੰਘ ਲੱਖੇਵਾਲ,ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ,ਹਰਜਿੰਦਰ ਸਿੰਘ ਘਰਾਚੋਂ ਅਤੇ ਪ੍ਰਗਟ ਸਿੰਘ ਮੱਟਰਾਂ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਮੋਦੀ ਸਰਕਾਰ ਤੇ ਖੱਟਰ ਸਰਕਾਰ ਵੱਲੋਂ ਕਿਸਾਨਾਂ ਉੱਤੇ ਕੀਤਾ ਜਾ ਰਿਹਾ ਤਸ਼ੱਦਦ ਲੋਕਾਂ ਵਿੱਚ ਦਹਿਸ਼ਤ ਦੀ ਥਾਂ ਰੋਹ ਪੈਦਾ ਕਰ ਰਿਹਾ ਹੈ।
ਬਰਨਾਲਾ(ਪਰਸ਼ੋਤਮ ਬੱਲੀ): ਖੇਤੀ ਕਾਨੂੰਨਾਂ ਖਿਲਾਫ਼ ਕਿਸਾਨੀ ਅੰਦੋਲਨ ਨੂੰ ਹੋਰ ਹੁਲਾਰਾ ਦੇਣ ਲਈ ਉਲੀਕੇ 27 ਦੇ ‘ਭਾਰਤ ਬੰਦ’, 28 ਦੀ ਸੂਬਾ ਪੱਧਰੀ ‘ਸਾਮਰਾਜ ਵਿਰੋਧੀ ਬਰਨਾਲਾ ਰੈਲੀ ਤੇ ਦਿੱਲੀ ਵਿਖੇ ਟਿਕਰੀ ਬਾਰਡਰ ‘ਤੇ ਆਮਦ ਵਧਾਉਣ ਜਿਹੇ ਆਪਣੇ ਪ੍ਰੋਗਰਾਮਾਂ ਦੀ ਸਫਲਤਾ ਹਿਤ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਦੀ ਜ਼ਿਲ੍ਹਾ ਤੇ ਬਲਾਕ ਬਰਨਾਲਾ ਇਕਾਈ ਵੱਲੋਂ ਜੋਸ਼ੀਲਾ ਮੋਟਰਸਾਈਕਲ ਮਾਰਚ ਕੱਢਿਆ ਗਿਆ।
ਸਵੇਰੇ ਕਰੀਬ 11 ਵਜੇ ਮੰਡੀ ਧਨੌਲਾ ਤੋਂ ਸੈਂਕੜੇ ਨੌਜਵਾਨ ਮੋਟਰਸਾਇਕਲਾਂ ’ਤੇ ਮੋਦੀ ਸਰਕਾਰ ਤੇ ਖੇਤੀ ਕਾਨੂੰਨਾਂ ਖਿਲਾਫ਼ ਨਾਅਰੇ ਬੁਲੰਦ ਕਰਦੇ ਹੋਏ ਨਿਕਲੇ। ਮਾਰਚ ਪੂਰੇ ਜੋਸ਼ੀਲੇ ਜਲੌਅ ਨੲਲ ਜ਼ਾਬਤਾਵੱਧ ਤਰੀਕੇ ਨਾਲ ਕਚਬੇ ਹੰਡਿਆਇਆ ਤੋਂ ਹੁੰਦਾ ਹੋਇਆ ਬਾਅਦ ਦੁਪਿਹਰ ਕਰੀਬ ਇੱਕ ਵਜੇ ਬਰਨਾਲਾ ਦੀ ਹਦੂਦ ‘ਚ ਪ੍ਰਵੇਸ਼ ਕੀਤਾ। ਸ਼ਹਿਰ ਦੇ ਬਾਜ਼ਾਰਾਂ ਵਿੱਚੋਂ ਦੀ ਬੁਲਾਰੇ ਬਲੌਰ ਸਿੰਘ ਛੰਨਾਂ,ਕ੍ਰਿਸ਼ਨ ਸਿੰਘ,ਜਰਨੈਲ ਸਿੰਘ ਬਦਰਾ,ਬਲਵਿੰਦਰ ਸਿੰਘ, ਰੂਪ ਸਿੰਘ ਧੌਲਾ,ਦਰਸ਼ਨ ਸਿੰਘ ਭੈਣੀ ਆਦਿ ਸ਼ਹਿਰ ਵਾਸੀਆਂ/ਵਪਾਰੀਆਂ/ਦੁਕਾਨਦਾਰਾਂ/ਰੇਹੜੀ-ਫ਼ੜ੍ਹੀ ਵਾਲਿਆਂ ਨੂੰ ਖੇਤੀ ਕਾਨੂੰਨਾਂ ਦੀ ਮਾਰ ਉਨ੍ਹਾਂ ਵਰਗਾਂ ‘ਤੇ ਵੀ ਪੈਣ ਸੰਬੰਧੀ ਜਾਗਰੂਕ ਕਰਦਿਆਂ 27 ਦੇ ‘ਭਾਰਤ ਬੰਦ’ ਸਮੇਤ ਸਮੁੱਚੇ ਅੰਦੋਲਨ ਦਾ ਸਰਗਰਮ ਹਿੱਸਾ ਬਨਣ ਦਾ ਸੱਦਾ ਦਿੰਦੇ ਅੱਗੇ ਵਧੇ। ਇਸ ਮੌਕੇ ਕਮਲਜੀਤ ਕੌਰ ਬਰਨਾਲਾ,ਅਮਰਜੀਤ ਕੌਰ ਬਡਬਰ, ਮੇਘ ਰਾਜ,ਸੁਖਚੈਨ ਸਿੰਘ,ਰਾਜ ਕੌਰ ਕੋਟਦੁੱਨਾਂ,ਲਖਵੀਰ ਕੌਰ ਧਨੌਲਾ ਮੱਖਣ ਹਰੀਗੜ੍ਹ,ਮਨੀ ਰੂੜੇਕੇ ਤੇ ਨਰਿਪਜੀਤ ਬਡਬਰ ਨੇ ਸੰਬੋਧਨ ਕੀਤਾ।
ਧੂਰੀ(ਹਰਦੀਪ ਸਿੰਘ ਸੋਢੀ): ਨੇੜਲੇ ਪਿੰਡ ਲੱਡਾ ਟੌਲ ਪਲਾਜ਼ਾ ਕੋਲ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਲਾਇਆ ਧਰਨਾ ਹਰਬੰਸ ਸਿੰਘ ਲੱਡਾ ਦੀ ਅਗਵਾਈ ਵਿੱਚ 358ਵੇਂ ਦਿਨ ਵੀ ਜਾਰੀ ਰਿਹਾ। ਉਨ੍ਹਾਂ ਕਿਹਾ 27 ਸਤੰਬਰ ਦੇ ਭਾਰਤ ਬੰਦ ਨੂੰ ਸਫਲ ਬਣਾਉਣ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ।
ਦੂਸਰੇ ਪਾਸੇ ਸਯੁੰਕਤ ਕਿਸਾਨ ਮੋਰਚੇ ਵੱਲੋਂ ਸ਼ਹਿਰ ਅੰਦਰ ਵੱਖ-ਵੱਖ ਬਜ਼ਾਰਾਂ ਵਿੱਚ ਮੋਟਰਸਾਈਕਲ, ਸਕੂਟਰਾਂ ਤੇ ਕਾਰਾਂ ਉੱਪਰ ਪ੍ਰਦਰਸ਼ਨ ਕੀਤਾ ਗਿਆ ਤੇ ਸ਼ਹਿਰ ਦੀਆਂ ਜਥੇਬੰਦੀਆਂ, ਵਪਾਰ ਮੰਡਲ, ਤੋਂ ਇਲਾਵਾ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਾਰਤ ਬੰਦ ਨੂੰ ਸਫਲ ਬਣਾਉਣ। ਇਸ ਮੌਕੇ ਗੁਰਜੀਤ ਸਿੰਘ ਲੱਡਾ, ਸੁਖਜੀਤ ਸਿੰਘ ਲੱਡਾ, ਖੁਸ਼ਵੰਤ ਸਿੰਘ, ਜਸਪਾਲ ਸਿੰਘ , ਹਰਬੰਸ ਸਿੰਘ ਪੇਧਨੀ, ਹਰਬੰਸ ਸਿੰਘ ,ਰਾਮ ਸਿੰਘ ਕੱਕੜਵਾਲ, ਗੁਰਦੇਵ ਘਨੋਰ, ਗੁਰਜੀਤ ਸਿੰਘ ਲੱਡਾ, ਕਰਮਜੀਤ ਕੌਰ, ਕਰਨੈਲ ਸਿੰਘ ਧੂਰੀ ਹੋਰ ਆਗੂ ਹਾਜ਼ਰ ਸਨ।