ਪੱਤਰ ਪ੍ਰੇਰਕ
ਮੌੜ ਮੰਡੀ, 18 ਅਕਤੂਬਰ
ਲੇਖਕ ਮੰਚ ਮੌੜ ਅਤੇ ਦਸਮੇਸ਼ ਸਪੋਰਟਸ ਕਲੱਬ ਵੱਲੋਂ ਪੰਜਾਬੀ ਯੂਨੀਵਰਸਿਟੀ ਨੇਬਰਹੁੱਡ ਕੈਂਪਸ ਮੌੜ ਦੇ ਸਹਿਯੋਗ ਨਾਲ ਕਰਵਾਇਆ ਚਾਰ ਰੋਜ਼ਾ ਪੁਸਤਕ ਮੇਲਾ ਅੱਜ ਸਮਾਪਤ ਹੋ ਗਿਆ। ਪੁਸਤਕ ਮੇਲੇ ਵਿੱਚ ਇਲਾਕੇ ਦੇ ਸਾਹਿਤ ਪ੍ਰੇਮੀਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ।
ਜਾਣਕਾਰੀ ਮੁਤਾਬਿਕ ਮੇਲੇ ਵਿੱਚ ਦੋ ਦਰਜਨ ਤੋਂ ਵੱਧ ਪ੍ਰਕਾਸ਼ਨਾਂ ਵੱਲੋਂ ਆਪਣੀਆਂ ਪੁਸਤਕ ਪ੍ਰਦਰਸ਼ਨੀਆਂ ਲਗਾਉਣ ਤੋਂ ਇਲਾਵਾ ਵਿਰਾਸਤੀ ਪ੍ਰਦਰਸ਼ਨੀਆਂ ਨੇ ਚਾਰੇ ਦਿਨ ਮੇਲੇ ਦੀ ਰੌਣਕ ਵਿੱਚ ਵਾਧਾ ਕੀਤਾ। ਮੇਲੇ ਦੇ ਪ੍ਰਬੰਧਕ ਭੁਪਿੰਦਰ ਸਿੰਘ ਮਾਨ ਨੇ ਦੱਸਿਆ ਕਿ ਮੇਲੇ ’ਚ ਚਾਰੇ ਦਿਨ ਕਵੀਆਂ, ਨਾਟਕ, ਰੂ-ਬ-ਰੂ ਅਤੇ ਸੰਗੀਤਕ ਧੁਨਾਂ ਨੇ ਗੂੜ੍ਹਾ ਰੰਗ ਭਰ ਦਿੱਤਾ। ਮੇਲੇ ਦੇ ਪਹਿਲੇ ਦਿਨ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਡਾਇਰੈਕਟਰ ਵੱਲੋਂ ਉਦਘਾਟਨ ਕਰਕੇ ਕਰਵਾਈ, ਜਦਕਿ ਪੰਜਾਬੀ ਯੂਨੀਵਰਸਿਟੀ ਕੈਂਪਸ ਮੌੜ ਦੇ ਪ੍ਰਿੰਸੀਪਲ ਮਾਈਕਲ ਖਿੰਦੋ ਨੇ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰੀ। ਤਿੰਨ ਕੌਮੀ ਪੁਰਸਕਾਰ ਪ੍ਰਾਪਤ ਸਰਪੰਚ ਸੈਸ਼ਨਦੀਪ ਕੌਰ ਸਿੱਧੂ ਨਾਲ ਰੂ-ਬ-ਰੂ ਕਰਨ ਉਪਰੰਤ ਪੂਰਾ ਦਿਨ ਪੰਜਾਬ ਭਰ ਤੋਂ ਪੁੱਜੇ ਕਵੀਆਂ ਨੇ ਕਵੀ ਦਰਬਾਰ ਲਗਾਇਆ ਜਿਸ ਦੀ ਪ੍ਰਧਾਨਗੀ ਪ੍ਰਸਿਧ ਕਵੀ ਸੁਰਿੰਦਰਪ੍ਰੀਤ ਘਣੀਆ, ਵਰਿੰਦਰ ਔਲਖ ਨੇ ਕੀਤੀ। ਮੰਚ ਸੰਚਾਲਨ ਸੁਖਰਾਜ ਮੰਡੀ ਕਲਾਂ ਤੇ ਪ੍ਰਦੀਪ ਮਹਿਤਾ ਨੇ ਕੀਤਾ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਦੇ ਅਖੀਰ ਵਿੱਚ ਕਹਾਣੀਕਾਰ ਅਨੇਮਨ ਸਿੰਘ ਨੂੰ ਪ੍ਰਬੰਧਕੀ ਟੀਮ ਵੱਲੋਂ ਨਕਦ ਰਾਸ਼ੀ ਅਤੇ ਟਰਾਫੀ ਦੇਕੇ ਸਨਮਾਨਿਤ ਕੀਤਾ ਗਿਆ। ਚਾਰੇ ਦਿਨ ਮੇਲੇ ਦੀ ਰੌਣਕ ਬਣੀਆਂ ਪ੍ਰਦਰਸ਼ਨੀਆਂ ਲਗਾਉਣ ਵਾਲੇ ਪੁਸਤਕ ਵਿਕਰੇਤਾ ਨੂੰ ਮੁੱਖ ਮਹਿਮਾਨ ਮੁਖਤਿਆਰ ਸਿੰਘ ਢਿੱਲੋਂ ਵੱਲੋਂ ਯਾਦਗਾਰੀ ਸਨਮਾਨ ਚਿੰਨ੍ਹ ਭੇਟ ਕੀਤੇ ਗਏ। ਇਸ ਦੌਰਾਨ ਸਰਪੰਚ ਸੈਸ਼ਨਦੀਪ ਦਾ ਪ੍ਰਬੰਧਕਾਂ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਚਾਰ ਰੋਜ਼ਾ ਪੁਸਤਕ ਮੇਲਾ ਦੌਰਾਨ ਇਲਾਕੇ ਭਰ ’ਚੋਂ ਪੁਸਤਕ ਪ੍ਰੇਮੀਆਂ ਨੇ ਪੁਸਤਕਾਂ ਦੀ ਖਰੀਦ ਕਰਨ ਦੇ ਨਾਲ ਨਾਲ ਸ਼ਹਿਦ, ਮੂਲ ਅਨਾਜ ਅਤੇ ਵਿਰਾਸਤੀ ਪ੍ਰਦਰਸ਼ਨੀਆਂ ਤੋਂ ਵੀ ਖਰੀਦ ਕੀਤੀ।