ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ, 2 ਫਰਵਰੀ
ਪਿੰਡ ਲੇਲੇਵਾਲਾ ਦੀ ਪੰਚਾਇਤ ਨੇ ਕਿਸਾਨ ਯੂਨੀਅਨ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਵੱਡਾ ਇਕੱਠ ਕਰ ਕੇ ਕਿਸਾਨੀ ਸੰਘਰਸ਼ ਦੇ ਹੱਕ ਵਿੱਚ ਮਤਾ ਪਾਇਆ। ਮਹਿਲਾ ਸਰਪੰਚ ਮਾਤਾ ਮੁਖਤਿਆਰ ਕੌਰ ਦੇ ਪੁੱਤਰ ਰਾਜ ਸਿੰਘ, ਕਿਸਾਨ ਆਗੂ ਗੁਰਮੇਲ ਸਿੰਘ ਤੇ ਗੁਰਦੀਪ ਸਿੰਘ ਤੂਰ ਨੇ ਦੱਸਿਆ ਕਿ ਦਿੱਲੀ ਕਿਸਾਨ ਮੋਰਚੇ ਨੂੰ ਮਜ਼ਬੂਤ ਕਰਨ ਲਈ ਪਾਸ ਕੀਤੇ ਮਤੇ ਵਿੱਚ ਪਿੰਡ ਦੇ ਹਰ ਵਾਰਡ ਮੁਤਾਬਕ ਜਥੇ ਭੇਜਣ ਦਾ ਫ਼ੈਸਲਾ ਕੀਤਾ ਗਿਆ ਹੈ ਤੇ ਹਰ ਘਰ ਦਾ ਵਿਅਕਤੀ ਸੰਘਰਸ਼ ਵਿੱਚ ਪਹੁੰਚਣਾ ਲਾਜ਼ਮੀ ਹੈ। ਪਿੰਡ ਜੱਜਲ, ਨਥੇਹਾ ਤੇ ਨੰਗਲਾ ਦੀਆਂ ਪੰਚਾਇਤਾਂ ਨੇ ਵੀ ਮਤੇ ਪਾ ਕੇ ਹਰ ਘਰ ਵਿੱਚੋਂ ਇੱਕ ਵਿਅਕਤੀ ਦੇ ਦਿੱਲੀ ਮੋਰਚੇ ਵਿੱਚ ਜਾਣਾ ਲਾਜ਼ਮੀ ਕੀਤਾ ਗਿਆ ਹੈ।
ਰੂੜੇਕੇ ਕਲਾਂ (ਅੰਮ੍ਰਿਤਪਾਲ ਧਾਲੀਵਾਲ): ਪਿੰਡ ਪੱਖੋ ਕਲਾਂ, ਕਾਹਨੇਕੇ, ਭੈਣੀ ਫੱਤਾ, ਧੂਰਕੋਟ, ਫਤਹਿਗੜ੍ਹ ਛੰਨਾ, ਮਹਿਤਾ, ਤਾਜੋ ਅਤੇ ਰੂੜੇਕੇ ਕਲਾਂ ਦੀਆਂ ਪੰਚਾਇਤਾਂ ਵੱਲੋਂ ਦਿੱਲੀ ਮੋਰਚੇ ਵਿੱਚ ਕਿਸਾਨਾਂ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਮਤੇ ਪਾਏ ਗਏ। ਇਨ੍ਹਾਂ ਪਿੰਡਾਂ ਦੇ ਮਤਿਆਂ ਵਿੱਚ ਦਿੱਲੀ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਨਾ ਜਾਣ ਵਾਲੇ ਕਿਸਾਨਾਂ ਲਈ ਸਰਬਸੰਮਤੀ ਨਾਲ ਜੁਰਮਾਨੇ ਦੀ ਵਿਵਸਥਾ ਰੱਖੀ ਗਈ ਹੈ ਪਰ ਅੱਜ ਪਿੰਡ ਰੂੜੇਕੇ ਕਲਾਂ ਵਿੱਚ ਰੱਖੇ ਇਕੱਠ ਦੌਰਾਨ ਪਾਏ ਗਏ ਮਤੇ ਵਿੱਚ ਜੁਰਮਾਨੇ ਦੀ ਵਿਵਸਥਾ ਨਹੀਂ ਰੱਖੀ ਗਈ। ਪਿੰਡ ਰੂੜੇਕੇ ਕਲਾਂ ਦੇ ਪੰਚਾਇਤ ਘਰ ਵਿੱਚ ਇਕੱਤਰ ਹੋਏ ਸੈਂਕੜੇ ਕਿਸਾਨਾਂ ਤੇ ਗ੍ਰਾਮ ਪੰਚਾਇਤ ਨੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਕਿ ਜੇਕਰ ਕੋਈ ਕਿਸਾਨ ਦਿੱਲੀ ਨਹੀਂ ਜਾਵੇਗਾ ਤਾਂ ਉਸ ਦਾ ਪੰਚਾਇਤ ਜਾ ਨੰਬਰਦਾਰ ਵੱਲੋਂ ਭਵਿੱਖ ਵਿੱਚ ਕਿਸੇ ਵੀ ਪ੍ਰਕਾਰ ਦਾ ਸਾਥ ਨਹੀਂ ਦਿੱਤਾ ਜਾਵੇਗਾ।
ਭੁੱਚੋ ਮੰਡੀ (ਪਵਨ ਗੋਇਲ): ਪਿੰਡ ਲਹਿਰਾ ਖਾਨਾ ਦੀ ਪੰਚਾਇਤ ਨੇ ਹਰ ਵਿਅਕਤੀ ਦਾ ਦਿੱਲੀ ਜਾਣਾ ਲਾਜ਼ਮੀ ਬਣਾਉਣ ਸਬੰਧੀ ਮਤਾ ਪਾਇਆ। ਸਰਪੰਚ ਜਗਜੀਤ ਸਿੰਘ ਅਤੇ ਕਲੱਬ ਪ੍ਰਧਾਨ ਹਰਵੀਰ ਸਿੰਘ ਨੇ ਪਿੰਡ ਦੀਆਂ ਸਾਬਕਾ ਤੇ ਪੰਚਾਇਤਾਂ, ਸੰਸਥਾਵਾਂ ਅਤੇ ਮੋਹਤਬਰਾਂ ਦੇ ਦਸਤਖਤਾਂ ਵਾਲੀ ਸੂਚੀ ਜਾਰੀ ਕਰਦਿਆਂ ਦੱਸਿਆ ਕਿ ਮਤੇ ਵਿੱਚ ਹਰ ਘਰ ਦੇ ਇੱਕ ਵਿਅਕਤੀ ਨੂੰ ਸੱਤ ਦਿਨਾਂ ਲਈ ਦਿੱਲੀ ਸੰਘਰਸ਼ ਵਿੱਚ ਜਾਣਾ ਹੋਵੇਗਾ।
ਸ਼ਹਿਣਾ (ਪ੍ਰਮੋਦ ਕੁਮਾਰ ਸਿੰਗਲਾ): ਪਿੰਡ ਭਗਤਪੁਰਾ ਵਿੱਚ ਸਰਪੰਚ ਅੰਗਰੇਜ਼ ਸਿੰਘ ਦੀ ਹਾਜ਼ਰੀ ’ਚ ਮਤਾ ਪਾ ਕੇ ਕਿਸਾਨੀ ਸੰਘਰਸ਼ ਵਿੱਚ ਹਰ ਹਫ਼ਤੇ 10 ਵਿਅਕਤੀ ਲਿਜਾਣ ’ਤੇ ਸਹਿਮਤੀ ਬਣਾਈ ਗਈ। ਮਤੇ ਮੁਤਾਬਕ ਹਰ ਘਰ ’ਚੋਂ ਇੱਕ ਵਿਅਕਤੀ ਨੂੰ ਖੇਤੀ ਸੰਘਰਸ਼ ’ਚ ਦਿੱਲੀ ਜਾਣਾ ਹੋਵੇਗਾ ਤੇ ਦਿੱਲੀ ਨਾ ਜਾਣ ਵਾਲੇ ਪਰਿਵਾਰ ਨੂੰ 300 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਅੱਠ ਦਿਨਾਂ ਦਾ 2400 ਰੁਪਏ ਦੇਣਾ ਪਵੇਗਾ। ਪੰਚਾਇਤੀ ਮਤੇ ਦੀ ਉਲੰਘਣਾ ਕਰਨ ਵਾਲੇ ਨੂੰ ਬਾਈਕਾਟ ਦਾ ਸਾਹਮਣਾ ਕਰਨਾ ਪਵੇਗਾ। ਪਿੰਡ ਸੰਧੂ ਕਲਾਂ ’ਚ ਵੀ ਅਜਿਹੇ ਹੀ ਮਤੇ ਪਾਏ ਗਏ।
ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਫੂਕੇ
ਮੋਗਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਬੀਕੇਯੂ ਏਕਤਾ ਉਗਰਾਹਾਂ ਜਥੇਬੰਦੀ ਵੱਲੋਂ ਮੋਦੀ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਪੂਤਲੇ ਫੂਕੇ ਗਏ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨਾਂ ਦੇ ਇਲਾਵਾ ਔਰਤਾਂ ਨੇ ਵੀ ਸ਼ਿਰਕਤ ਕੀਤੀ। ਜਥੇਬੰਦੀ ਦੇ ਆਗੂ ਬਲੌਰ ਸਿੰਘ ਘਾਲੀ ਤੇ ਗੁਰਮੀਤ ਸਿੰਘ ਕਿਸ਼ਨਪੁਰਾ ਤੇ ਹੋਰਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਨੂੰ ਚੱਲਦਿਆਂ ਕਰੀਬ 6 ਮਹੀਨੇ ਹੋ ਗਏ ਹਨ ਜਿਸ ਦੌਰਾਨ ਕਈ ਕਿਸਾਨ ਸ਼ਹੀਦ ਹੋ ਚੁੱਕੇ ਹਨ ਪਰ ਮੋਦੀ ਸਰਕਾਰ ਖੇਤੀ ਵਿਰੋਧੀ ਕਾਨੂੰਨ ਵਾਪਸ ਲੈਣ ਨੂੰ ਤਿਆਰ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੰਘਰਸ਼ ਵਿੱਚ ਵਿਘਨ ਪਾਉਣ ਲਈ ਮੋਦੀ ਸਰਕਾਰ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ ਪਰ ਇਸ ਸਭ ਦੇ ਬਾਵਜੂਦ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਆਗੂਆਂ ਨੇ ਉਨ੍ਹਾਂ ਕਿਸਾਨਾਂ ਦੀ ਪ੍ਰਸ਼ੰਸਾ ਕੀਤੀ ਜੋ ਸਰਕਾਰ ਦੇ ਦਬਾਅ ਵਿੱਚ ਆਏ ਬਿਨਾਂ ਆਪਣੇ ਧਰਨੇ ’ਤੇ ਡਟੇ ਹੋਏ ਹਨ।