ਜਸਬੀਰ ਸ਼ੇਤਰਾ
ਜਗਰਾਉਂ, 3 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਕਿਸਾਨ ਸੰਘਰਸ਼ ਦੀ ਮਜ਼ਬੂਤੀ ਅਤੇ ਵਿਸ਼ਾਲਤਾ ਲਈ ਜਗਰਾਉਂ ਬਲਾਕ ਦੇ ਪਿੰਡਾਂ ਵਿੱਚ ਅੱਜ ਤੋਂ ਜਨਤਕ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ। ਬਲਾਕ ਸਕੱਤਰ ਜਗਤਾਰ ਸਿੰਘ ਦੇਹੜਕਾ ਦੀ ਅਗਵਾਈ ਵਿੱਚ ਅੱਜ ਪਿੰਡ ਭੰਮੀਪੁਰਾ, ਬੱਸੂਵਾਲ, ਲੰਮੇ, ਚੀਮਾ, ਰਣਧੀਰਗੜ੍ਹ ਵਿੱਚ ਮਰਦ-ਔਰਤਾਂ ਦੀਆਂ ਮੀਟਿੰਗਾਂ ਕਰਵਾਈਆਂ ਗਈਆਂ। ਮੀਟਿੰਗਾਂ ਨੂੰ ਜਥੇਬੰਦੀ ਦੇ ਨੌਜਵਾਨ ਆਗੂ ਗੁਰਪ੍ਰੀਤ ਸਿੰਘ ਸਿੱਧਵਾਂ ਕਲਾਂ, ਕੰਵਲਜੀਤ ਖੰਨਾ, ਤਰਸੇਮ ਸਿੰਘ ਬੱਸੂਵਾਲ, ਮਨਦੀਪ ਸਿੰਘ ਭੰਮੀਪੁਰਾ, ਰਾਜਿੰਦਰ ਸਿੰਘ ਚੀਮਾ, ਮਨਜਿੰਦਰ ਸਿੰਘ ਜੱਟਪੁਰਾ, ਡਾ. ਬੇਅੰਤ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦਿੱਲੀ ਸੰਘਰਸ਼ ਨੇ ਪੂਰੇ ਦੇਸ਼ ਦੇ ਕਿਸਾਨਾਂ ਨੂੰ ਇਕਜੁੱਟ ਕਰਕੇ ਵੱਡੀ ਪ੍ਰਾਪਤੀ ਕੀਤੀ ਹੈ। ਉਨ੍ਹਾਂ ਕਿਸਾਨ ਭੈਣਾਂ ਭਰਾਵਾਂ ਨੂੰ ਮੋਦੀ ਹਕੂਮਤ ਖ਼ਿਲਾਫ਼ ਆਪਣਾ ਸੰਘਰਸ਼ ਜਿੱਤ ਤੱਕ ਲੈ ਕੇ ਜਾਣ ਲਈ ਪੂਰੀ ਸਿਆਣਪ, ਦਲੇਰੀ, ਸਬਰ ਨਾਲ ਇਸ ਜ਼ਿੰਦਗੀ ਮੌਤ ਦੀ ਲੜਾਈ ਨੂੰ ਜਾਰੀ ਰੱਖਣ ਦਾ ਸੱਦਾ ਦਿੱਤਾ। ਉਨ੍ਹਾਂ ਕਿਸਾਨਾਂ ਮਜ਼ਦੂਰਾਂ ਨੂੰ 5 ਅਪਰੈਲ ਨੂੰ ਜਗਰਾਉਂ ਐੱਫਸੀਆਈ ਦਫ਼ਤਰ ਨੂੰ ਘੇਰਨ ਲਈ 10.30 ਵਜੇ ਰੇਲਵੇ ਪਾਰਕ ਜਗਰਾਉਂ ਵਿੱਚ ਪੁੱਜਣ ਦੀ ਅਪੀਲ ਕੀਤੀ।
ਉਧਰ ਚੌਕੀਮਾਨ ਟੌਲ ਪਲਾਜ਼ਾ ’ਤੇ ਅੱਜ ਧਰਨਾ 186ਵੇਂ ਦਿਨ ਵੀ ਜਾਰੀ ਰਿਹਾ ਅਤੇ ਇਸ ’ਚ ਕਿਸਾਨ ਮਜ਼ਦੂਰ ਆਗੂਆਂ ਨੇ ਕਿਸਾਨ ਆਗੂ ਰਾਕੇਸ਼ ਟਿਕੈਤ ’ਤੇ ਹਮਲੇ ਦੀ ਜ਼ੋਰਦਾਰ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਭਾਜਪਾ ਦੇ ਗੁੰਡੇ ਕਿਸਾਨ ਆਗੂਆਂ ਅਤੇ ਲੋਕਾਂ ਦੇ ਹੌਸਲੇ ਪਸਤ ਨਹੀਂ ਕਰ ਸਕਦੇ। ਮੋਦੀ ਹਕੂਮਤ ਅਤੇ ਭਾਜਪਾ ਫਾਸ਼ੀਵਾਦੀ ਮਨਸੂਬਿਆਂ ਅਤੇ ਹੱਲਿਆਂ ਰਾਹੀਂ ਕਿਸਾਨਾਂ ’ਚ ਦਹਿਸ਼ਤ ਪੈਦਾ ਕਰਨਾ ਚਾਹੁੰਦੀ ਹੈ। ਇਸ ਸੋਚੀ ਸਮਝੀ ਸਾਜ਼ਿਸ਼ ਤਹਿਤ ਹੀ ਪਹਿਲਾਂ ਗੋਦੀ ਮੀਡੀਆ ਅਤੇ ਸੋਸ਼ਲ ਮੀਡੀਆ ’ਤੇ ਭੱਦੀ ਸ਼ਬਦਾਵਲੀ ਵਰਤੀ ਜਾਂਦੀ ਹੈ। ਬਾਅਦ ’ਚ ਆਪਣੇ ਗੁੰਡੇ ਭੇਜ ਕੇ ਹਮਲੇ ਕਰਵਾਏ ਜਾ ਰਹੇ ਹਨ। ਇਕੱਤਰਤਾ ਨੂੰ ਪੇਂਡੂ ਮਜਦੂਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ, ਆਤਮਾ ਸਿੰਘ ਬੋਪਾਰਾਏ, ਦਸਮੇਸ਼ ਕਿਸਾਨ ਮਜਦੂਰ ਯੂਨੀਅਨ ਦੇ ਆਗੂ ਸਤਨਾਮ ਸਿੰਘ ਮੋਰਕਰੀਮਾਂ, ਸੂਬੇਦਾਰ ਦਵਿੰਦਰ ਸਿੰਘ, ਜਰਨੈਲ ਸਿੰਘ, ਜਸਬੀਰ ਸਿੰਘ ਬੱਦੋਵਾਲ, ਅਜਮੇਰ ਸਿੰਘ ਤਲਵੰਡੀ ਆਦਿ ਨੇ ਸੰਬੋਧਨ ਕੀਤਾ।
ਇਸੇ ਤਰ੍ਹਾਂ ਜਗਰਾਉਂ ਰੇਲਵੇ ਪਾਰਕ ’ਚ ਚੱਲ ਰਿਹਾ ਕਿਸਾਨ ਸੰਘਰਸ਼ ਮੋਰਚਾ ਅੱਜ 185ਵੇਂ ਦਿਨ ’ਚ ਦਾਖਲ ਹੋਇਆ।