ਪੱਤਰ ਪ੍ਰੇਰਕ
ਭੁੱਚੋ ਮੰਡੀ, 2 ਫਰਵਰੀ
ਬੀਕੇਯੂ ਏਕਤਾ ਉਗਰਾਹਾਂ ਵੱਲੋਂ ਖੇਤੀ ਕਾਨੂੰਨਾਂ ਵਿਰੁੱਧ ਲਹਿਰਾ ਬੇਗਾ ਟੌਲ ਪਲਾਜ਼ਾ ਅਤੇ ਬੈਸਟ ਪ੍ਰਾਈਸ ਮਾਲ ਅੱਗੇ ਚੱਲ ਰਹੇ ਮੋਰਚੇ ਅੱਜ 125ਵੇਂ ਦਿਨ ਵੀ ਜਾਰੀ ਰਹੇ। ਟੌਲ ਪਲਾਜ਼ਾ ’ਤੇ ਕਿਸਾਨ ਆਗੂ ਮੋਠੂ ਸਿੰਘ ਕੋਟੜਾ, ਦਰਸ਼ਨ ਸਿੰਘ ਅਤੇ ਬੈਸਟ ਪ੍ਰਾਈਸ ਮੋਰਚੇ ਵਿੱਚ ਮੰਦਰ ਸਿੰਘ, ਗੁਰਮੇਲ ਨਥਾਣਾ ਅਤੇ ਬਲਤੇਜ ਸਿੰਘ ਨੇ ਕਿਹਾ ਕਿ ਕਿਸਾਨ ਸ਼ਾਂਤਮਈ ਅੰਦੋਲਨ ਕਰ ਰਹੇ ਹਨ, ਪਰ ਕੇਂਦਰ ਸਰਕਾਰ ਅਤੇ ਗੋਦੀ ਮੀਡੀਆ ਕਿਸਾਨ ਅੰਦੋਲਨ ਨੂੰ ਬਦਨਾਮ ਅਤੇ ਖ਼ਤਮ ਕਰਨ ਦੀਆਂ ਚਾਲਾਂ ਚੱਲ ਰਹੇ ਹਨ। ਉਨ੍ਹਾਂ ਕਿਸਾਨਾਂ ਨੂੰ ਇਸ ਸਬੰਧੀ ਸੁਚੇਤ ਕੀਤਾ ਅਤੇ 6 ਫਰਵਰੀ ਦੇ ਜਾਮ ਵਿੱਚ ਵੱਡੀ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ।
ਮਹਿਲ ਕਲਾਂ (ਨਵਕਿਰਨ ਸਿੰਘ): ਖੇਤੀ ਕਾਨੰਨਾਂ ਖਿਲਾਫ਼ ਮਹਿਲ ਕਲਾਂ ਵਿੱਚ ਪੱਕਾ ਕਿਸਾਨ ਮੋਰਚਾ ਜਾਰੀ ਹੈ। ਅੱਜ ਮੋਰਚੇ ਨੂੰ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਜ਼ਿਲ੍ਹਾ ਜਨਰਲ ਸਕੱਤਰ ਮਲਕੀਤ ਸਿੰਘ ਮਹਿਲ ਕਲਾਂ ਤੇ ਭਾਗ ਸਿੰਘ ਕੁਰੜ ਆਦਿ ਨੇ ਸੰਬੋਧਨ ਕੀਤਾ। ਇਸੇ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਬਰਨਾਲਾ-ਲੁਧਿਆਣਾ ਮੁੱਖ ਮਾਰਗ ’ਤੇ ਰਿਲਾਇੰਸ ਪੈਟਰੋਲ ਪੰਪ ਅੱਗੇ ਪੱਕਾ ਕਿਸਾਨ ਮੋਰਚਾ ਜਾਰੀ ਹੈ। ਇਸ ਮੋਰਚੇ ਨੂੰ ਬੁੱਕਣ ਸਿੰਘ ਸੱਦੋਵਾਲ, ਕੁਲਜੀਤ ਸਿੰਘ ਵਜੀਦਕੇ ਤੇ ਜੱਜ ਸਿੰਘ ਨੇ ਸੰਬੋਧਨ ਕੀਤਾ।
ਬਰਨਾਲਾ (ਪਰਸ਼ੋਤਮ ਬੱਲੀ): ਰੇਲਵੇ ਸਟੇਸ਼ਨ ਬਰਨਾਲਾ ’ਤੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਉਣ ਲਈ ਚੱਲ ਰਿਹਾ ਸਾਂਝਾ ਕਿਸਾਨ ਸੰਘਰਸ਼ 125ਵੇਂ ਦਿਨ ਵਿੱਚ ਦਾਖਲ ਹੋ ਗਿਆ| ਅੱਜ ਸਾਹਿਬ ਸਿੰਘ ਬਡਬਰ, ਕੁੁਲਵਿੰਦਰ ਸਿੰਘ ਉੱਪਲੀ, ਕਰਨੈਲ ਸਿੰਘ ਗਾਂਧੀ ਗੁੁਰਚਰਨ ਸਿੰਘ, ਧਰਮਪਾਲ ਕੌਰ, ਜਸਪਾਲ ਕੌਰ, ਅਮਰਜੀਤ ਕੌਰ, ਜਸਪਾਲ ਚੀਮਾ, ਦਰਸ਼ਨ ਚੀਮਾ, ਹਰਚਰਨ ਚੰਨਾ, ਯਾਦਵਿੰਦਰ ਸਿੰਘ ਚੌਹਾਣਕੇ, ਮਾ. ਨਿਰੰਜਣ ਸਿੰਘ ਠਕਿਰੀਵਾਲ ਤੇ ਮੇਲਾ ਸਿੰਘ ਕੱਟੂ ਨੇ ਸੰਬੋਧਨ ਕਰਦਿਆਂ ਬਜਟ ਬਾਰੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕਰਦਿਆਂ ਇਸ ਨੂੰ ਕਿਸਾਨ ਤੇ ਲੋਕ ਵਿਰੋਧੀ ਕਰਾਰ ਦਿੱਤਾ। ਸੰਯੁੁਕਤ ਕਿਸਾਨ ਮੋਰਚੇ ਵੱਲੋਂ ਸਾਂਝੇ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਦਿਆਂ 6 ਫਰਵਰੀ ਨੂੰ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਸੜਕ ਤੇ ਰੇਲ ਜਾਮ ਮੁੁਕੰਮਲ ਰੂਪ ਵਿੱਚ ਜਾਮ ਕਰਨ ਲਈ ਹੁੁਣੇ ਤੋਂ ਪਿੰਡਾਂ ’ਚ ਲਾਮਬੰਦੀ ਲਈ ਜੁੁਟ ਜਾਣ ਦਾ ਸੱਦਾ ਦਿੱਤਾ ਗਿਆ| ਭੁੱਖ ਹੜਤਾਲ ਦੀ ਕਮਾਨ ਉੱਪਲੀ ਦੀਆਂ ਕਿਸਾਨ ਔਰਤਾਂ ਨੇ ਸੰਭਾਲੀ| ਰਿਲਾਇੰਸ ਮਾਲ ’ਤੇ ਧਰਨਾ ਜਾਰੀ ਰਿਹਾ
ਬੁਢਲਾਡਾ (ਪੱਤਰ ਪ੍ਰੇਰਕ): ‘ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੀ ਗਈ ਖੇਤੀ ਕਾਨੂੰਨਾਂ ਖ਼ਿਲਾਫ਼ ਲੜਾਈ ਦੇਸ਼ ਵਿੱਚ ਨਵੀਂ ਸਵੇਰ ਲਿਆਵੇਗੀ ਜਿਸ ਦੇ ਆਉਣ ਨਾਲ ਇੱਕ ਨਵੇਂ ਦੌਰ ਦਾ ਆਰੰਭ ਹੋਵੇਗਾ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇੱਥੋਂ ਦੇ ਰਿਲਾਇੰਸ ਪੈਟਰੋਲ ਪੰਪ ’ਤੇ ਜਾਰੀ 32 ਕਿਸਾਨ ਜਥੇਬੰਦੀਆਂ ਦੇ ਸਾਂਝੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਐਡਵੋਕੇਟ ਸਵਰਨਜੀਤ ਸਿੰਘ ਦਲਿਓਂ, ਕਾਮਰੇਡ ਹਰਦਿਆਲ ਸਿੰਘ ਦਾਤੇਵਾਸ, ਦਰਸ਼ਨ ਸਿੰਘ ਗੁਰਨੇਕਲਾਂ ਤੇ ਹਰਿੰਦਰ ਸਿੰਘ ਸੋਢੀ ਨੇ ਕੀਤਾ। ਇਸ ਮੌਕੇ ਕਿਸਾਨਾਂ ਨੇ ਬੁਢਲਾਡਾ ਤੋਂ ਦਿੱਲੀ ਨੂੰ ਜਾਂਦੀਆਂ ਮੇਲ ਗੱਡੀਆਂ ਦੇ ਰੋਹਤਕ ਤੋਂ ਰੂਟ ਬਦਲਣ ਦੀ ਨਿਖੇਧੀ ਕੀਤੀ।
ਰਸਦ ਅਤੇ ਹੋਰ ਸਮੱਗਰੀ ਭੇਜੀ
ਲੰਬੀ: ਮੰਡੀ ਕਿੱਲਿਆਂਵਾਲੀ ਤੋਂ ਰਵਾਨਾ ਹੋਏ ਕਿਸਾਨ ਕਾਫ਼ਲੇ ਦੇ ਨਾਲ ਪਿੰਡ ਘੁਮਿਆਰਾ ਵੱਲੋਂ 100 ਕਿੱਲੋ ਗ਼ਜ਼ਰੇਲਾ ਕਿਸਾਨਾਂ ਲਈ ਭੇਜਿਆ ਗਿਆ। ਪਿੰਡ ਸਿੱਖਵਾਲਾ ਵਿੱਚੋਂ ਲੱਕੜਾਂ ਦੀ ਇੱਕ ਟਰਾਲੀ ਕਿਸਾਨ ਮੋਰਚੇ ਲਈ ਭੇਜੀ ਹੈ। ਪਿੰਡ ਫਤੂਹੀਖੇੜਾ ਨੇ ਖੰਡ ਅਤੇ ਆਟੇ ਦਾ ਯੋਗਦਾਨ ਪਾਇਆ ਹੈ। ਮਹਿਣਾ ਵੱਲੋਂ ਬਲਾਕ ਦੇ ਕਿਸਾਨੀ ਲੰਗਰ ਲਈ 250 ਪੇਟੀ ਪਾਣੀ, 12 ਗੱਟੇ ਖੰਡ, 30 ਗੱਟੇ ਆਟਾ, 4 ਬੋਰੀਆਂ ਪਿਆਜ, 3 ਬੋਰੀਆਂ ਆਲੂ, 15ਕਿੱਲੋ ਚਾਹ ਪੱਤੀ, 20 ਕਿਲੋ ਮੂੰਗੀ ਦਾਲ ਸਮੇਤ ਵੱਡੀ ਹੋਰ ਰਸਦ ਵੀ ਭੇਜੀ ਹੈ। -ਪੱਤਰ ਪ੍ਰੇਰਕ