ਗੁਰਿੰਦਰ ਸਿੰਘ
ਲੁਧਿਆਣਾ, 3 ਅਪਰੈਲ
ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਬੁਲਾਰੇ ਅਤੇ ਵਿਸ਼ਵ ਪ੍ਰਸਿੱਧ ਮੁਸਲਿਮ ਵਿਦਵਾਨ ਮੌਲਾਨਾ ਖਲੀਲ ਉਰ ਰਹਿਮਾਨ ਸੱਜਾਦ ਨੋਮਾਨੀ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਆਪਣੀਆਂ ਮਨਮਾਨੀਆਂ ’ਤੇ ਪਰਦਾ ਪਾਉਣ ਲਈ ਲੋਕਾਂ ਨੂੰ ਵੰਡਣ ਦੀ ਘਟੀਆ ਸਿਆਸਤ ਖੇਡ ਰਹੀ ਹੈ, ਜੋ ਦੇਸ਼ ਦੇ ਭਵਿੱਖ ਲਈ ਚਿੰਤਾ ਦਾ ਵਿਸ਼ਾ ਹੈ। ਉਹ ਅੱਜ ਜਾਮਾ ਮਸਜਿਦ ਵਿੱਚ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਸਾਨੀ ਲੁਧਿਆਣਵੀ ਦੀ ਦੇਖ ਰੇਖ ਹੇਠ ਹੋਏ ਸਮਾਗਮ ਉਪਰੰਤ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਜਨਤਕ ਖੇਤਰ ਦੇ ਅਦਾਰਿਆਂ ਨੂੰ ਨਿੱਜੀ ਹੱਥਾਂ ਵਿੱਚ ਸੌਂਪ ਕੇ ਮੁੜ ਈਸਟ ਇੰਡੀਆ ਕੰਪਨੀ ਨੂੰ ਦੇਸ਼ ਵਿੱਚ ਦਾਖਲੇ ਦਾ ਸੱਦਾ ਦਿੱਤਾ ਜਾ ਰਿਹਾ ਹੈ। ਇਸ ਮੌਕੇ ਬਾਬਾ ਸਾਹਿਬ ਬੀਆਰ ਅੰਬੇਡਕਰ ਦੇ ਪੜਪੋਤਰੇ ਰਾਜ ਰਤਨ ਅੰਬੇਡਕਰ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੇ ਜਾ ਰਹੇ ਫ਼ੈਸਲੇ ਇਸ ਗੱਲ ਦਾ ਸਬੂਤ ਹਨ ਕਿ ਸੱਤਾ ’ਤੇ ਕਾਬਜ਼ ਲੋਕ ਸੰਵਿਧਾਨ ਦੇ ਮੂਲ ਰੂਪ ਨੂੰ ਆਪਣੇ ਮੁਤਾਬਕ ਢਾਲਣਾ ਚਾਹੁੰਦੇ ਹਨ। ਇਸ ਮੌਕੇ ਸ਼ਾਹੀ ਇਮਾਮ ਮੌਲਾਨਾ ਹਬੀਬੁਰ ਰਹਿਮਾਨ ਸਾਨੀ ਲੁਧਿਆਣਵੀ ਨੇ ਮੌਲਾਨਾ ਖਲੀਲ ਉਰ ਰਹਿਮਾਨ ਸੱਜਾਦ ਨੋਮਾਨੀ ਅਤੇ ਰਾਜ ਰਤਨ ਅੰਬੇਡਕਰ ਦਾ ਸਨਮਾਨ ਕੀਤਾ।