ਗਗਨਦੀਪ ਅਰੋੜਾ
ਲੁਧਿਆਣਾ, 17 ਦਸੰਬਰ
ਖੇਤੀ ਕਾਨੂੰਨ ਰੱਦ ਹੋਣ ਮਗਰੋਂ ਭਾਵੇਂ ਕਿਸਾਨਾਂ ਨੇ ਟੌਲ ਪਲਾਜ਼ਿਆਂ ’ਤੇ ਲਾਏ ਪੱਕੇ ਮੋਰਚੇ ਚੁੱਕ ਲਏ ਹਨ ਪਰ ਹਾਲੇ ਵੀ ਕਿਸਾਨ ਟੌਲ ਪਰਚੀ ਵਿੱਚ ਕੀਤੇ ਗਏ ਅਥਾਹ ਵਾਧੇ ਕਾਰਨ ਟੌਲ ਪਲਾਜ਼ੇ ਖੋਲ੍ਹਣ ਨਹੀਂ ਦੇ ਰਹੇ। ਲਾਡੋਵਾਲ ਟੌਲ ਪਲਾਜ਼ਾ ’ਤੇ ਅੱਜ ਦੂਜੇ ਦਿਨ ਜਦੋਂ ਕੰਪਨੀ ਦੇ ਮੁਲਾਜ਼ਮਾਂ ਨੇ ਲੋਕਾਂ ਤੋਂ ਗੱਡੀਆਂ ’ਤੇ ਪਰਚੀ ਫੀਸ ਵਸੂਲਣੀ ਸ਼ੁਰੂ ਕੀਤੀ ਤਾਂ ਪਤਾ ਲੱਗਦਿਆਂ ਹੀ ਕਿਸਾਨ ਮੁੜ ਟੌਲ ਪਲਾਜ਼ੇ ’ਤੇ ਪੁੱਜ ਗਏ। ਕਿਸਾਨਾਂ ਨੇ ਟੌਲ ਪਲਾਜ਼ਾ ਬੰਦ ਕਰਵਾਉਂਦਿਆਂ ਕੰਪਨੀ ਨੂੰ ਚਿਤਾਵਨੀ ਦਿੱਤੀ ਕਿ ਮੁੜ ਟੌਲ ਪਲਾਜ਼ਾ ਖੋਲ੍ਹਣ ’ਤੇ ਕਿਸਾਨ ਇੱਥੇ ਪੱਕਾ ਮੋਰਚਾ ਲਗਾ ਦੇਣਗੇ। ਇਸੇ ਤਰ੍ਹਾਂ ਲੁਧਿਆਣਾ-ਫ਼ਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਤਿੰਨ ਖੇਤੀ ਕਾਨੂੰਨਾਂ ਖ਼ਿਲਾਫ਼ ਸਾਢੇ 14 ਮਹੀਨੇ ਚੱਲਿਆ ਕਿਸਾਨ ਮੋਰਚਾ ਜਿੱਤ ਦੇ ਜਸ਼ਨਾਂ ਨਾਲ ਖਤਮ ਕਰਨ ਮਗਰੋਂ ਮੁੜ ਲੱਗ ਗਿਆ ਹੈ। ਇਸ ਵਾਰ ਮੁੱਦਾ ਪੰਜਾਬ ’ਚ ਇਕ ਸਾਲ ਤੱਕ ਬੰਦ ਰਹੇ ਟੌਲ ਪਲਾਜ਼ਿਆਂ ’ਤੇ ਰੇਟ ਵਿੱਚ ਕੀਤਾ ਵਾਧਾ ਹੈ। ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ, ਕਾਮਾਗਾਟਾਮਾਰੂ ਯਾਦਗਾਰ ਕਮੇਟੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਇਸ ਧਰਨੇ ਦਾ ਸੱਦਾ ਦਿੱਤਾ, ਜਿਸ ਤਹਿਤ ਕਿਸਾਨ ਚੌਕੀਮਾਨ ਟੌਲ ’ਤੇ ਦੁਬਾਰਾ ਡਟ ਗਏ ਹਨ। ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਟੌਲ ਕੰਪਨੀਆਂ ਪੰਜਾਬ ਦੇ ਲੋਕਾਂ ਨਾਲ ਇਓਂ ਧੱਕਾ ਨਹੀਂ ਕਰ ਸਕਦੀਆਂ ਅਤੇ ਇਨ੍ਹਾਂ ਨੂੰ ਰੇਟ ਵਧਾ ਕੇ ਲੁੱਟ ਦੀ ਖੁੱਲ੍ਹ ਨਹੀਂ ਦਿੱਤੀ ਜਾ ਸਕਦੀ।
ਪੁਰਾਣੀਆਂ ਦਰਾਂ ਵਸੂਲਣ ਵਾਲਿਆਂ ਦਾ ਵਿਰੋਧ ਨਹੀਂ ਕਰਾਂਗੇ: ਰਾਜੇਵਾਲ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੂਬਾ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਇੱਥੇ ਇਤਿਹਾਸਕ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨ ਉਪਰੰਤ ਪੱਤਰਕਾਰਾਂ ਨਾਲ ਇੱਕ ਸੰਖੇਪ ਮਿਲਣੀ ਦੌਰਾਨ ਕਿਹਾ ਕਿ ਪੁਰਾਣੀਆਂ ਦਰਾਂ ’ਤੇ ਟੈਕਸ ਵਸੂਲਣ ਵਾਲੇ ਟੌਲ ਪਲਾਜ਼ਿਆਂ ਦਾ ਵਿਰੋਧ ਨਹੀਂ ਕੀਤਾ ਜਾਵੇਗਾ।