ਮੁਬੰਈ: ਬੌਲੀਵੁੱਡ ਅਦਾਕਾਰਾ ਤੇ ਪ੍ਰੋਡਿਊਸਰ ਅਨੁਸ਼ਕਾ ਸ਼ਰਮਾ ਕੋਲਕਾਤਾ ਦੇ ਈਡਨ ਗਾਰਡਨ ਕ੍ਰਿਕਟ ਸਟੇਡੀਅਮ ਵਿੱਚ ਆਪਣੀ ਆਉਣ ਵਾਲੀ ਫ਼ਿਲਮ ‘ਛਕੜਾ ਐਕਸਪ੍ਰੈੱਸ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫ਼ਿਲਮ ਵਿੱਚ ਅਨੁਸ਼ਕਾ ਭਾਰਤੀ ਕ੍ਰਿਕਟ ਖਿਡਾਰਨ ਝੂਲਨ ਗੋਸਵਾਮੀ ਦਾ ਨਿਰਦਾਰ ਨਿਭਾਏਗੀ। ਇਸ ਸਬੰਧੀ ਨਸ਼ਰ ਹੋਈਆਂ ਕੁਝ ਤਸਵੀਰਾਂ ਵਿੱਚ ਅਨੁਸ਼ਕਾ ਸ਼ਰਮਾ ਨੇ ਕ੍ਰਿਕਟ ਦੀ ਜਰਸੀ ਅਤੇ ਚਿੱਟੇ ਰੰਗ ਦੇ ਬੂਟ ਪਾਏ ਹੋਏ ਹਨ। ਝੂਲਨ ਗੋਸਵਾਮੀ ਨੇ ਕ੍ਰਿਕਟ ਵਿੱਚ ਆਪਣਾ ਲੋਹਾ ਮਨਵਾਇਆ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਰਹਿ ਚੁੱਕੀ ਹੈ ਅਤੇ ਉਹ ਦੇਸ਼ ਦੀਆਂ ਉਭਰਦੀਆਂ ਕ੍ਰਿਕਟ ਖਿਡਾਰਨਾਂ ਲਈ ਆਦਰਸ਼ ਹੈ। ਸਾਲ 2018 ਵਿੱਚ ਝੂਲਨ ਦੇ ਸਨਮਾਨ ਵਿੱਚ ਡਾਕ ਟਿਕਟ ਵੀ ਜਾਰੀ ਕੀਤੀ ਗਈ ਸੀ। ਕੌਮਾਂਤਰੀ ਮਹਿਲਾ ਕ੍ਰਿਕਟ ਵਿੱਚ ਸਭ ਤੋਂ ਵੱਧ ਵਿਕਟਾਂ ਲੈਣ ਦਾ ਵਿਸ਼ਵ ਰਿਕਾਰਡ ਵੀ ਝੂਲਨ ਦੇ ਨਾਮ ਹੈ। ਜਾਣਕਾਰੀ ਅਨੁਸਾਰ ਫ਼ਿਲਮ ‘ਛਕੜਾ ਐਕਸਪ੍ਰੈੱਸ’ ਦਾ ਨਿਰਦੇਸ਼ਕ ਪ੍ਰੋਸਿਤ ਰੌਏ ਹੈ। ਝੂਲਨ ਗੋਵਾਮੀ ਨੂੰ ਸਾਲ 2012 ਵਿੱਚ ਪਦਮਸ਼੍ਰੀ ਪੁਰਸਕਾਰ ਮਿਲਿਆ ਸੀ ਅਤੇ ਇਹ ਉਸ ਦੇ ਜੀਵਨ ਬਾਰੇ ਬਣਨ ਵਾਲੀ ਦੂਜੀ ਫ਼ਿਲਮ ਹੈ। ਇਸ ਫ਼ਿਲਮ ਰਾਹੀਂ ਅਨੁਸ਼ਕਾ ਸ਼ਰਮਾ ਵੱਡੇ ਪਰਦੇ ’ਤੇ ਚਾਰ ਸਾਲ ਬਾਅਦ ਵਾਪਸੀ ਕਰ ਰਹੀ ਹੈ। ਫ਼ਿਲਮ ‘ਛਕੜਾ ਐਕਸਪ੍ਰੈੱਸ’ ਭਾਰਤ ਅਤੇ ਯੂਕੇ ਵਿੱਚ ਫਿਲਮਾਈ ਗਈ ਹੈ, ਜਿਸ ਨੂੰ ‘ਕਲੀਨ ਸਲੇਟ ਫਿਲਮਜ਼’ ਵੱਲੋਂ ਪ੍ਰੋਡਿਊਸ ਕੀਤਾ ਜਾ ਰਿਹਾ ਹੈ। -ਆਈਏਐੱਨਐੱਸ