ਅਮਰਗੜ੍ਹ (ਪੱਤਰ ਪ੍ਰੇਰਕ): ਕਾਂਗਰਸ ਵਰਕਰਾਂ ਨੇ ਕਿਲਾ ਬਾਗੜੀਆਂ ਵਿਖੇ ਪ੍ਰੈਸ ਕਾਨਫਰੰਸ ਕਰਕੇ ਹਾਈ ਕਮਾਂਡ ਨੂੰ ਚਿਤਵਾਨੀ ਦਿੱਤੀ ਕਿ ਜੇਕਰ ਹਲਕਾ ਅਮਰਗੜ੍ਹ ਤੋਂ ਕੋਈ ਬਾਹਰਲਾ ਉਮੀਦਵਾਰ ਐਲਾਨਿਆ ਗਿਆ ਤਾਂ ਉਸ ਦਾ ਵਿਰੋਧ ਕੀਤਾ ਜਾਵੇਗਾ ਅਤੇ ਹਲਕੇ ਵਿਚੋਂ ਕਿਸੇ ਕਾਂਗਰਸ ਆਗੂ ਨੂੰ ਚੋਣ ਵੀ ਲੜਾਈ ਜਾਵੇਗੀ। ਇਸ ਮੌਕੇ ਭਾਈ ਨਰਪਤ ਸਿੰਘ ਬਾਗੜੀਆਂ, ਬੀਬਾ ਹਰਮਨ ਬਾਗੜੀਆਂ, ਸੀਨੀਅਰ ਆਗੂ ਸਤਿੰਦਰ ਸਿੰਘ ਸੇਹਕੇ, ਸਾਬਕਾ ਸਰਪੰਚ ਬਲਵਿੰਦਰ ਸਿੰਘ ਮੰਨਵੀਆਦਿ ਨੇ ਕਿਹਾ ਕਿ ਪਿਛਲੀ ਵਾਰ ਹਲਕੇ ਤੋਂ ਬਾਹਰਲੇ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਜਿਸ ਨੇ ਪੰਜ ਸਾਲ ਹਲਕੇ ਦੇ ਵਰਕਰਾਂ ਦੀ ਸਾਰ ਨਹੀਂ ਲਈ। ਆਗੂਆਂ ਨੇ ਦੋਸ਼ ਲਗਾਇਆ ਕਿ ਹਲਕਾ ਵਿਧਾਇਕ ਨੇ ਆਪਣੇ ਪੀਏ ਵੀ ਦਿੜ੍ਹਬਾ ਹਲਕੇ ਦੇ ਰੱਖੇ ਹੋਏ ਹਨ। ਆਗੂਆਂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਤਾਂ ਹਲਕਾ ਅਮਰਗੜ੍ਹ ਵਿਚੋਂ ਉਮੀਦਵਾਰ ਮਿਲ ਜਾਂਦੇ ਹਨ ਪਰ ਕਾਂਗਰਸ ਨੂੰ ਹਲਕੇ ਵਿਚੋਂ ਕੋਈ ਕਾਬਲ ਵਿਅਕਤੀ ਨਹੀਂ ਮਿਲਦਾ। ਇਹ ਹਲਕਾ ਕਾਂਗਰਸ ਨੇ ਲਾਵਾਰਸ ਬਣਾ ਕੇ ਰੱਖ ਦਿੱਤਾ ਹੈ। ਪਰ ਹੁਣ ਲੋਕ ਬਾਹਰਲੇ ਉਮਦਵਾਰ ਨੂੰ ਬਰਦਾਸ਼ਤ ਨਹੀਂ ਕਰਨਗੇ।