ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 30 ਮਈ
ਮੁੱਖ ਅੰਸ਼
- ਦਿੱਲੀ ਪੁਲੀਸ ਦਾ ਸਪੈਸ਼ਲ ਸੈੱਲ ਬਿਸ਼ਨੋਈ ਤੋਂ ਕਰ ਰਿਹੈ ਪੁੱਛ ਪੜਤਾਲ
- ਕਤਲ ਦੇ ਸਬੰਧ ਵਿੱਚ ਇੱਕ ਫੋਨ ਨੰਬਰ ਜੇਲ੍ਹ ਤੋਂ ਟਰੈਕ ਹੋਇਆ
ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ਼ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਰਚੀ ਗਈ ਹੋਣ ਦਾ ਸ਼ੱਕ ਹੈ ਕਿਉਂਕਿ ਗਾਇਕ ਦੇ ਕਤਲ ਦੇ ਸਬੰਧ ਵਿੱਚ ਇੱਕ ਫੋਨ ਨੰਬਰ ਨੂੰ ਜੇਲ੍ਹ ਤੋਂ ਟਰੈਕ ਕਰ ਲਿਆ ਗਿਆ ਹੈ। ਕੁਝ ਦਿਨ ਪਹਿਲਾਂ ਦਿੱਲੀ ਪੁਲੀਸ ਨੇ ਸ਼ਾਹਰੁਖ ਨਾਂ ਦੇ ਇਕ ਅਪਰਾਧੀ ਨੂੰ ਗ੍ਰਿਫ਼ਤਾਰ ਕੀਤਾ ਸੀ। ਉਹ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨਾਲ ਜੇਲ੍ਹ ਤੋਂ ਗੱਲਬਾਤ ਕਰਨ ਲਈ ਮੈਸੇਜਿੰਗ ਐਪ ਦੀ ਵਰਤੋਂ ਕਰਦਾ ਪਾਇਆ ਗਿਆ ਹੈ ਜਿਸ ਨੇ ਗਾਇਕ ਦੀ ਮੌਤ ਦੀ ਜ਼ਿੰਮੇਵਾਰੀ ਲਈ ਹੈ। ਗੋਲਡੀ ਬਰਾੜ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਹੈ। ਬਿਸ਼ਨੋਈ ਇਸ ਸਮੇਂ ਰਾਜਸਥਾਨ ਦੀ ਜੇਲ੍ਹ ਵਿੱਚ ਬੰਦ ਹੈ। ਆਪਣੇ ਕਥਿਤ ਫੇਸਬੁੱਕ ਪੇਜ ’ਤੇ ਇੱਕ ਪੋਸਟ ਵਿੱਚ, ਗੈਂਗਸਟਰ ਬਿਸ਼ਨੋਈ ਨੇ ਗਾਇਕ ਮੂਸੇਵਾਲਾ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਸੂਤਰਾਂ ਮੁਤਾਬਕ ਦਿੱਲੀ ਪੁਲੀਸ ਦਾ ਸਪੈਸ਼ਲ ਸੈੱਲ ਮੂਸੇਵਾਲਾ ਦੇ ਕਤਲ ਦੇ ਸਬੰਧ ਵਿੱਚ ਗੈਂਗਸਟਰ ਬਿਸ਼ਨੋਈ ਤੇ ਉਸ ਦੇ ਸਾਥੀਆਂ ਕਾਲਾ ਜਥੇੜੀ ਤੇ ਕਾਲਾ ਰਾਣਾ ਤੋਂ ਪੁੱਛ ਪੜਤਾਲ ਕਰ ਰਿਹਾ ਹੈ।
ਦਿੱਲੀ ਪੁਲੀਸ ਨੂੰ ਸ਼ੱਕ ਹੈ ਕਿ ਮੂਸੇਵਾਲਾ ਦਾ ਕਤਲ ਪਿਛਲੇ ਸਾਲ ਵਿਕਰਮਜੀਤ ਉਰਫ ਵਿੱਕੀ ਮਿੱਡੂਖੇੜਾ ਦੇ ਕਤਲ ਦੇ ਨਤੀਜੇ ਵਜੋਂ ਕੀਤਾ ਗਿਆ ਹੋ ਸਕਦਾ ਹੈ। ਦਿੱਲੀ ਪੁਲੀਸ ਦੇ ਸਪੈਸ਼ਲ ਸੈੱਲ ਮੁਤਾਬਕ ਮੂਸੇਵਾਲਾ ਤੇ ਉਸ ਦੇ ਮੈਨੇਜਰ ਸ਼ਗਨਪ੍ਰੀਤ ਦੋਵਾਂ ਦੇ ਨਾਂ ਪਿਛਲੇ ਸਾਲ ਅਗਸਤ ਵਿੱਚ ਵਿੱਕੀ ਦੇ ਕਤਲ ਦੇ ਮਾਮਲੇ ਵਿੱਚ ਸਾਹਮਣੇ ਆਏ ਸਨ। ਸਪੈਸ਼ਲ ਸੈੱਲ ਨੂੰ ਹਾਲ ’ਚ ਹੀ ਗੈਂਗਸਟਰ ਨੀਰਜ ਬਵਾਨੀਆ ਤੇ ਟਿੱਲੂ ਤਾਜਪੁਰੀਆ ਦੇ ਗੱਠਜੋੜ ਦਾ ਪਤਾ ਲੱਗਾ ਹੈ। ਬਵਾਨੀਆ ਅਤੇ ਤਾਜਪੁਰੀਆ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਵੱਖ-ਵੱਖ ਗੈਂਗਸਟਰਾਂ ਕੌਸ਼ਲ ਚੌਧਰੀ, ਦਵਿੰਦਰ ਭਾਂਬੀਆ ਅਤੇ ਲੱਕੀ ਪਟਿਆਲ ਨਾਲ ਮਿਲ ਕੇ ਕੰਮ ਕੀਤਾ। ਦਿੱਲੀ ਪੁਲੀਸ ਨੇ ਵਿੱਕੀ ਦੇ ਕਤਲ ਦੇ ਮਾਮਲੇ ਵਿੱਚ ਇਸ ਪੰਜ ਮੈਂਬਰੀ ਗਰੋਹ ਦੇ ਇੱਕ ਦਰਜਨ ਦੇ ਕਰੀਬ ਬਦਮਾਸ਼ਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਸ਼ਾਰਪ ਸ਼ੂਟਰ ਸੱਜਣ ਸਿੰਘ ਉਰਫ਼ ਭੋਲੂ, ਅਨਿਲ ਕੁਮਾਰ ਉਰਫ਼ ਲੱਠ ਅਤੇ ਅਜੇ ਕੁਮਾਰ ਉਰਫ਼ ਸੰਨੀ ਕੌਸ਼ਲ ਵਜੋਂ ਹੋਈ ਹੈ। ਪੁੱਛ ਪੜਤਾਲ ਦੌਰਾਨ ਗ੍ਰਿਫ਼ਤਾਰ ਤਿੰਨਾਂ ਨੇ ਵਿੱਕੀ ਮਿੱਡੂਖੇੜਾ ਕਤਲ ਕੇਸ ਵਿੱਚ ਮੂਸੇਵਾਲਾ ਅਤੇ ਉਸ ਦੇ ਮੈਨੇਜਰ ਦੀ ਸ਼ਮੂਲੀਅਤ ਬਾਰੇ ਖੁਲਾਸਾ ਕੀਤਾ ਸੀ। ਇਸ ਮਾਮਲੇ ਵਿੱਚ ਦਰਜ ਐੱਫਆਈਆਰ ਵਿੱਚ ਮੂਸੇਵਾਲਾ ਦੇ ਮੈਨੇਜਰ ਨੂੰ ਨਾਮਜ਼ਦ ਕੀਤਾ ਗਿਆ ਸੀ।
ਦਿੱਲੀ ਕੋਰਟ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਟੀਸ਼ਨ ’ਤੇ ਸੁਣਵਾਈ ਤੋਂ ਨਾਂਹ
ਨਵੀਂ ਦਿੱਲੀ: ਦਿੱਲੀ ਕੋਰਟ ਨੇ ਤਿਹਾੜ ਜੇਲ੍ਹ ਵਿੱਚ ਬੰਦ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਦਾਇਰ ਪਟੀਸ਼ਨ ’ਤੇ ਸੁਣਵਾਈ ਤੋਂ ਨਾਂਹ ਕਰ ਦਿੱਤੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਮੁਲਜ਼ਮ ਲਾਰੈਂਸ ਬਿਸ਼ਨੋਈ ਨੇ ਆਪਣੇ ਵਕੀਲ ਰਾਹੀਂ ਦਿੱਲੀ ਕੋਰਟ ਦਾ ਰੁਖ਼ ਕਰਦਿਆਂ ਮੰਗ ਕੀਤੀ ਸੀ ਕਿ ਉਸ ਨੂੰ ਕਿਸੇ ਹੋਰ ਸੂਬੇ ਦੀ ਪੁਲੀਸ ਹਵਾਲੇ ਨਾ ਕੀਤਾ ਜਾਵੇ, ਕਿਉਂਕਿ ਉਸ ਨੂੰ ਫ਼ਰਜ਼ੀ ਮੁਕਾਬਲੇ ਵਿੱਚ ਮਾਰਿਆ ਜਾ ਸਕਦਾ ਹੈ। ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ‘ਮੁਲਜ਼ਮ ਵਿਦਿਆਰਥੀ ਸਿਆਸੀ ਆਗੂ ਹੈ ਤੇ ਸਿਆਸੀ ਦੁਸ਼ਮਣੀ ਕਰਕੇ ਉਸ ਖਿਲਾਫ਼ ਪੰਜਾਬ ਤੇ ਚੰਡੀਗੜ੍ਹ ਵਿੱਚ ਕਈ ਝੂਠੇ ਕੇਸ ਦਰਜ ਹਨ ਤੇ ਮੁਲਜ਼ਮ ਨੂੰ ਅਜਿਹਾ ਖ਼ਦਸ਼ਾ ਹੈ ਕਿ ਪੰਜਾਬ ਪੁਲੀਸ ਉਸ ਨੂੰ ਫ਼ਰਜ਼ੀ ਮੁਕਾਬਲੇ ਵਿੱਚ ਮਾਰ ਸਕਦੀ ਹੈ।’ ਵਿਸ਼ੇਸ਼ ਐੱਨਆਈਏ ਕੋਰਟ ਵੱਲੋਂ ਪਟੀਸ਼ਨ ’ਤੇ ਕੋਈ ਹੁੁਕਮ ਪਾਸ ਕਰਨ ਤੋਂ ਨਾਂਹ ਕਰਨ ’ਤੇ ਬਿਸ਼ਨੋਈ ਦਿੱਲੀ ਹਾਈ ਕੋਰਟ ਵਿੱਚ ਦਸਤਕ ਦੇ ਸਕਦਾ ਹੈ। ਪੰਜਾਬ ਦੇ ਡੀਜੀਪੀ ਵੀ.ਕੇ.ਭਾਵਰਾ ਨੇ ਲੰਘੇ ਦਿਨ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਲਾਰੈਂਸ ਬਿਸ਼ਨੋਈ ਗਰੋਹ ਦਾ ਹੱਥ ਹੈ। ਲਾਰੈਂਸ ਬਿਸ਼ਨੋਈ ਜਥੇਬੰਦ ਅਪਰਾਧ ਕੇਸ ਵਿੱਚ ਸਖ਼ਤ ਮਕੋਕਾ ਕਾਨੂੰਨ ਤਹਿਤ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਬੰਦ ਹੈ। -ਪੀਟੀਆਈ