ਪੱਤਰ ਪ੍ਰੇਰਕ
ਕੁਰਾਲੀ, 4 ਨਵੰਬਰ
ਪੰਜਾਬੀ ਲਿਖਾਰੀ ਸਭਾ ਵਲੋਂ ਲੈਕਚਰਾਰ ਭੁਪਿੰਦਰ ਸਿੰਘ ਭਾਗੋਮਾਜਰਾ ਦੇ ਕਾਵਿ ਸੰਗ੍ਰਹਿ ‘ਨਾ ਵੇ ਸ਼ਾਸਕਾ’ ਉਤੇ ਗੋਸ਼ਟੀ ਕਰਵਾਈ ਗਈ। ਸਭਾ ਦੇ ਪ੍ਰਧਾਨ ਹਰਦੀਪ ਸਿੰਘ ਗਿੱਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ। ਵਿਸ਼ਵ ਪੰਜਾਬੀ ਪ੍ਰਚਾਰ ਸਭਾ ਚੰਡੀਗੜ੍ਹ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ ਨੇ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਸਭਾ ਦਾ ਆਗਾਜ਼ ਅਮਰਜੀਤ ਕੌਰ ਨੇ ਆਪਣੀ ਕਵਿਤਾ ‘ਮਾਂ ਬੋਲੀ’ ਰਾਹੀਂ ਕੀਤਾ। ਮਾਂ ਬੋਲੀ ਤੇ ਸੱਭਿਆਚਾਰ ਦੀ ਸਾਂਝ ਨੂੰ ਬਾਖੂਬੀ ਪ੍ਰਗਟਾਇਆ। ਕਾਮਰੇਡ ਗੁਰਨਾਮ ਸਿੰਘ ਨੇ ਕਵਿਤਾ ਰਾਹੀਂ ਗੁਰੂ ਨਾਨਕ ਸਾਹਿਬ ਦੀ ਸਿੱਖਿਆ ‘ਤੇ ਅਮਲ ਕਰਨ ਦਾ ਸੁਨੇਹਾ ਦਿੱਤਾ। ਭੁਪਿੰਦਰ ਸਿੰਘ ਭਾਗੋਮਾਜਰਾ ਦੀ ਪੁਸਤਕ ‘ਤੇ ਚਰਚਾ ਕਰਦਿਆਂ ਨਾਮਵਰ ਕਹਾਣੀਕਾਰ ਸਰੂਪ ਸਿੰਘ ਸਿਆਲਬੀ ਨੇ ਲੋਕਪੱਖੀ ਨੀਤੀਆਂ ਦੀ ਉਸਾਰੀ ਅਤੇ ਲੋਕ ਹੱਕਾਂ ਲਈ ਆਵਾਜ਼ ਉਠਾਉਣ ਲਈ ਪੁਸਤਕ ਦੀ ਪ੍ਰਸ਼ੰਸਾ ਕੀਤੀ। ਲੈਕਚਰਾਰ ਭੁਪਿੰਦਰ ਸਿੰਘ ਭਾਗੋਮਾਜਰਾ ਨੇ ਆਪਣੀ ਕੈਨੇਡਾ ਫੇਰੀ ਦੌਰਾਨ ਸਾਹਿਤਕ ਸਰਗਰਮੀਆਂ ਬਾਰੇ ਚਰਚਾ ਕੀਤੀ। ਅੰਤ ਵਿੱਚ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਡਾ. ਕਲੇਰ ਅਤੇ ਲੈਕਚਰਾਰ ਭਾਗੋਮਾਜਰਾ ਦਾ ਸਨਮਾਨ ਕੀਤਾ ਗਿਆ।