ਚਰਨਜੀਤ ਭੁੱਲਰ
ਚੰਡੀਗੜ੍ਹ, 6 ਜੁਲਾਈ
ਪੰਜਾਬ ਸਰਕਾਰ ਦੇ ਪ੍ਰਾਸੀਕਿਊਸ਼ਨ ਅਤੇ ਲਿਟੀਗੇਸ਼ਨ ਵਿਭਾਗ ਨੇ ਅੰਮ੍ਰਿਤ ਛਕਣ ਦਾ ਸਵਾਂਗ ਕਰ ਕੇ ਧਾਰਮਿਕ ਭਾਵਨਾਵਾਂ ਭੜਕਾਉਣ ਦੇ ਮਾਮਲੇ ’ਚ ਸਾਬਕਾ ਅਕਾਲੀ ਮੰਤਰੀ ਸੁੱਚਾ ਸਿੰਘ ਲੰਗਾਹ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਬਿਊਰੋ ਆਫ ਇਨਵੈਸੀਟੀਗੇਸ਼ਨ ਨੇ ਇਹ ਮਾਮਲਾ ਹੁਣ ਗ੍ਰਹਿ ਵਿਭਾਗ ਪੰਜਾਬ ਨੂੰ ਭੇਜ ਦਿੱਤਾ ਹੈ, ਜਿਸ ’ਚ ਐਡਵੋਕੇਟ ਜਨਰਲ ਦਾ ਮਸ਼ਵਰਾ ਲਏ ਜਾਣ ਦੀ ਗੱਲ ਵੀ ਆਖੀ ਗਈ ਹੈ।
ਲੰਗਾਹ ਨੇ ਹਾਲ ਹੀ ਵਿੱਚ ਮੌਜੂਦਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਾਣੇ-ਅਨਜਾਣੇ ਵਿਚ ਹੋਈਆਂ ਭੁੱਲਾਂ ਲਈ ਮੁਆਫ਼ ਕਰਨ ਦੀ ਅਪੀਲ ਕੀਤੀ ਸੀ। ਅਕਾਲ ਤਖ਼ਤ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਇੱਕ ਮਹਿਲਾ ਵੱਲੋਂ ਲਾਏ ਗਏ ਦੋਸ਼ਾਂ ਮਗਰੋਂ ਸੁੱਚਾ ਸਿੰਘ ਲੰਗਾਹ ਨੂੰ 6 ਅਗਸਤ 2017 ਨੂੰ ਸਿੱਖ ਪੰਥ ’ਚੋਂ ਛੇਕ ਦਿੱਤਾ ਸੀ। ਗੁਰਦਾਸਪੁਰ ਪੁਲੀਸ ਨੇ ਮਹਿਲਾ ਦੀ ਸ਼ਿਕਾਇਤ ’ਤੇ ਲੰਗਾਹ ਖ਼ਿਲਾਫ਼ 29 ਸਤੰਬਰ 2017 ਨੂੰ ਜਬਰ-ਜਨਾਹ ਦਾ ਕੇਸ ਦਰਜ ਕੀਤਾ ਸੀ। ਜ਼ਿਲ੍ਹਾ ਅਦਾਲਤ ਨੇ ਜੁਲਾਈ 2018 ਵਿਚ ਉਸ ਨੂੰ ਇਸ ਕੇਸ ’ਚੋਂ ਬਰੀ ਕਰ ਦਿੱਤਾ ਸੀ। ਤਿੰਨ ਅਗਸਤ 2020 ਨੂੰ ਗੁਰਦਾਸ ਨੰਗਲ ਦੇ ਗੁਰਦੁਆਰੇ ’ਚ ਪੰਜ ਪਿਆਰਿਆਂ ਅੱਗੇ ਪੇਸ਼ ਹੋ ਕੇ ਅੰਮ੍ਰਿਤ ਛਕਿਆ। ਇਸ ਮੌਕੇ ਲੰਗਾਹ ਨੂੰ ਸੇਵਾ ਵੀ ਲਾਈ ਗਈ ਸੀ। ਇਸ ਮਗਰੋਂ ਗੁਰਦਾਸਪੁਰ ਦੇ ਸਤਨਾਮ ਸਿੰਘ ਨੇ ਪੰਜਾਬ ਪੁਲੀਸ ਕੋਲ ਸੁੱਚਾ ਸਿੰਘ ਲੰਗਾਹ ਅਤੇ ਹੋਰਨਾਂ ਖ਼ਿਲਾਫ਼ ਸ਼ਿਕਾਇਤ ਕੀਤੀ ਸੀ ਅਤੇ ਇਵੇਂ ਹੀ ਇਹ ਮਾਮਲਾ ਅਕਾਲ ਤਖਤ ਦੇ ਜਥੇਦਾਰ ਕੋਲ ਪੁੱਜ ਗਿਆ ਸੀ। ਜਥੇਦਾਰ ਵੱਲੋਂ ਪੰਥ ’ਚੋਂ ਛੇਕੇ ਗਏ ਵਿਅਕਤੀ ਨਾਲ ਮਿਲਵਰਤਣ ਰੱਖੇ ਜਾਣ ਦੇ ਮਾਮਲੇ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਗੁਰਿੰਦਰਪਾਲ ਸਿੰਘ ਗੋਰਾ ਅਤੇ ਰਤਨ ਸਿੰਘ ਜਫਰਵਾਲ ਨੂੰ ਤਨਖ਼ਾਹੀਆ ਕਰਾਰ ਦੇ ਦਿੱਤਾ ਸੀ। ਦੂਸਰੇ ਪਾਸੇ ਬਿਊਰੋ ਆਫ ਇਨਵੈਸਟੀਗੇਸ਼ਨ ਨੇ ਸਤਨਾਮ ਸਿੰਘ ਦੀ ਸ਼ਿਕਾਇਤ ’ਤੇ ਪੜਤਾਲ ਸ਼ੁਰੂ ਕਰ ਦਿੱਤੀ ਸੀ।
ਗ੍ਰਹਿ ਵਿਭਾਗ ਨੇ ਇਹ ਮਾਮਲਾ ਪ੍ਰਾਸੀਕਿਊਸ਼ਨ ਅਤੇ ਲਿਟੀਗੇਸ਼ਨ ਵਿਭਾਗ ਨੂੰ ਭੇਜ ਦਿੱਤਾ ਅਤੇ ਇਸ ਵਿਭਾਗ ਵੱਲੋਂ ਕਾਨੂੰਨੀ ਮਾਹਿਰਾਂ ਦੀ ਟੀਮ ਦਾ ਗਠਨ ਕਰ ਕੇ ਮਾਮਲੇ ਦੀ ਜਾਂਚ ਕੀਤੀ ਗਈ। ਸ਼ਿਕਾਇਤ ’ਚ ਕਿਹਾ ਗਿਆ ਕਿ ਪੰਥ ’ਚੋਂ ਛੇਕੇ ਕਿਸੇ ਵਿਅਕਤੀ ਨੂੰ ਪੰਥਕ ਪਰੰਪਰਾਵਾਂ ਅਨੁਸਾਰ ਉਦੋਂ ਤੱਕ ਅੰਮ੍ਰਿਤ ਨਹੀਂ ਛਕਾਇਆ ਜਾ ਸਕਦਾ, ਜਿੰਨਾ ਚਿਰ ਪੰਜ ਸਿੰਘ ਸਾਹਿਬਾਨ ਉਸ ਵਿਅਕਤੀ ਨੂੰ ਮੁੜ ਪੰਥ ਵਿਚ ਸ਼ਾਮਲ ਨਹੀਂ ਕਰ ਲੈਂਦੇ।
ਸ਼ਿਕਾਇਤਕਰਤਾ ਅਨੁਸਾਰ ਗੁਰਦਾਸ ਨੰਗਲ ਦੇ ਗੁਰਦੁਆਰੇ ਵਿਚ ਲੰਗਾਹ ਨੂੰ ਮੁੜ ਪੰਥ ਵਿੱਚ ਸ਼ਾਮਲ ਕਰ ਕੇ ਸਿੱਧੇ ਤੌਰ ’ਤੇ ਅਕਾਲ ਤਖ਼ਤ ਦੀ ਸਰਬਉੱਚਤਾ ਨੂੰ ਚੁਣੌਤੀ ਦਿੱਤੀ ਗਈ ਹੈ। ਇਸ ਮਾਮਲੇ ਵਿਚ ਸਾਬਕਾ ਚੇਅਰਮੈਨ ਜਗਰੂਪ ਸਿੰਘ ਸਣੇੇ 11 ਲੋਕਾਂ ਵੱਲੋਂ ਦਰਖਾਸਤ ਦਿੱਤੀ ਗਈ ਸੀ। ਮੌਜੂਦਾ ਪੜਤਾਲ ਰਿਪੋਰਟ ਅਨੁਸਾਰ ਪ੍ਰਾਸੀਕਿਊਸ਼ਨ ਤੇ ਲਿਟੀਗੇਸ਼ਨ ਵਿਭਾਗ ਨੇ ਸੁੱਚਾ ਸਿੰਘ ਲੰਗਾਹ ਤੇ ਹੋਰਨਾਂ ਨੂੰ ਧਾਰਾ 295-ਏ ਦੇ ਮਾਮਲੇ ’ਚ ਕਲੀਨ ਚਿੱਟ ਦੇ ਦਿੱਤੀ ਹੈ।
ਵਿਭਾਗ ਨੇ ਕਿਹਾ ਹੈ ਕਿ ਜੇਕਰ ਸਰਕਾਰ ਚਾਹੇ ਤਾਂ ਐਡਵੋਕੇਟ ਜਨਰਲ ਤੋਂ ਵੀ ਇਸ ਬਾਰੇ ਕਾਨੂੰਨੀ ਰਾਇ ਲੈਣੀ ਉਚਿਤ ਹੋਵੇਗੀ। ਸਿੱਖ ਰਹਿਤ ਮਰਿਆਦਾ ਦੀ ਨੱਥੀ ਪੁਸਤਕਾ ਵਿਚ ਕੋਈ ਅਨੁਛੇਦ ਨਹੀਂ ਹੈ ਕਿ ਅਕਾਲ ਤਖਤ ਸਾਹਿਬ ਦੀ ਮਨਜ਼ੂਰੀ ਦੇ ਬਿਨਾਂ ਪੰਜ ਪਿਆਰਿਆਂ ਵੱਲੋਂ ਪੰਥ ’ਚੋਂ ਛੇਕੇ ਗਏ ਸਿੱਖ ਨੂੰ ਅੰਮ੍ਰਿਤ ਨਹੀਂ ਛਕਾਇਆ ਜਾ ਸਕਦਾ। ਇਸ ਕਰਕੇ ਇੱਥੇ ਸਿੱਖ ਰਹਿਤ ਮਰਿਆਦਾ ਦੀ ਕੋਈ ਉਲੰਘਣਾ ਨਹੀਂ ਹੋਈ ਹੈ। ਵਿਭਾਗੀ ਰਿਪੋਰਟ ਅਨੁਸਾਰ ਪੰਜ ਪਿਆਰਿਆ ਵੱਲੋਂ ਲੰਗਾਹ ਨੂੰ ਕਰਾਇਆ ਗਿਆ ਅੰਮ੍ਰਿਤਪਾਨ ਸਵਾਂਗ ਨਹੀਂ ਕਿਹਾ ਜਾ ਸਕਦਾ। ਇਹ ਸਭ ਸਿੱਖ ਪੰਥ ਵਿਚ ਸ਼ਾਮਲ ਹੋਣ ਦੀ ਕੋਸ਼ਿਸ਼ ਜਾਪਦਾ ਹੈ ਅਤੇ ਸਿੱਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਨਾਲ ਨਹੀਂ ਕੀਤਾ ਜਾਪਦਾ। ਇਸ ਬਾਰੇ ਨਿਰਣਾ ਅਕਾਲ ਤਖ਼ਤ ਵੱਲੋਂ ਹੀ ਲਿਆ ਜਾ ਸਕਦਾ ਹੈ।