ਜੋਗਿੰਦਰ ਸਿੰਘ ਮਾਨ
ਮਾਨਸਾ, 3 ਮਾਰਚ
ਮਾਲਵਾ ਪੱਟੀ ਵਿਚ ਹੁਣ ਸਬਜ਼ੀਆਂ ਆਸਰੇ ਤੋਰੀ-ਫੁਲਕਾ ਚਲਾਉਣ ਦਾ ਧੰਦਾ ਮਾੜੇ ਮੰਡੀਕਰਨ ਪ੍ਰਬੰਧਾਂ ਦੀ ਭੇਟ ਚੜ੍ਹਨ ਲੱਗਾ ਹੈ। ਕਿਸਾਨ ਮੰਡੀਕਰਨ ਦੇ ਬੰਦੋਬਸਤ ਤੋਂ ਇੰਨੇ ਅੱਕ ਚੁੱਕੇ ਹਨ ਕਿ ਹੁਣ ਉਨ੍ਹਾਂ ਨੂੰ ਕੋਈ ਪਾਸਾ ਨਹੀਂ ਝੱਲ ਰਿਹਾ ਤੇ ਉਨ੍ਹਾਂ ਨੇ ਦੁਖੀ ਹੋ ਕੇ ਸਿੱਧੀ ਸਬਜ਼ੀ ਵੇਚਣੀ ਸ਼ੁਰੂ ਕਰ ਦਿੱਤੀ ਹੈ। ਸਬਜ਼ੀ ਬੀਜਣ ਵਾਲੇ ਕਿਸਾਨਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਮੰਡੀ ਵਿਚ ਹੁਣ ਗੋਭੀ ਤੇ ਗਾਜਰਾਂ ਨੂੰ ਕੋਈ ਸਿਆਣਦਾ ਨਹੀਂ। ਉਨ੍ਹਾਂ ਦੱਸਿਆ ਕਿ ਅੱਜ ਗੋਭੀ ਦਾ ਮੁੱਲ ਸਹੀ ਰੂਪ ਵਿਚ 4 ਰੁਪਏ ਕਿਲੋ, ਗਾਜਰਾਂ ਦਾ 3 ਰੁਪਏ ਕਿਲੋ ਹੈ। ਉਨ੍ਹਾਂ ਕਿਹਾ ਸਬਜ਼ੀ ਮੰਡੀ ਵਿਚ ਸਬਜ਼ੀ ਵੇਚਣ ਨਾਲ ਹੁਣ ਪਰਿਵਾਰ ਦਾ ਗੁਜ਼ਾਰਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਸਸਤੀਆਂ ਸਬਜ਼ੀਆਂ ਲੈ ਕੇ ਅੱਗੇ ਖਰੀਦਦਾਰਾਂ ਤੋਂ ਚੌਗਣਾ ਨਫ਼ਾ ਕਮਾਉਣ ਵਾਲੇ ਦੁਕਾਨਦਾਰ ਹੁਣ ਕਿਸਾਨਾਂ ਦੇ ਭਾਅ ਪਾਸਿਓਂ ਮੰਡੀ ਵਿਚ ਪੱਬ ਨਹੀਂ ਲੱਗਣ ਦੇ ਰਹੇ। ਉਧਰ ਸਬਜ਼ੀ ਮੰਡੀ ਦੇ ਇਕ ਆੜ੍ਹਤੀਏ ਲੱਕੀ ਮਿੱਤਲ ਨੇ ਕਿਹਾ ਕਿ ਉਹ ਸਿਰਫ ਆੜ੍ਹਤ ਹੀ ਲੈਂਦੇ ਹਨ, ਜਦੋਂ ਕਿ ਬਾਕੀ ਸਾਰਾ ਕੰਮ ਦੁਕਾਨਦਾਰਾਂ ਦਾ ਹੀ ਹੁੰਦਾ ਹੈ। ਇੱਕ ਆੜ੍ਹਤੀਏ ਨੇ ਦੱਸਿਆ ਹਿਮਾਚਲ ਪ੍ਰਦੇਸ਼ ਦੀ ਸਬਜ਼ੀ ਵੱਡੇ ਸ਼ਹਿਰਾਂ ਨੂੰ ਜਾਣ ਕਾਰਨ ਲੋਕਲ ਸਬਜ਼ੀ ਇਥੇ ਹੀ ਰਹਿਣ ਕਰਕੇ ਕੀਮਤਾਂ ਵਿਚ ਮੰਦੀ ਆ ਗਈ।