ਪਰਗਟ ਸਿੰਘ ਸਤੌਜ
ਅਸੀਂ ਆਸਾਮ ਵਿਚ ਸ਼ਿਵਸਾਗਰ ਤੋਂ ਡਬਿਰੂਗੜ੍ਹ ਆ ਰਹੇ ਸਾਂ। ਮੇਰੇ ਨਾਲ ਮੇਰਾ ਅਸਾਮੀ ਦੋਸਤ ਜਿਓਤੀਰਮ ਦੱਤਾ ਅਤੇ ਦੱਤਾ ਦਾ ਦੋਸਤ ਭੋਈਰੋ ਸਨ। ਸ਼ਿਵਸਾਗਰ ਰਹਿੰਦੀ ਇੱਕ ਕੁੜੀ ਨੇ ਸਾਨੂੰ ਆਪਣੇ ਘਰ ਖਾਣੇ ਤੇ ਬੁਲਾਇਆ ਸੀ। ਉਸ ਦਾ ਘਰ ਲੱਭਦਿਆਂ, ਖਾਣਾ ਖਾਂਦਿਆਂ ਤੇ ਫਿਰ ਉਸ ਦੇ ਪਰਿਵਾਰ ਨਾਲ ਮਿਲਦਿਆਂ ਕਰਦਿਆਂ ਅਸੀਂ ਲੇਟ ਹੋ ਗਏ ਸਾਂ। ਉੱਥੋਂ ਤੁਰਨ ਤੱਕ ਦਿਨ ਛਿਪਣ ਲੱਗਿਆ ਸੀ। ਉਸੇ ਰਾਤ ਮੇਰਾ ਗੁਹਾਟੀ ਮੁੜਨਾ ਵੀ ਜ਼ਰੂਰੀ ਸੀ। ਮੈਂ ਆਪਣੇ ਦੋਸਤ ਨੂੰ ਕਹਿ ਕੇ ਡਬਿਰੂਗੜ੍ਹ ਤੋਂ ਗੁਹਾਟੀ ਦੀ ਟਿਕਟ ਬੁੱਕ ਕਰਵਾਈ ਸੀ ਪਰ ਰੱਫੜ ਇਹ ਪੈ ਗਿਆ ਸੀ ਕਿ ਬੁੱਕ ਕਰਨ ਵਾਲੇ ਨੇ ਗ਼ਲਤੀ ਨਾਲ ਤਿਨਸੁਕੀਆ ਤੋਂ ਗੁਹਾਟੀ ਦੀ ਟਿਕਟ ਬੁੱਕ ਕਰ ਦਿੱਤੀ; ਮਤਲਬ ਪਹਿਲਾਂ ਸਾਨੂੰ ਡਬਿਰੂਗੜ੍ਹ ਤੋਂ ਤਿਨਸੁਕੀਆ ਜਾਣਾ ਪੈਣਾ ਸੀ, ਫਿਰ ਉੱਥੋਂ ਟ੍ਰੇਨ ਫੜਨੀ ਪੈਣੀ ਸੀ। ਜਦੋਂ ਬੱਸ ਵਿਚ ਬੈਠੇ, ਟਿਕਟ ਗ਼ਲਤ ਹੋਣ ਦਾ ਪਤਾ ਸਾਨੂੰ ਉਦੋਂ ਲੱਗਿਆ। ਅਸੀਂ ਦੁਬਾਰਾ ਟਿਕਟ ਬਣਾਉਣ ਲਈ ਫੋਨ ਕੀਤਾ ਪਰ ਅੱਗਿਉਂ ਉਹ ਵੀ ਹੱਥ ਖੜ੍ਹੇ ਕਰ ਗਿਆ। ਕਹਿੰਦਾ, ਹੁਣ ਸਮਾਂ ਲੰਘ ਗਿਆ ਹੈ।
ਸ਼ਿਵਸਾਗਰ ਤੋਂ ਡਬਿਰੂਗੜ੍ਹ ਆਉਂਦਿਆਂ ਰਸਤੇ ਵਿਚ ਯੂਨੀਵਰਸਿਟੀ ਪੈਂਦੀ ਹੈ। ਇਸੇ ਯੂਨੀਵਰਸਿਟੀ ਵਿਚ ਦੱਤਾ ਦੀ ਪ੍ਰੇਮਿਕਾ ਪੜ੍ਹਦੀ ਸੀ। ਦੱਤਾ ਨੂੰ ਉਸ ਦਾ ਵਾਰ ਵਾਰ ਫੋਨ ਆ ਰਿਹਾ ਸੀ ਕਿ ਤੁਸੀਂ ਮੈਨੂੰ ਮਿਲ ਕੇ ਜ਼ਰੂਰ ਜਾਣਾ ਹੈ, ਫਿਰ ਪਤਾ ਨਹੀਂ ਪਰਗਟ ਨੇ ਮੁੜ ਕਦੋਂ ਆਉਣਾ ਹੈ? ਉਹ ਅਸਾਮੀ ਵਿਚ ਉਸ ਕੁੜੀ ਨਾਲ ਗੱਲ ਕਰ ਰਿਹਾ ਸੀ ਤੇ ਮੈਨੂੰ ਡਰ ਲੱਗ ਰਿਹਾ ਸੀ ਕਿ ਜੇ ਇੱਥੇ ਉੱਤਰ ਗਏ ਤਾਂ ਮੇਰਾ ਅੱਜ ਰਾਤ ਗੁਹਾਟੀ ਪਹੁੰਚਣਾ ਖ਼ਤਰੇ ਵਿਚ ਪੈ ਜਾਵੇਗਾ। ਜਦੋਂ ਉਸ ਨੇ ਫੋਨ ਕੱਟ ਕੇ ਮੈਨੂੰ ਦੱਸਿਆ ਕਿ ਮੈਂ ਉਸ ਤੋਂ ਮੁਆਫੀ ਮੰਗ ਲਈ ਹੈ, ਮੇਰੇ ਸਾਹ ਵਿਚ ਸਾਹ ਆਇਆ।
ਮੈਂ ਸ਼ੀਸ਼ੇ ਵਿਚੋਂ ਬਾਹਰ ਨਜ਼ਰ ਮਾਰੀ। ਬਾਹਰ ਹਨੇਰਾ ਪਸਰ ਰਿਹਾ ਸੀ। ਆਲੇ ਦੁਆਲੇ ਦਾ ਜੰਗਲ ਹਨੇਰੇ ਨਾਲ ਇੱਕ ਮਿੱਕ ਹੋ ਕੇ ਹੋਰ ਸੰਘਣਾ ਹੋ ਗਿਆ ਸੀ। ਉਦੋਂ ਹੀ ਬੱਸ ਨੇ ਨਦੀ ਪਾਰ ਕੀਤੀ। ਮੈਨੂੰ ਇਸ ਨਦੀ ਦੀ ਨਿਸ਼ਾਨੀ ਸੀ ਕਿ ਇੱਥੋਂ ਡਬਿਰੂਗੜ੍ਹ ਕਿੰਨਾ ਕੁ ਦੂਰ ਰਹਿ ਗਿਆ। ਬੱਸ ਡਬਿਰੂਗੜ੍ਹ ਪਹੁੰਚ ਗਈ ਸੀ। ਤਿਨਸੁਕੀਆ ਜਾਣ ਵਾਲੀ ਬੱਸ ਵੀ ਆਖ਼ਿਰੀ ਸੀ। ਅਸੀਂ ਇੱਧਰੋਂ ਉੱਧਰੋਂ ਪਤਾ ਕੀਤਾ। ਕੋਈ ਕਹਿ ਰਿਹਾ ਸੀ, ਇਹ ਬੱਸ ਟ੍ਰੇਨ ਦੇ ਤਿਨਸੁਕੀਆ ਪਹੁੰਚਣ ਤੋਂ ਪਹਿਲਾ ਲਾ ਦੇਵੇਗੀ, ਤੂੰ ਉਥੋਂ ਹੀ ਚੜ੍ਹ ਜਾਣਾ। ਕੋਈ ਹੋਰ ਸਲਾਹ ਦਿੰਦੀ- ਇਹ ਬੱਸ ਲੇਟ ਵੀ ਹੋ ਜਾਂਦੀ ਹੈ, ਤੂੰ ਇਥੋਂ ਹੀ ਟੀਟੀ ਨੂੰ ਕਹਿ ਕੇ ਚੜ੍ਹ ਜਾ। ਜੇ ਤਿਨਸੁਕੀਆ ਤੋਂ ਲੰਘ ਗਈ, ਫਿਰ ਸਾਰਾ ਪ੍ਰੋਗਰਾਮ ਹੀ ਪੁੱਠਾ ਪੈ ਜਾਵੇਗਾ।…
ਮੇਰੇ ਨਾਲੋਂ ਮੇਰੇ ਦੋਸਤਾਂ ਨੂੰ ਵੱਧ ਟੈਨਸ਼ਨ ਕਿ ‘ਹੁਣ ਕੀ ਕਰੀਏ?’ ਕਦੇ ਅਸੀਂ ਬੱਸ ਵਿਚ ਜਾ ਕੇ ਬੈਠ ਜਾਈਏ ਤੇ ਕਦੇ ਸਟੇਸ਼ਨ ਤੇ ਜਾਣ ਲਈ ਬੱਸ ਵਿਚੋਂ ਉਤਰ ਜਾਈਏ। ਬੱਸ ਤੁਰਨ ਦਾ ਸਮਾਂ ਨੇੜੇ ਲੱਗਿਆ ਸੀ। ਫਿਰ ਮੇਰੇ ਵਿਚ ਵੀ ਆਤਮ-ਵਿਸ਼ਵਾਸ ਜਾਗ ਪਿਆ ਕਿ ਮੈਂ ਟੀਟੀ ਨੂੰ ਆਪਣੀ ਗੱਲ ਸਮਝਾ ਸਕਦਾ ਹਾਂ। ਮੈਂ ਦੋਸਤਾਂ ਨੂੰ ਕਹਿ ਦਿੱਤਾ ਕਿ ਮੈਂ ਟ੍ਰੇਨ ਉੱਪਰ ਹੀ ਜਾਵਾਂਗਾ। ਮੈਂ ਉਨ੍ਹਾਂ ਨੂੰ ਚਿੰਤਾ ਨਾ ਕਰਨ ਲਈ ਕਹਿ ਕੇ ਰਿਕਸ਼ਾ ਲਿਆ ਤੇ ਸਟੇਸ਼ਨ ਤੇ ਆ ਗਿਆ।
ਮੈਨੂੰ ਪਹਿਲਾਂ ਇਹ ਡਰ ਸੀ ਕਿ ਜੇ ਨਾ ਚੜ੍ਹਨ ਦਿੱਤਾ ਤਾਂ ਮੇਰਾ ਸਾਰਾ ਪ੍ਰੋਗਰਾਮ ਖਰਾਬ ਹੋ ਜਾਣਾ ਹੈ ਪਰ ਹੁਣ ਮੇਰਾ ਡਰ ਨਿੱਕਲ ਗਿਆ ਸੀ ਤੇ ਮੈਂ ਆਤਮ-ਵਿਸ਼ਵਾਸ ਨਾਲ ਭਰਿਆ ਹੋਇਆ ਸਾਂ। ਮੈਂ ਟ੍ਰੇਨ ਚੱਲਣ ਤੋਂ ਪਹਿਲਾਂ ਉਹ ਟੀਟੀ ਲੱਭ ਲਿਆ ਜਿਸ ਦੀ ਸਾਡੇ ਡੱਬੇ ਵਿਚ ਡਿਊਟੀ ਸੀ। ਮੈਂ ਗਲਾ ਸਾਫ਼ ਕਰਦਾ ਉਸ ਕੋਲ ਪਹੁੰਚ ਗਿਆ।
“ਸਰ ਇੱਕ ਬੇਨਤੀ ਸੀ।’’
“ਹਾਂ ਬਤਾਓ।’’
“ਸਰ ਮੇਰੀ ਟਿਕਟ ਤਿਨਸੁਕੀਆ ਤੋਂ ਸੀ ਪਰ ਮੇਰੀ ਆਖ਼ਿਰੀ ਬੱਸ ਜੋ ਇੱਥੋਂ ਚਲਦੀ ਹੈ, ਉਹ ਨਿਕਲ ਗਈ। ਹੁਣ ਮੇਰੇ ਕੋਲ ਇੱਕੋ ਰਾਹ ਹੈ ਕਿ ਮੈਂ ਇੱਥੋਂ ਹੀ ਬੈਠ ਜਾਵਾਂ। ਜੇ ਤੁਸੀਂ ਜੁਰਮਾਨਾ ਲਾਉਣੈ ਤਾਂ ਲਾ ਸਕਦੇ ਹੋਂ।’’ ਮੈਂ ਉਸ ਨੂੰ ਹਿੰਦੀ ਵਿਚ ਸਮਝਾਇਆ।
“ਕਹਾਂ ਸੇ ਹੋਂ?’’
“ਜੀ ਪੰਜਾਬ ਸੇ।’’
“ਯਹਾਂ ਕਿਸ ਲੀਏ ਆਏ?’’
“ਸਾਹਿਤ ਅਕਾਦਮੀ ਕੀ ਟ੍ਰੈਵਲ ਗ੍ਰਾਂਟ ਪੇ ਅਨੁਭਵ ਇਕੱਠਾ ਕਰਨੇ ਕੇ ਲੀਏ।’’
“ਕਾਹੇ ਕੋ?’’
“ਮੇਰੇ ਨਾਵਲ ਕਹਾਣੀਆਂ ਲਿਖਨੇ ਕੇ ਲੀਏ ਕਾਮ ਆਏਗਾ।’’
“ਤੁਮ ਲੇਖਕ ਹੋ?’’ ਉਹ ਥੋੜ੍ਹਾ ਹੈਰਾਨ ਹੋ ਗਿਆ।
“ਹਾਂ ਜੀ।’’ ਮੈਨੂੰ ਆਸਾਰ ਦਿਸ ਪਏ- ‘ਲੈ ਬਈ ਬਣ
ਗਿਆ ਕੰਮ।’
“ਵਾਹ ਭਾਈ ਵਾਹ! ਸਾਰੀ ਗਾਡੀ ਮੇਂ ਜਹਾਂ ਭੀ ਦਿਲ ਕਰਤਾ ਹੈ, ਬੈਠ ਜਾਓ ਆਰਾਮ ਸੇ।’’ ਉਸ ਨੇ ਮੈਨੂੰ ਹਰੀ ਝੰਡੀ ਦੇ ਦਿੱਤੀ।
ਮੈਂ ਆਰਾਮ ਨਾਲ ਆਪਣੀ ਸੀਟ ਤੇ ਜਾ ਬੈਠਿਆ। ਗੱਡੀ ਨੇ ਲੰਮੀ ਕੂਕ ਮਾਰੀ ਤੇ ਛੁੱਕ ਛੁੱਕ ਕਰਦੀ ਤੁਰ ਪਈ। ਮੈਂ ਸ਼ੀਸ਼ੇ ਵਿਚੋਂ ਬਾਹਰ ਦੇਖਿਆ। ਸ਼ਹਿਰ ਦੀਆਂ ਰੋਸ਼ਨੀਆਂ ਪਿੱਛੇ ਰਹਿ ਗਈਆਂ ਸਨ। ਹਨੇਰੇ ਵਿਚ ਡੁੱਬਿਆ ਜੰਗਲ ਹੁਣ ਮੈਨੂੰ ਸੋਹਣਾ ਸੋਹਣਾ ਜਾਪਿਆ। ਮੈਂ ਦੱਤਾ ਹੋਰਾਂ ਨੂੰ ਆਖਿ਼ਰੀ
ਫੋਨ ਕੀਤਾ ਤੇ ਸੀਟ ਉੱਤੇ ਇੰਝ ਪਸਰ ਕੇ ਪੈ ਗਿਆ,
ਜਿਵੇਂ ਮੰਡੀ ਜਾਂਦੀ ਤਾਏ ਦੀ ਨਰਮੇ ਵਾਲੀ ਟਰਾਲੀ ਉੱਪਰ ਬੇਫ਼ਿਕਰ ਹੋ ਕੇ ਪੈ ਗਿਆ ਹੋਵਾਂ!
ਸੰਪਰਕ: 94172-41787