ਅੰਮ੍ਰਿਤਪਾਲ ਸਿੰਘ ਧਾਲੀਵਾਲ
ਰੂੜੇਕੇ ਕਲਾਂ, 2 ਫਰਵਰੀ
ਦਿੱਲੀ ਦੀ ਟਿਕਰੀ ਹੱਦ ’ਤੇ ਕਿਸਾਨੀ ਘੋਲ ਵਿੱਚ ਹਿੱਸਾ ਲੈ ਰਹੇ ਜ਼ਿਲ੍ਹਾ ਬਰਨਾਲਾ ਦੇ ਪਿੰਡ ਪੰਧੇਰ ਦੇ ਜਗਸੀਰ ਸਿੰਘ ਜੱਗੀ ਨੂੰ ਸੋਸ਼ਲ ਮੀਡੀਆ ਰਾਹੀਂ ਦੁਨੀਆਂ ਵਿੱਚ ਨਵੀਂ ਪਛਾਣ ਮਿਲੀ ਹੈ। 26 ਜਨਵਰੀ ਨੂੰ ਦਿੱਲੀ ਪੁਲੀਸ ਵੱਲੋਂ ਕੀਤੇ ਲਾਠੀਚਾਰਜ ਸਮੇਂ ਉਸ ਦੀ ਦਸਤਾਰ ਉੱਤਰ ਗਈ ਸੀ। ਸਿਰ ’ਚੋਂ ਨਿਕਲਦੇ ਖੂਨ ਦੇ ਬਾਵਜੂਦ ਆਪਣੇ ਕਕਾਰਾਂ ਦੀ ਰਾਖੀ ਕਰਨ ਸਮੇਂ ਉਸ ਦੇ ਹੌਸਲੇ ਬੁਲੰਦ ਸਨ। ਇਹ ਤਸਵੀਰ ਜਦੋਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਲੋਕ ਇਸ ਨੂੰ ਤੇਜ਼ੀ ਨਾਲ ਸਾਂਝੀ ਕਰ ਕੇ ਨਾਇਕ ਵਜੋਂ ਪੇਸ਼ ਕਰਨ ਲੱਗੇ। ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਅੱਥਰੂਆਂ ਵਾਲੀ ਤਸਵੀਰ ਤੋਂ ਬਾਅਦ ਸ਼ਾਇਦ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਵਾਲੀ ਤਸਵੀਰ ਪੰਧੇਰ ਦੇ ਇਸ ਨੌਜਵਾਨ ਦੀ ਹੀ ਸੀ, ਜਿਸ ਨੇ ਪੰਜਾਬੀਆਂ ਵਿੱਚ ਹੌਸਲਾ ਭਰਿਆ। ਅੱਜ ਉਸ ਦੀ ਬਹਾਦਰੀ ਤੋਂ ਖੁਸ਼ ਪਿੰਡ ਵਾਸੀਆਂ ਨੇ ਉਸ ਦਾ ਸਵਾਗਤ ਕਰਦਿਆਂ ਘਰ ਬਣਾਉਣ ਲਈ ਦਸ ਵਿਸਵੇ ਜ਼ਮੀਨ ਦੇਣ ਦਾ ਐਲਾਨ ਕਰ ਦਿੱਤਾ। ਦੇਸ਼-ਵਿਦੇਸ਼ ਵਿੱਚ ਬੈਠੇ ਪੰਜਾਬੀਆਂ ਵੱਲੋਂ ਵੀ ਉਸ ਦੀ ਵਿੱਤੀ ਮਦਦ ਕੀਤੀ ਜਾ ਰਹੀ ਹੈ।
ਪੰਧੇਰ ਦੇ ਕਿਸਾਨ ਆਗੂ ਪਰਮਜੀਤ ਸਿੰਘ ਰਾਣਾ ਨੇ ਕਿਹਾ ਕਿ ਜਗਸੀਰ ਕੋਲ ਭਾਵੇਂ ਜ਼ਮੀਨ ਨਹੀਂ ਸੀ ਪਰ ਉਸ ਕੋਲ ਜ਼ਮੀਰ ਸੀ, ਜਿਸ ਕਰਕੇ ਉਹ ਦੋ ਮਹੀਨੇ ਤੋਂ ਕਿਸਾਨ ਸੰਘਰਸ਼ ਨਾਲ ਜੁੜਿਆ ਰਿਹਾ। ਉਸ ਨੇ ਪਿੰਡ ਦਾ ਨਾਂ ਦੁਨੀਆਂ ਤਕ ਪਹੁੰਚਾਇਆ ਹੈ, ਜਿਸ ’ਤੇ ਪੂਰੇ ਪਿੰਡ ਨੂੰ ਮਾਣ ਹੈ।
ਅਕਾਲੀ ਆਗੂ ਵੱਲੋਂ ਜੱਗੀ ਬਾਬਾ ਲਈ ਘਰ ਬਣਵਾਉਣ ਦਾ ਐਲਾਨ
ਸੁਨਾਮ ਊਧਮ ਸਿੰਘ ਵਾਲਾ (ਬੀਰ ਇੰਦਰ ਸਿੰਘ ਬਨਭੌਰੀ): ਨੌਜਵਾਨ ਅਕਾਲੀ ਆਗੂ ਵਿੰਨਰਜੀਤ ਸਿੰਘ ਖਡਿਆਲ ਨੇ ਬੀਤੀ 26 ਜਨਵਰੀ ਨੂੰ ਟਰੈਕਟਰ ਪਰੇਡ ਦੌਰਾਨ ਪੁਲੀਸ ਤਸ਼ੱਦਦ ਦਾ ਸ਼ਿਕਾਰ ਹੋਏ ਜੱਗੀ ਪੰਧੇਰ ਨੂੰ ਘਰ ਬਣਾ ਕੇ ਦੇਣ ਦੀ ਪਹਿਲ ਕੀਤੀ ਹੈ। ਵਿੰਨਰਜੀਤ ਨੇ ਕਿਹਾ ਕਿ ਜੱਗੀ ਬਾਬਾ ਕੋਲ ਖੇਤੀਬਾੜੀ ਲਈ ਜ਼ਮੀਨ ਤਾਂ ਕੀ ਸਗੋਂ ਰਹਿਣ ਲਈ ਛੱਤ ਵੀ ਨਹੀਂ ਸੀ ਪਰ ਉਸ ਦੇ ਹੌਸਲੇ ਅਤੇ ਜਜ਼ਬੇ ਦੀ ਮਿਸਾਲ ਪੂਰੀ ਦੁਨੀਆਂ ਵਿੱਚ ਗੂੰਜ ਰਹੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਕੋਲ ਘਰ ਨਹੀਂ ਹੈ ਤਾਂ ਉਨ੍ਹਾਂ ਨੇ ਜੱਗੀ ਬਾਬਾ ਕੋਲੋਂ ਮਦਦ ਕਰਨ ਦੀ ਆਗਿਆ ਲਈ ਹੈ।