ਗੁਰਬਖਸ਼ਪੁਰੀ
ਤਰਨ ਤਾਰਨ, 2 ਫਰਵਰੀ
ਪਿੰਡ ਸ਼ੇਰੋਂ ਦੇ ਲੋਕ ਆਪਣੇ ਸਾਰੇ ਮੱਤਭੇਦ ਭੁਲਾ ਕੇ ਪਿੰਡ ਵਾਸੀ ਸੰਦੀਪ ਸਿੰਘ ਉਰਫ ਸੋਨੂ ਚੀਮਾ ਦੇ ਪਰਿਵਾਰ ਦੀ ਸੰਭਾਲ ਲਈ ਅੱਗੇ ਆਏ ਹਨ| ਸੰਦੀਪ ਸਿੰਘ ਜ਼ਿਲ੍ਹੇ ਦੇ ਉਨ੍ਹਾਂ ਚਾਰ ਜਣਿਆਂ ’ਚੋਂ ਇੱਕ ਹੈ, ਜੋ 26 ਜਨਵਰੀ ਦੀਆਂ ਘਟਨਾਵਾਂ ਮਗਰੋਂ ਲਾਪਤਾ ਹਨ। ਸੰਦੀਪ ਤੋਂ ਇਲਾਵਾ ਇਨ੍ਹਾਂ ਚਾਰ ਵਿਅਕਤੀਆਂ ਵਿੱਚ ਵਾਂ ਤਾਰਾ ਸਿੰਘ ਦੇ ਜੁਗਰਾਜ ਸਿੰਘ ਤੇ ਨਵਦੀਪ ਸਿੰਘ ਸਮੇਤ ਤਲਵੰਡੀ ਸੋਭਾ ਸਿੰਘ (ਪੱਟੀ) ਦਾ ਗੁਰਜੋਤ ਸਿੰਘ ਸ਼ਾਮਲ ਹਨ। ਬੀਤੇ ਦਿਨ ਪਰਿਵਾਰ ਨੂੰ ਪਤਾ ਲੱਗਾ ਹੈ ਕਿ ਸੰਦੀਪ ਅਲੀਪੁਰ ਥਾਣੇ ’ਚ ਪੁਲੀਸ ਹਿਰਾਸਤ ਵਿੱਚ ਹੈ ਜਦਕਿ ਬਾਕੀ ਤਿੰਨਾਂ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਮਿਲੀ।
36 ਸਾਲਾ ਸੰਦੀਪ ਦੀ ਦੋ ਸਾਲ ਪਹਿਲਾਂ ਸੱਜੀ ਲੱਤ ਟੁੱਟ ਗਈ ਸੀ| ਉਸ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ| ਘਰ ਵਿੱਚ ਉਸ ਦੀ ਪਤਨੀ, 12 ਸਾਲ ਦਾ ਲੜਕਾ ਅਤੇ ਅੱਠ ਸਾਲਾ ਲੜਕੀ ਹੈ| ਪਿੰਡ ਦੇ ਸਰਪੰਚ ਸਤਪਾਲ ਸਿੰਘ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਦਿਲਬਾਗ ਸਿੰਘ, ਪਿੰਡ ਵਾਸੀ ਧਰਮ ਸਿੰਘ, ਕੁਲਵੰਤ ਸਿੰਘ ਆਦਿ ਨੇ ਪਰਿਵਾਰ ਨੂੰ ਹਰ ਤਰ੍ਹਾਂ ਨਾਲ ਸਾਥ ਦੇਣ ਦਾ ਭਰੋਸਾ ਦਿੱਤਾ ਹੈ|
ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਗੰਡੀਵਿੰਡ ਦੀ ਅਗਵਾਈ ਹੇਠ ਇਲਾਕੇ ਦੇ ਪਿੰਡ ਪੰਜਵੜ ਵਿੱਚ ਕੇਂਦਰ ਸਰਕਾਰ ਵੱਲੋਂ ਕਿਸਾਨ ’ਤੇ ਕੀਤੇ ਰਹੇ ਤਸ਼ੱਦਦ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ ਗਿਆ।
ਦਿੱਲੀ ਪੁਲੀਸ ’ਤੇ ਝੂਠਾ ਕੇਸ ਦਰਜ ਕਰਨ ਦਾ ਦੋਸ਼
ਫ਼ਤਹਿਗੜ੍ਹ ਸਾਹਿਬ (ਅਜੈ ਮਲਹੋਤਰਾ): ਇਥੋਂ ਨੇੜਲੇ ਪਿੰਡ ਕੋਟਲਾ ਜੱਟਾਂ ਦੇ ਸਾਬਕਾ ਸਰਪੰਚ ਬੇਅੰਤ ਸਿੰਘ ਨੇ ਦਿੱਲੀ ਪੁਲੀਸ ’ਤੇ ਉਸ ਦੇ ਪੁੱਤਰ ਖ਼ਿਲਾਫ਼ ਝੂਠਾ ਕੇਸ ਦਰਜ ਕਰਨ ਦਾ ਦੋਸ਼ ਲਾਇਆ ਹੈ। ਫ਼ਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਨੂੰ ਦਰਖਾਸਤ ਦੇਣ ਆਏ ਬੇਅੰਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਸ ਦਾ ਪੁੱਤਰ ਮਨਿੰਦਰ ਸਿੰਘ ਲੰਘੀ 21 ਜਨਵਰੀ ਨੂੰ ਟਰੈਕਟਰ ਪਰੇਡ ’ਚ ਹਿੱਸਾ ਲੈਣ ਲਈ ਦਿੱਲੀ ਗਿਆ ਸੀ। ਉਨ੍ਹਾਂ ਦੱਸਿਆ ਕਿ 28 ਜਨਵਰੀ ਨੂੰ ਮਨਿੰਦਰ ਨੇ ਦੱਸਿਆ ਕਿ ਉਹ ਇਸ ਵੇਲੇ ਸਿੰਘੂ ਹੱਦ ’ਤੇ ਮੌਜੂਦ ਹੈ ਅਤੇ ਉਸ ਨੂੰ ਕੁੱਝ ਲੋਕਾਂ ਨੇ ਘੇਰਿਆ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਦਾ ਮਨਿੰਦਰ ਨਾਲ ਸੰਪਰਕ ਟੁੱਟ ਗਿਆ। 31 ਜਨਵਰੀ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਦਿੱਲੀ ਦੇ ਅਲੀਪੁਰ ਥਾਣੇ ਦੀ ਪੁਲੀਸ ਨੇ ਮਨਿੰਦਰ ’ਤੇ ਕੇਸ ਦਰਜ ਕਰਕੇ ਉਸ ਨੂੰ ਤਿਹਾੜ ਜੇਲ੍ਹ ਭੇਜ ਦਿੱਤਾ ਹੈ। ਸਾਰੀ ਗੱਲਬਾਤ ਸੁਣਨ ਮਗਰੋਂ ਫ਼ਤਹਿਗੜ੍ਹ ਸਾਹਿਬ ਦੇ ਐੱਸਐੱਸਪੀ ਅਮਨੀਤ ਕੋਂਡਲ ਨੇ ਉਨ੍ਹਾਂ ਨੂੰ ਇਨਸਾਫ ਦਿਵਾਉਣ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਉਹ ਇਹ ਮਸਲਾ ਪੰਜਾਬ ਦੇ ਡੀਜੀਪੀ ਦੇ ਧਿਆਨ ’ਚ ਲਿਆਉਣਗੇ।