ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਅਪਰੈਲ
ਹਰਿਆਣਾ ਫਾਈਨੈਂਨਸ਼ੀਅਲ ਕਾਰਪੋਰੇਸ਼ਨ ਦੇ ਜਨਰਲ ਮੈਨੇਜਰ ਰਾਕੇਸ਼ ਖੁਰਾਣਾ ਨੇ ਇਕ ਔਰਤ ਮੁਲਾਜ਼ਮ ਖ਼ਿਲਾਫ਼ ਇਕ ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਅਦਾਲਤ ਨੇ ਔਰਤ ਨੂੰ ਨੋਟਿਸ ਜਾਰੀ ਕਰਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 17 ਮਈ ’ਤੇ ਪਾ ਦਿੱਤੀ ਹੈ। ਖੁਰਾਨਾ ਨੇ ਅਦਾਲਤ ਵਿੱਚ ਦਾਇਰ ਕੀਤੇ ਕੇਸ ਰਾਹੀਂ ਦੱਸਿਆ ਕਿ ਉਹ 75 ਫ਼ੀਸਦ ਸਰੀਰਕ ਤੌਰ ’ਤੇ ਅਯੋਗ ਹੈ, ਜਿਸ ਖ਼ਿਲਾਫ਼ ਇਕ ਔਰਤ ਮੁਲਾਜ਼ਮ ਨੇ ਛੇੜਛਾੜ ਦੀ ਸ਼ਿਕਾਇਤ ਕੀਤੀ ਸੀ। ਔਰਤ ਦੀ ਸ਼ਿਕਾਇਤ ’ਤੇ ਪੁਲੀਸ ਨੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤਾ ਸੀ ਪਰ ਹਰਿਆਣਾ ਸਰਕਾਰ ਦੀ ਜਾਂਚ ਕਮੇਟੀ ਨੇ ਕਲੀਨ ਚਿੱਟ ਦੇ ਦਿੱਤੀ ਹੈ। ਖੁਰਾਨਾ ਦੇ ਵਕੀਲ ਅਮਰ ਵਿਵੇਕ ਅਗਰਵਾਲ ਨੇ ਦੱਸਿਆ ਕਿ ਉਕਤ ਔਰਤ ਖ਼ਿਲਾਫ਼ ਵਿਭਾਗ ਵਿੱਚ ਗੜਬੜੀ ਦੀਆਂ ਕਈ ਸ਼ਿਕਾਇਤਾਂ ਪਹੁੰਚ ਰਹੀਆਂ ਸਨ। ਜਿਨ੍ਹਾਂ ਤੋਂ ਬਚਣ ਲਈ ਉਸ ਨੇ ਖੁਰਾਨਾ ਖ਼ਿਲਾਫ਼ ਝੁੱਠੀ ਸ਼ਿਕਾਇਤ ਕੀਤੀ। ਉਕਤ ਮਾਮਲੇ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਦੇ ਆਦੇਸ਼ ’ਤੇ ਜਾਂਚ ਕਮੇਟੀ ਬਣਾਈ ਗਈ। ਕਮੇਟੀ ਨੇ ਰਿਪੋਰਟ ਵਿੱਚ ਲਿਖਿਆ ਕਿ ਉਕਤ ਔਰਤ ਨੇ ਖੁਰਾਣਾ ਖ਼ਿਲਾਫ਼ ਝੁੱਠੀ ਸ਼ਿਕਾਇਤ ਦਿੱਤੀ ਸੀ। ਇਸੇ ਕਰਕੇ ਖੁਰਾਨਾ ਨੇ ਅਦਾਲਤ ਵਿੱਚ ਔਰਤ ਖ਼ਿਲਾਫ਼ ਇਕ ਕਰੋੜ ਰੁਪਏ ਦਾ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ।