ਪਰਮਜੀਤ ਸਿੰਘ/ਚੰਦਰ ਪ੍ਰਕਾਸ਼
ਫਾਜ਼ਿਲਕਾ/ਜਲਾਲਾਬਾਦ, 2 ਫਰਵਰੀ
ਜਲਾਲਾਬਾਦ ਦੀਆਂ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਤਹਿਸੀਲ ਕੰਪਲੈਕਸ ’ਚ ਨਾਮਜ਼ਦਗੀ ਦਾਖਲ ਕਰਨ ਵੇਲੇ ਅਕਾਲੀਆਂ ਤੇ ਕਾਂਗਰਸੀਆਂ ਦੀ ਅੱਜ ਆਪਸ ਵਿਚ ਤਿੱਖੀ ਝੜਪ ਹੋਈ। ਹਾਲਾਤ ਉਸ ਵੇਲੇ ਵਿਗੜ ਗਏ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਆਪਣੇ ਵਰਕਰਾਂ ਸਹਿਤ ਪੁੱਜੇ ਤੇ ਦੋਵਾਂ ਧਿਰਾਂ ਦਰਮਿਆਨ ਖਿੱਚਧੂਹ ਹੋਈ।
ਇਸ ਮੌਕੇ ਬਾਦਲ ਦੀ ਗੱਡੀ ਘੇਰੀ ਗਈ ਜਿਸ ਤੋਂ ਬਾਅਦ ਦੋਵੇਂ ਧਿਰਾਂ ਵਲੋਂ ਇਕ ਦੂਜੇ ’ਤੇ ਇੱਟਾਂ, ਪੱਥਰਾਂ ਤੇ ਡਾਂਗਾਂ ਨਾਲ ਹਮਲਾ ਕੀਤਾ ਗਿਆ ਤੇ ਗੋਲੀਆਂ ਵੀ ਚੱਲੀਆਂ। ਦੂਜੇ ਪਾਸੇ ਕਾਂਗਰਸੀਆਂ ਨੇ ਦੋਸ਼ ਲਾਇਆ ਕਿ ਸੁਖਬੀਰ ਗੈਂਗਸਟਰਾਂ ਤੇ ਹੋਰ ਵਰਕਰਾਂ ਨਾਲ ਆਏ ਤੇ ਆਉਂਦੇ ਹੀ ਧੱਕਾਮੁੱਕੀ ਕਰਨੀ ਸ਼ੁਰੂ ਕਰ ਦਿੱਤੀ। ਇਸ ਘਟਨਾ ’ਚ ਦੋ ਜਣਿਆਂ ਨੂੰ ਗੋਲੀਆਂ ਲੱਗੀਆਂ ਤੇ ਕੁੱਲ ਛੇ ਜਣੇ ਜ਼ਖ਼ਮੀ ਹੋ ਗਏ।
ਇਸ ਮੌਕੇ ਜ਼ਿਲ੍ਹਾ ਪੁਲੀਸ ਮੁਖੀ ਹਰਜੀਤ ਸਿੰਘ ਪੁਲੀਸ ਬਲ ਨਾਲ ਪੁੱਜੇ ਤੇ ਭੀੜ ਨੂੰ ਖਿੰਡਾ ਦਿੱਤਾ। ਇਸ ਤੋਂ ਬਾਅਦ ਅਕਾਲੀ ਦਲ ਵਲੋਂ ਆਪਣੇ ਉਮੀਦਵਾਰਾਂ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਏ ਗਏ।
ਪੱਤਰ ਦਾਖਲ ਕਰਨ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਆਪਣੇ ਵਰਕਰਾਂ ਨਾਲ ਸ਼ਹੀਦ ਊਧਮ ਸਿੰਘ ਚੌਕ ਪਹੁੰਚੇ ਜਿੱਥੇ ਉਨ੍ਹਾਂ ਨਾਲ ਜਨਮੇਜਾ ਸਿੰਘ ਸੇਖੋਂ, ਰੋਜ਼ੀ ਬਰਕੰਦੀ, ਵਰਦੇਵ ਸਿੰਘ ਮਾਨ, ਬੌਬੀ ਮਾਨ, ਪ੍ਰਕਾਸ਼ ਸਿੰਘ ਭੱਟੀ, ਸਤਿੰਦਰਜੀਤ ਸਿੰਘ ਮੰਟਾ ਤੇ ਵੱਡੀ ਗਿਣਤੀ ਵਰਕਰ ਪਹੁੰਚੇ ਜਿੱਥੇ ਉਨ੍ਹਾਂ ਪੁਲੀਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ ’ਤੇ ਸਵਾਲ ਖੜ੍ਹੇ ਕੀਤੇ। ਅਕਾਲੀਆਂ ਨੇ ਕਿਹਾ ਕਿ ਉਨ੍ਹਾਂ ਦੇ ਵਰਕਰਾਂ ’ਤੇ ਜਾਨਲੇਵਾ ਹਮਲਾ ਕਰਨ ਵਾਲਿਆਂ ’ਤੇ ਇਰਾਦਾ ਕਤਲ ਦਾ ਕੇਸ ਦਰਜ ਕੀਤਾ ਜਾਵੇ।
ਉਧਰ ਰਮਿੰਦਰ ਆਵਲਾ ਨੇ ਕਿਹਾ ਕਿ ਉਹ ਅੱਜ ਆਪਣੇ ਵਰਕਰਾਂ ਨਾਲ ਤਹਿਸੀਲ ਕੰਪਲੈਕਸ ’ਚ ਫਾਰਮ ਭਰਵਾਉਣ ਪਹੁੰਚੇ ਸਨ ਅਤੇ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਗੈਂਗਸਟਰਾਂ ਤੇ ਪੰਜ ਜ਼ਿਲ੍ਹਿਆਂ ਦੇ ਵਰਕਰਾਂ ਨਾਲ ਪੁੱਜੇ ਤੇ ਉਨ੍ਹਾਂ ਆਉਂਦਿਆਂ ਮਾਹੌਲ ਖਰਾਬ ਕਰਨਾ ਸ਼ੁਰੂ ਕਰ ਦਿੱਤਾ ਅਤੇ ਫਾਇਰਿੰਗ ਵੀ ਕੀਤੀ।
ਅਕਾਲੀ ਦਲ ਨੇ ਹਮਲੇ ਦੀ ਉੱਚ ਪੱਧਰੀ ਜਾਂਚ ਮੰਗੀ
ਚੰਡੀਗੜ੍ਹ (ਦਵਿੰਦਰ ਪਾਲ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਜਲਾਲਾਬਾਦ ਵਿਚ ਅਕਾਲੀ ਵਰਕਰਾਂ ਤੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਕਾਤਲਾਨਾ ਹਮਲਾ ਕਰਨ ਦੀ ਨਿਖੇਧੀ ਕਰਦਿਆਂ ਸੂਬੇ ਵਿਚ ਕਾਨੂੰਨ ਪ੍ਰਣਾਲੀ ਫੇਲ੍ਹ ਹੋਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦੋਸ਼ੀ ਮੰਨਦਿਆਂ ਅਸਤੀਫੇ ਦੀ ਮੰਗ ਕੀਤੀ ਹੈ। ਪਾਰਟੀ ਦੇ ਬੁਲਾਰੇ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜਲਾਲਾਬਾਦ ਪੁਲੀਸ ਇਸ ਅਪਰਾਧ ਵਿਚ ਆਪ ਹਿੱਸੇਦਾਰ ਸੀ ਜਿਸ ਨੇ ਹਮਲਾਵਰਾਂ ਨੂੰ ਰੋਕਣ ਦਾ ਕੋਈ ਯਤਨ ਨਹੀਂ ਕੀਤਾ। ਇਸ ਸਾਰੇ ਮਾਮਲੇ ਦੀ ਉਚ ਪੱਧਰੀ ਨਿਆਂਇਕ ਜਾਂਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਦੀ ਨਿਗਰਾਨੀ ਹੇਠ ਹੋਣੀ ਚਾਹੀਦੀ ਹੈ। ਹੁਣ ਇਹ ਸਪਸ਼ਟ ਹੋ ਗਿਆ ਹੈ ਕਿ ਇਨ੍ਹਾਂ ਹਾਲਾਤ ਵਿਚ ਆਜ਼ਾਦ ਤੇ ਨਿਰਪੱਖ ਮਿਉਂਸਿਪਲ ਚੋਣਾਂ ਹੋਣੀਆਂ ਸੰਭਵ ਨਹੀਂ ਹਨ। ਉਨ੍ਹਾਂ ਕਿਹਾ ਕਿ ਸੂਬਾ ਚੋਣ ਕਮਿਸ਼ਨ ਵੀ ਕਾਂਗਰਸੀਆਂ ’ਤੇ ਨਕੇਲ ਪਾਉਣ ਵਿਚ ਅਸਫਲ ਰਿਹਾ ਹੈ। ਅਕਾਲੀ ਦਲ ਨੇ ਮੰਗ ਕੀਤੀ ਕਿ ਸੂਬੇ ਵਿਚ ਪੈਰਾ ਮਿਲਟਰੀ ਫੋਰਸ ਤਾਇਨਾਤ ਕੀਤੀ ਜਾਵੇ।
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ’ਤੇ ਜਲਾਲਾਬਾਦ ਵਿੱਚ ਹੋਏ ਜਾਨਲੇਵਾ ਹਮਲੇ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਜਗੀਰ ਕੌਰ ਨੇ ਲੋਕਤੰਤਰ ਦਾ ਕਤਲ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਹਮਲਾ ਕਾਂਗਰਸ ਦੀ ਬੌਖਲਾਹਟ ਦਾ ਨਤੀਜਾ ਹੈ।
ਭਿੱਖੀਵਿੰਡ ’ਚ ‘ਆਪ’ ਤੇ ਅਕਾਲੀ ਵਰਕਰਾਂ ਦੀ ਕੁੱਟਮਾਰ
ਭਿੱਖੀਵਿੰਡ (ਨਰਿੰਦਰ ਸਿੰਘ): ਜ਼ਿਲ੍ਹਾ ਤਰਨ ਤਾਰਨ ਵਿਚ ਨਗਰ ਪੰਚਾਇਤ ਚੋਣਾਂ ਲਈ ਨਾਮਜ਼ਦਗੀਆਂ ਭਰਨ ਮੌਕੇ ਕਥਿਤ ਕਾਂਗਰਸ ਦੇ ਬੰਦਿਆਂ ਨੇ ਪੁਲੀਸ ਦੀ ਹਾਜ਼ਰੀ ਵਿਚ ‘ਆਪ’ ਦੇ ਉਮੀਦਵਾਰ ਕੋਲੋਂ ਪੇਪਰ ਖੋਹ ਕੇ ਪਾੜ ਦਿੱਤੇ ਤੇ ਉਸ ਦੀ ਪੱਗ ਲਾਹ ਕੇ ਕੁੱਟਮਾਰ ਵੀ ਕੀਤੀ। ਇਸ ਦੇ ਚਲਦਿਆਂ ਉੱਥੇ ਹੋਰ ਪੁਲੀਸ ਮੁਲਾਜ਼ਮ ਪੁੱਜ ਗਏ। ਇਸ ਤੋਂ ਬਾਅਦ ਜਦੋਂ ਅਕਾਲੀ ਦਲ ਦੇ ਉਮੀਦਵਾਰ ਪੇਪਰ ਦਾਖ਼ਲ ਕਰਵਾਉਣ ਲਈ ਅੱਗੇ ਵਧੇ ਤਾਂ ਉਨ੍ਹਾਂ ’ਤੇ ਪੱਥਰਬਾਜ਼ੀ ਕੀਤੀ ਗਈ। ਪੁਲੀਸ ਦੀ ਹਾਜ਼ਰੀ ਵਿਚ ਗੋਲੀਆਂ, ਕਿਰਪਾਨਾਂ, ਡਾਂਗਾਂ ਤੇ ਬੇਸਬਾਲ ਚੱਲੇ। ਗੱਡੀਆਂ ਦੀ ਭੰਨਤੋੜ ਕੀਤੀ ਗਈ। ਇਹ ਗੁੰਡਾਗਰਦੀ ਕਰੀਬ ਅੱਧਾ ਚਲਦੀ ਰਹੀ। ਪੁਲੀਸ ਇਨ੍ਹਾਂ ਨੂੰ ਰੋਕਣ ਦੀ ਬਜਾਇ ਗੱਡੀਆਂ ਭਜਾ ਕੇ ਲੈ ਗਈ। ‘ਆਪ’ ਉਮੀਦਵਾਰ ਦੀ ਕੁੱਟਮਾਰ ਤੋਂ ਬਾਅਦ ਜਦੋਂ ਡੀਐੱਸਪੀ ਭਿੱਖੀਵਿੰਡ ਰਾਜਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਪੇਪਰ ਪਾੜਨ ਜਾਂ ਕੁੱਟਮਾਰ ਦੀ ਕਿਸੇ ਵੀ ਘਟਨਾ ਤੋਂ ਸਾਫ਼ ਇਨਕਾਰ ਕਰਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਦੀ ਗੱਲ ਕੀਤੀ। ਉਨ੍ਹਾਂ ਸ਼ਿਕਾਇਤ ਮਿਲਣ ’ਤੇ ਦੋਸ਼ੀਆ ਖ਼ਿਲਾਫ਼ ਕਾਰਵਾਈ ਕਰਨ ਦੀ ਗੱਲ ਆਖੀ। ਇਸ ਬਾਰੇ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਕਾਂਗਰਸ ਲੋਕਤੰਤਰ ਦਾ ਘਾਣ ਕਰਨ ’ਤੇ ਉਤਰ ਆਈ ਹੈ। ਉਨ੍ਹਾਂ ਕਿਹਾ ਕਿ ਇੱਕ ਅਕਾਲੀ ਵਰਕਰ ਨੂੰ ਗੋਲੀ ਲੱਗੀ ਹੈ ਤੇ ਕਈ ਹੋਰ ਜ਼ਖਮੀ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਇਨਸਾਫ਼ ਲੈਣ ਲਈ ਭਿੱਖੀਵਿੰਡ ਵਿਚ ਧਰਨਾ ਦੇਣਗੇ।