ਪੱਤਰ ਪ੍ਰੇਰਕ
ਜ਼ੀਰਾ, 29 ਜੁਲਾਈ
ਇੱਥੇ ਸ਼ਰਾਬ ਫੈਕਟਰੀ ਮਨਸੂਰਵਾਲ ਕਲਾਂ ਦੇ ਮੁੱਖ ਗੇਟ ਅੱਗੇ ਕਿਸਾਨ ਜਥੇਬੰਦੀਆਂ ਵੱਲੋਂ ਲਾਇਆ ਧਰਨਾ ਅੱਜ 7ਵੇਂ ਦਿਨ ਵੀ ਜਾਰੀ ਰਿਹਾ। ਜ਼ਿਕਰਯੋਗ ਹੈ ਕਿ ਧਰਨੇ ਵਿੱਚ ਵੱਡੀ ਗਿਣਤੀ ’ਚ ਔਰਤਾਂ ਸ਼ਾਮਲ ਹੋ ਰਹੀਆਂ ਹਨ। ਆਗੂ ਬਲਦੇਵ ਜ਼ੀਰਾ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਜਗਰਾਜ ਸਿੰਘ ਫੇਰੋਕੇ, ਗੁਰਮੇਲ ਸਿੰਘ ਸਰਪੰਚ, ਰੋਮਨ ਸਿੰਘ ਤੇ ਹਰਪ੍ਰੀਤ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ 30 ਪਿੰਡਾਂ ਨੇ ਗ੍ਰਾਮ ਸਭਾ ਰਾਹੀਂ ਸ਼ਰਾਬ ਫੈਕਟਰੀ ਦੇ ਵਿਰੋਧ ਵਿੱਚ ਮਤਾ ਪਾਇਆ ਹੈ ਅਤੇ ਲੋਕ ਮੰਗ ਕਰ ਰਹੇ ਹਨ ਕਿ ਉਨ੍ਹਾਂ ਨੂੰ ਇਲਾਕੇ ਵਿੱਚ ਇਹ ਫੈਕਟਰੀ ਨਹੀਂ ਚਾਹੀਦੀ, ਪਰ ਸਰਕਾਰ ਅਜੇ ਵੀ ਚੁੱਪ ਧਾਰ ਕੇ ਬੈਠੀ ਹੋਈ ਹੈ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਵੱਡੀਆਂ-ਵੱਡੀਆਂ ਗੱਲਾਂ ਕਰ ਰਹੀ ਹੈ, ਪਰ ਜਿਹੜੀਆਂ ਫੈਕਟਰੀਆਂ ਸ਼ਰੇਆਮ ਧਰਤੀ ਹੇਠਲਾ ਪਾਣੀ ਖਰਾਬ ਕਰ ਰਹੀਆਂ ਹਨ, ਉਨ੍ਹਾਂ ਦੇ ਵਿਰੋਧ ਵਿੱਚ ਸਰਕਾਰ ਚੁੱਪ ਹੈ। ਇਸ ਦੌਰਾਨ ਲੋਕਾਂ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਫੈਕਟਰੀ ਤੁਰੰਤ ਬੰਦ ਕਰਕੇ ਇਸ ਦੇ ਮਾਲਕਾਂ ਤੇ ਪ੍ਰਬੰਧਕਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ, ਕਿਉਂ ਕਿ ਇੱਥੇ ਕੈਂਸਰ ਕਾਰਨ ਕਈ ਜਾਨਾਂ ਚੁੱਕੀਆਂ ਹਨ।