ਗੁਰਮੀਤ ਸਿੰਘ*
ਫੁਰਤੀਲੀ ਫੁਟਕੀ ਇੱਕ ਨਿੱਕਾ ਜਿਹਾ ਰਾਹਗੀਰ ਪੰਛੀ ਹੈ ਜੋ ਆਮ ਤੌਰ ’ਤੇ ਛੋਟੇ- ਛੋਟੇ ਘਾਹ ਵਾਲੇ ਛੰਭਾਂ, ਖੁੱਲ੍ਹੇ ਜੰਗਲਾਂ, ਝਾੜੀਆਂ ਅਤੇ ਕਈ ਬਾਰ ਬਾਗਾਂ ਵਿੱਚ ਵੀ ਪਾਇਆ ਜਾਂਦਾ ਹੈ। ਇਸ ਨੂੰ ਪੰਜਾਬ ਤੇ ਹਰਿਆਣਾ ਵਿੱਚ ਕਈ ਥਾਵਾਂ ’ਤੇ ਵੇਖਿਆ ਜਾ ਸਕਦਾ ਹੈ। ਪੰਜਾਬੀ ਵਿੱਚ ਇਸ ਨੂੰ ‘ਫੁਟਕੀ’, ਅੰਗਰੇਜ਼ੀ ਵਿੱਚ ‘ਪਲੇਨ ਪਰੀਨੀਆ’ (plain prinia) ਅਤੇ ਹਿੰਦੀ ਵਿੱਚ ਮੈਦਾਨੀ ਫੁਟਕੀ ਜਾਂ ਫੁਤਕੀ ਕਹਿੰਦੇ ਹਨ। ਇਹ ਭਾਰਤ ਅਤੇ ਪਾਕਿਸਤਾਨ ਤੋਂ ਦੱਖਣੀ-ਚੀਨ ਅਤੇ ਦੱਖਣੀ-ਪੂਰਬੀ ਏਸ਼ੀਆ ਵਿੱਚ ਮਿਲਣ ਵਾਲਾ ਪੰਛੀ ਹੈ।
ਇਹ ਪੰਛੀ 13 ਤੋਂ 14 ਸੈਂਟੀਮੀਟਰ ਲੰਬਾ ਹੁੰਦਾ ਹੈ। ਇਨ੍ਹਾਂ ਦੇ ਛੋਟੇ ਗੋਲ ਖੰਭ, ਲੰਬੀ ਪੂਛ, ਮਜ਼ਬੂਤ ਲੱਤਾਂ ਅਤੇ ਛੋਟੀ ਜਿਹੀ ਕਾਲੀ ਚੁੰਝ ਹੁੰਦੀ ਹੈ। ਸਰਦੀਆਂ ਵਿੱਚ ਇਸ ਦੇ ਉੱਪਰਲੇ ਹਿੱਸੇ ਭੂਰੇ ਹੁੰਦੇ ਹਨ ਅਤੇ ਹੇਠਲੇ ਹਿੱਸੇ ਵਧੇਰੇ ਗੂੜ੍ਹੇ ਹੁੰਦੇ ਹਨ। ਨਰ ਮਾਦਾ ਇੱਕੋ ਜਿਹੇ ਹੁੰਦੇ ਹਨ। ਬਹੁਤ ਛੋਟੇ, ਪਰ ਲੰਬੀ ਪੂਛ ਦੇ ਮਾਲਕ ਹੋਣ ਕਰਕੇ ਇਹ ਪੰਛੀ ਦੂਜੇ ਪੰਛੀਆਂ ਦੇ ਮੁਕਾਬਲੇ ਨਾ ਤਾਂ ਚੰਗੀ ਤਰ੍ਹਾਂ ਉੱਡਦੇ ਹਨ ਅਤੇ ਨਾ ਹੀ ਰੁੱਖਾਂ ’ਤੇ ਬਸੇਰਾ ਕਰਦੇ ਹਨ। ਇਹ ਪੰਛੀ ਕੀੜੇ-ਮਕੌੜੇ, ਲਾਰਵੇ ਅਤੇ ਹੋਰ ਕਿਸਮ ਦੀਆਂ ਛੋਟੀਆਂ ਮੱਕੜੀਆਂ ਖਾਂਦੇ ਹਨ। ਇਹ ਆਪਣਾ ਸਮਾਂ ਜ਼ਿਆਦਾਤਰ ਘਾਹ ਦੇ ਤਣਿਆਂ ਦੇ ਵਿਚਕਾਰ ਇਕੱਲੇ ਜਾਂ ਟਪੂਸੀਆਂ ਮਾਰਨ ਵਿੱਚ ਬਿਤਾਉਂਦੇ ਹਨ।
ਪ੍ਰਜਣਨ ਦੇ ਵੇਲੇ ਨਰ ਫੁਟਕੀ ਦਾ ਉੱਪਰ ਤੋਂ ਰੰਗ ਸਲੇਟੀ-ਭੂਰਾ ਹੋ ਜਾਂਦਾ ਹੈ। ਇਹ ਸਾਰਾ ਸਾਲ ਪ੍ਰਜਣਨ ਕਰਦੇ ਹਨ ਅਤੇ ਘਾਹ ਜਾਂ ਨੀਵੀਂ ਝਾੜੀ ਵਿੱਚ ਜਾਂ ਛੰਭ ਦੇ ਕਾਨਿਆਂ ਵਿੱਚ ਡੂੰਘੇ ਕੱਪ ਦੇ ਆਕਾਰ ਦਾ ਆਲ੍ਹਣਾ ਬਣਾਉਂਦੇ ਹਨ ਜੋ ਅਕਸਰ ਜ਼ਮੀਨ ਤੋਂ ਕੁਝ ਫੁੱਟ ਉੱਚਾ ਹੁੰਦਾ ਹੈ। ਇਸ ਵਿੱਚ ਮਾਦਾ ਤਿੰਨ ਤੋਂ ਛੇ ਆਂਡੇ ਦਿੰਦੀ ਹੈ।
ਭਾਰਤ ਵਿੱਚ ਜੰਗਲੀ ਜੀਵ (ਸੁਰੱਖਿਆ) ਐਕਟ, 1972 ਲਾਗੂ ਹੋਣ ਨਾਲ ਫੁਟਕੀ ਨੂੰ ਖਤਰਾ ਤਾਂ ਨਹੀਂ ਹੈ, ਪਰ ਮਨੁੱਖ ਤੋਂ ਇਸ ਨੂੰ ਹਮੇਸ਼ਾਂ ਖਤਰਾ ਬਣਿਆ ਰਹੇਗਾ। ਫੁਟਕੀ ਘਰੇਲੂ ਚਿੜੀ ਨਾਲੋਂ ਵੀ ਛੋਟਾ ਪੰਛੀ ਹੈ ਜੋ ਕਿ 8 ਜਾਂ 9 ਗ੍ਰਾਮ ਵਜ਼ਨ ਦਾ ਹੁੰਦਾ ਹੈ ਅਤੇ ਸਾਡੇ ਵਾਤਾਵਰਨ ਵਿੱਚੋਂ ਕੀੜੇ-ਮਕੌੜੇ ਹਰ ਰੋਜ਼ ਖਾ ਕੇ 2 ਤੋਂ 4 ਸਾਲ ਵਿੱਚ ਮਰ ਜਾਂਦਾ ਹੈ।
*ਪ੍ਰਧਾਨ, ਨੇਚਰ ਕੰਜ਼ਰਵੇਸ਼ਨ ਸੁਸਾਇਟੀ, ਪੰਜਾਬ
ਸੰਪਰਕ: 98884-56910