ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 29 ਜੂਨ
ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪੰਜਵੇਂ ਦਿਨ ਸਿਫਰ ਕਾਲ ਦੌਰਾਨ ‘ਆਪ’ ਵਿਧਾਇਕ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਪਣੀ ਹੀ ਸਰਕਾਰ ’ਤੇ ਉਂਗਲ ਉਠਾ ਦਿੱਤੀ| ਉਨ੍ਹਾਂ ਸਰਕਾਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੰਮ੍ਰਿਤਸਰ ਪੁਲੀਸ ਵੱਲੋਂ ਦਿੱਤੇ ਜਾ ਰਹੇ ਵੀਆਈਪੀ ਟਰੀਟਮੈਂਟ ਦਾ ਮੁੱਦਾ ਚੁੱਕਿਆ| ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਟਰਾਂਜ਼ਿਟ ਰਿਮਾਂਡ ਲੈਣ ਮਗਰੋਂ ਅੰਮ੍ਰਿਤਸਰ ਵਿਚ ਲਾਰੈਂਸ ਬਿਸ਼ਨੋਈ ਨਾਲ ਤਾਇਨਾਤ ਪੁਲੀਸ ’ਤੇ ਵੀਆਈਪੀ ਡਿਊਟੀ ਦਾ ਟੈਗ ਲਾਇਆ ਜਾ ਰਿਹਾ ਹੈ, ਉਹ ਜਵਾਨੀ ਲਈ ਠੀਕ ਨਹੀਂ| ਵਿਰੋਧੀ ਧਿਰ ਵੱਲੋਂ ਕੁੰਵਰ ਵਿਜੈ ਪ੍ਰਤਾਪ ਸਿੰਘ ਵੱਲੋਂ ਉਠਾਏ ਮੁੱਦੇ ’ਤੇ ਮੇਜ ਥਪਥਪਾਏ ਗਏ| ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਵੀਆਈਪੀ ਡਿਊਟੀ ਦੀ ਪੁਰਾਣੀ ਪ੍ਰਥਾ ਚੱਲੀ ਆ ਰਹੀ ਹੈ ਜੋ ਕਿ ਹੁਣ ਬੰਦ ਹੋਣੀ ਚਾਹੀਦੀ ਹੈ| ਵਿਧਾਇਕ ਨੇ ਆਪਣੇ ਹਲਕੇ ਦੇ ਪੀਣ ਵਾਲੇ ਪਾਣੀ ਦਾ ਮੁੱਦਾ ਵੀ ਚੁੱਕਿਆ| ਸਿਰਫ ਕਾਲ ਵਿਚ ਵਿਧਾਇਕ ਜੈ ਕਿਸ਼ਨ ਰੋੋੜੀ ਨੇ ਵੀ ਪੀਣ ਵਾਲੇ ਪਾਣੀ ਦੀ ਗੱਲ ਰੱਖੀ| ਵਿਧਾਇਕ ਮਨਜੀਤ ਬਿਲਾਸਪੁਰ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਦੀਨਾ ਸਾਹਿਬ ਨੂੰ ਧਾਰਮਿਕ ਟੂਰਿਜ਼ਮ ਵਜੋਂ ਵਿਕਸਿਤ ਕਰਨ ਦੀ ਮੰਗ ਰੱਖੀ| ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਧਾਰ ਕਲਾਂ ਬਲਾਕ ਵਿੱਚ ਹਾਈ ਕੋਰਟ ਦੇ ਫੈਸਲੇ ਦੀ ਆੜ ਵਿਚ ਜੰਗਲਾਤ ਵਿਭਾਗ ਵੱਲੋਂ ਗਰੀਬ ਲੋਕਾਂ ਤੋਂ ਮਾਲਕਾਨਾ ਹੱਕ ਖੋਹ ਕੇ ਜੰਗਲਾਤ ਦੇ ਨਾਮ ’ਤੇ ਗਿਰਦਾਵਰੀਆਂ ਕੀਤੇ ਜਾਣ ਦੇ ਮੁੱਦਾ ਚੁੱਕਿਆ।
ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਆਪਣੀ ਬਰਾਦਰੀ ਦੀ ਗੱਲ ਕੀਤੀ| ਵਿਧਾਇਕ ਅਮਨ ਅਰੋੜਾ ਨੇ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਲਈ ਸ਼ੁਰੂ ਕੀਤੀ ਬੱਸ ਸੇਵਾ ਬਾਰੇ ਕਾਨੂੰਨੀ ਜਾਣਕਾਰੀ ਦਿੱਤੀ ਜਦੋਂ ਕਿ ਪ੍ਰਤਾਪ ਬਾਜਵਾ ਨੇ ਕਾਂਗਰਸ ਸਰਕਾਰ ਵੱਲੋਂ ਲਿਖੇ ਪੱਤਰਾਂ ਦਾ ਵੇਰਵਾ ਦਿੱਤਾ| ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਸ਼ਗਨ ਸਕੀਮ ਦੀ ਗੱਲ ਕਰਦਿਆਂ ਕਿਹਾ ਕਿ ਬਹੁਤੇ ਸਾਰੀਆਂ ਵਿਆਹੁਤਾ ਲੜਕੀਆਂ ਸ਼ਗਨ ਸਕੀਮ ਤੋਂ ਵਾਂਝੀਆਂ ਰਹਿ ਗਈਆਂ ਹਨ ਕਿਉਂਕਿ ਪਟਵਾਰੀ ਇਸ ਨੂੰ ਤਸਦੀਕ ਕਰਦਾ ਹੈ|
ਉਨ੍ਹਾਂ ਕਿਹਾ ਕਿ ਅਜਿਹੇ ਕੇਸਾਂ ’ਤੇ ਮੁੜ ਵਿਚਾਰ ਕੀਤਾ ਜਾਵੇ| ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਵਣਾਂਵਾਲੀ ਨੇ ਮੰਗ ਉਠਾਈ ਕਿ ਪੁਰਸ਼ਾਂ ਲਈ ਬੁਢਾਪਾ ਪੈਨਸ਼ਨ ਦੀ ਉਮਰ ਹੱਦ 65 ਸਾਲ ਤੋਂ ਘਟਾ ਕੇ 50 ਸਾਲ ਕੀਤੀ ਜਾਵੇ ਅਤੇ ਉਮਰ ਦੀ ਤਸਦੀਕ ਡਾਕਟਰਾਂ ਦੇ ਬੋਰਡ ਤੋਂ ਕਰਾਈ ਜਾਵੇ |
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ‘ਆਪ’ ਨੂੰ ਚੇਤੇ ਕਰਾਇਆ ਕਿ ਗੱਠਜੋੜ ਸਰਕਾਰ ਸਮੇਂ ਹੋਏ ਬਿਜਲੀ ਸਮਝੌਤੇ ਹੁਣ ਕੀਤੇ ਚੋਣ ਵਾਅਦੇ ਮੁਤਾਬਕ ਸਰਕਾਰ ਰੱਦ ਕਰੇ| ਉਨ੍ਹਾਂ ਹਵਾਲਾ ਦਿੱਤਾ ਕਿ ਅਮਨ ਅਰੋੜਾ ਵੱਲੋਂ ਸਮਝੌਤੇ ਰੱਦ ਹੋਣ ਨਾਲ 70 ਹਜ਼ਾਰ ਕਰੋੜ ਰੁਪਏ ਦੀ ਬੱਚਤ ਹੋਣ ਦੀ ਗੱਲ ਆਖੀ ਗਈ ਸੀ|
ਵਿਧਾਇਕ ਅਵਤਾਰ ਜੂਨੀਅਰ ਹੈਨਰੀ ਨੇ ਮੂੰਗੀ ਦੀ ਫਸਲ ਦੀ ਖਰੀਦ ਘੱਟੋ ਘੱਟ ਸਮਰਥਨ ਮੁੱਲ ਤੋਂ ਹੇਠਾਂ ਹੋਣ ਦਾ ਮਸਲਾ ਚੁੱਕਿਆ| ਉਨ੍ਹਾਂ ਕਿਹਾ ਕਿ ਪੰਜਾਬ ਵਿਚ 73 ਹਜ਼ਾਰ ਕੁਇੰਟਲ ਮੂੰਗੀ ਦੀ ਫ਼ਸਲ ਸਰਕਾਰੀ ਭਾਅ ਤੋਂ ਹੇਠਾਂ ਵਿਕੀ ਹੈ ਜਿਸ ਕਰਕੇ ਇਨ੍ਹਾਂ ਕਿਸਾਨਾਂ ਨੂੰ ਪੂਰਾ ਮੁੱਲ ਦਿੱਤਾ ਜਾਵੇ| ਉਨ੍ਹਾਂ ਇਹ ਵੀ ਕਿਹਾ ਕਿ 93 ਹਜ਼ਾਰ ਕੁਇੰਟਲ ਦੀ ਖਰੀਦ ਵਿੱਚੋਂ ਸਿਰਫ 9902 ਕੁਇੰਟਲ ਮੂੰਗੀ ਦੀ ਸਰਕਾਰੀ ਖਰੀਦ ਹੋਈ ਹੈ|
‘ਅਮੂਲ’ ਮਾਮਲੇ ’ਤੇ ਅਫਸਰ ਖ਼ਿਲਾਫ਼ ਕਾਰਵਾਈ ਕਰਾਂਗੇ: ਧਾਲੀਵਾਲ
ਕਾਂਗਰਸੀ ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਨੇ ਗੁਜਰਾਤ ਦੇ ਸਹਿਕਾਰੀ ਅਦਾਰੇ ‘ਅਮੂਲ’ ਨੂੰ ਪੰਜਾਬ ਵਿਚ ਮਿਲਕ ਪਲਾਂਟ ਦਾ ਸੱਦਾ ਦਿੱਤੇ ਜਾਣ ਦੇ ਮਾਮਲੇ ’ਤੇ ਪਸ਼ੂ ਪਾਲਣ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਘੇਰਿਆ| ਉਨ੍ਹਾਂ ਡੇਅਰੀ ਵਿਕਾਸ ਵਿਭਾਗ ਦੇ ਡਾਇਰੈਕਟਰ ਵੱਲੋਂ ਅਮੂਲ ਦੇ ਐੱਮਡੀ ਨੂੰ 20 ਅਪਰੈਲ 2022 ਨੂੰ ਲਿਖੇ ਪੱਤਰ ਨੂੰ ਸਦਨ ਵਿਚ ਦਿਖਾਉਂਦੇ ਹੋਏ ਕਿਹਾ ਕਿ ਅਮੁਲ ਦੇ ਪੰਜਾਬ ਵਿੱਚ ਇਸ ਤਰ੍ਹਾਂ ਅੱਗੇ ਵਧਣ ਨਾਲ ਪੰਜਾਬ ਦੇ ਵੇਰਕਾ ਬਰਾਂਡ ਨੂੰ ਧੱਕਾ ਲੱਗੇਗਾ| ਪਸ਼ੂ ਪਾਲਣ ਮੰਤਰੀ ਧਾਲੀਵਾਲ ਨੇ ਕਿਹਾ ਕਿ ਜਿਸ ਅਧਿਕਾਰੀ ਵੱਲੋਂ ਇਹ ਪੱਤਰ ਲਿਖਿਆ ਗਿਆ ਹੈ, ਉਸ ਅਫਸਰ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ| ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਸੁਆਲ ਕੀਤਾ ਕਿ ਚਾਰ ਸਾਲ ਪਹਿਲਾਂ ਪੰਜਾਬ ਵਿਚ ਅਮੁਲ ਨੂੰ ਕੌਣ ਲੈ ਕੇ ਆਇਆ ਸੀ|
ਲਾਈਵ ਪ੍ਰਸਾਰਣ ਵਿੱਚ ਵਿਰੋਧੀ ਧਿਰ ਦੀ ਅਣਦੇਖੀ: ਬਾਜਵਾ
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਵਿਧਾਨ ਸਭਾ ਦੀ ਕਾਰਵਾਈ ਦੇ ਲਾਈਵ ਪ੍ਰਸਾਰਣ ਦੌਰਾਨ ਗੜਬੜੀ ਦਾ ਮਾਮਲਾ ਸਪੀਕਰ ਕੋਲ ਉਠਾਇਆ| ਉਨ੍ਹਾਂ ਸਿਫਰ ਕਾਲ ਦੌਰਾਨ ਕਿਹਾ ਕਿ ਜਦੋਂ ਵਿਰੋਧੀ ਧਿਰ ਦਾ ਵਿਧਾਇਕ ਬੋਲ ਰਿਹਾ ਹੁੰਦਾ ਹੈ ਤਾਂ ਕੈਮਰਾ ਫੋਕਸ ਨਹੀਂ ਹੁੰਦਾ ਅਤੇ ਵਿਰੋਧੀ ਵਿਧਾਇਕਾਂ ਦਾ ਭਾਸ਼ਣ ਪੂਰਾ ਨਹੀਂ ਦਿਖਾਇਆ ਜਾਂਦਾ ਜਦੋਂ ਕਿ ‘ਆਪ’ ਵਿਧਾਇਕਾਂ ’ਤੇ ਕੈਮਰਾ ਫੋਕਸ ਹੁੰਦਾ ਹੈ| ਉਨ੍ਹਾਂ ਸਪੀਕਰ ਨੂੰ ਵੱਖਰਾ ਪੱਤਰ ਲਿਖ ਕੇ ਵੀ ਕਿਹਾ ਕਿ ਸਾਰੇ ਵਿਧਾਇਕਾਂ ਦਾ ਬਿਨਾਂ ਪੱਖਪਾਤ ਤੋਂ ਲਾਈਵ ਪ੍ਰਸਾਰਣ ਹੋਣਾ ਚਾਹੀਦਾ ਹੈ।