ਜੋਗਿੰਦਰ ਸਿੰਘ ਮਾਨ
ਮਾਨਸਾ, 4 ਨਵੰਬਰ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਕੌਮੀ ਜਾਂਚ ਏਜੰਸੀ (ਐੱਨਆਈਏ) ਵੱਲੋਂ ਪੰਜਾਬੀ ਗਾਇਕਾ ਜੈਨੀ ਜੌਹਲ ਤੋਂ ਪੁੱਛ-ਪੜਤਾਲ ਕੀਤੀ ਗਈ ਹੈ। ਐੱਨਆਈਏ ਵੱਲੋਂ ਇਹ ਪੁੱਛ-ਪੜਤਾਲ ਮਰਹੂਮ ਪੰਜਾਬੀ ਗਾਇਕ ਦੇ ਪਿਤਾ ਬਲਕੌਰ ਸਿੰਘ ਸਿੱਧੂ ਵੱਲੋਂ ਪੰਜਾਬ ਸਰਕਾਰ ਨੂੰ ਖੁੱਲ੍ਹੀ ਚੁਣੌਤੀ ਦੇਣ ਮਗਰੋਂ ਕੀਤੀ ਗਈ ਹੈ। ਜੈਨੀ ਜੌਹਲ ਤੋਂ ਲਗਪਗ ਚਾਰ ਘੰਟੇ ਪੁੱਛ-ਪੜਤਾਲ ਕੀਤੀ ਗਈ ਦੱਸੀ ਜਾਂਦੀ ਹੈ। ਇਸੇ ਕੇਸ ਵਿੱਚ ਹੀ ਵੀਰਵਾਰ ਨੂੰ ਗਾਇਕ ਮਨਕੀਰਤ ਔਲਖ ਅਤੇ ਦਿਲਪ੍ਰੀਤ ਢਿੱਲੋਂ ਤੋਂ ਵੀ ਐੱਨਆਈਏ ਦੇ ਦਿੱਲੀ ਸਥਿਤ ਮੁੱਖ ਦਫ਼ਤਰ ਵਿੱਚ ਪੁੱਛ-ਪੜਤਾਲ ਕੀਤੀ ਗਈ ਸੀ।
ਪੰਜਾਬ ਪੁਲੀਸ ਦੇ ਇੱਕ ਅਧਿਕਾਰੀ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਜੈਨੀ ਜੌਹਲ ਤੋਂ ਪੁੱਛ-ਪੜਤਾਲ ਦਿੱਲੀ ਸਥਿਤ ਐੱਨਆਈਏ ਦੇ ਮੁੱਖ ਦਫਤਰ ਵਿੱਚ ਕੀਤੀ ਗਈ ਹੈ, ਜਿਸਦਾ ਪੰਜਾਬ ਪੁਲੀਸ ਨਾਲ ਕੋਈ ਵੀ ਸਬੰਧ ਨਹੀਂ ਹੈ। ਦੱਸਣਯੋਗ ਹੈ ਕਿ ਜੈਨੀ ਜੌਹਲ ਨੇ ਕੁੱਝ ਸਮਾਂ ਪਹਿਲਾਂ ਇੱਕ ਗੀਤ ‘ਲੈਟਰ ਟੂ ਸੀਐਮ’ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਦਰਦ ਦੇ ਰੂਪ ਵਿੱਚ ਗਾਇਆ ਸੀ, ਜਿਸ ਵਿਚ ਇਨਸਾਫ਼ ਲਈ ਮੁੱਖ ਮੰਤਰੀ ਨੂੰ ਮਿਹਣੇ ਮਾਰੇ ਗਏ ਸਨ। ਇਹ ਗੀਤ ਕਾਫ਼ੀ ਚਰਚਾ ਵਿੱਚ ਰਹਿਣ ਤੋਂ ਬਾਅਦ ਇਸ ਨੂੰ ਯੂ-ਟਿਊਬ ਤੋਂ ਹਟਾ ਲਿਆ ਗਿਆ ਸੀ। ਇਸ ਤੋਂ ਪਹਿਲਾਂ ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੋਂ ਵੀ ਐੱਨਆਈਏ ਨੇ ਪੁੱਛ-ਪੜਤਾਲ ਕੀਤੀ ਗਈ ਸੀ ਅਤੇ ਅਫਸਾਨਾ ਖਾਨ ਨੇ ਖੁਲਾਸਾ ਕੀਤਾ ਸੀ ਕਿ ਛੇਤੀ ਹੀ ਹੋਰ ਪੰਜਾਬੀ ਹੋਰ ਗਾਇਕਾਂ ਅਤੇ ਕੁਝ ਲੋਕਾਂ ਨੂੰ ਜਾਂਚ-ਪੜਤਾਲ ਲਈ ਬੁਲਾਇਆ ਜਾ ਸਕਦਾ ਹੈ।
ਸਰਬਜੋਤ ਅਤੇ ਬਿੱਟੂ ਦਾ 7 ਤੱਕ ਮੁੜ ਪੁਲੀਸ ਰਿਮਾਂਡ
ਸਿੱਧੂ ਮੂਸੇਵਾਲਾ ਕਤਲ ਮਾਮਲੇ ‘ਚ ਮਾਨਸਾ ਪੁਲੀਸ ਵੱਲੋਂ ਰਾਜਸਥਾਨ ਤੋਂ ਗ੍ਰਿਫ਼ਤਾਰ ਕੀਤੇ ਸਰਬਜੋਤ ਸਿੰਘ ਅਤੇ ਗੈਂਗਸਟਰ ਦੀਪਕ ਟੀਨੂ ਦੇ ਭਰਾ ਬਿੱਟੂ ਨੂੰ ਅੱਜ ਮਾਨਸਾ ਦੇ ਸਿਵਲ ਹਸਪਤਾਲ ਵਿੱਚ ਡਾਕਟਰੀ ਮੁਆਇਨਾ ਕਰਵਾਉਣ ਤੋਂ ਮਗਰੋਂ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਅਦਾਲਤ ਵੱਲੋਂ ਉਨ੍ਹਾਂ ਦਾ 7 ਨਵੰਬਰ ਦਾ ਮੁੜ ਰਿਮਾਂਡ ਦਿੱਤਾ ਗਿਆ। ਸਰਬਜੋਤ ਸਿੰਘ ‘ਤੇ ਦੀਪਕ ਟੀਨੂ ਨੂੰ ਫਰਾਰ ਹੋਣ ਮਗਰੋਂ ਪਨਾਹ ਦੇਣ ਦਾ ਦੋਸ਼ ਹੈ ਜਦੋਂ ਕਿ ਦੀਪਕ ਟੀਨੂ ਦੇ ਭਰਾ ਬਿੱਟੂ ‘ਤੇ ਉਸ ਦੀ ਮਾਨਸਾ ਦੇ ਸੀਆਈਏ ਦੇ ਬਰਖਾਸਤ ਇੰਚਾਰਜ ਪ੍ਰ੍ਰਿਤਪਾਲ ਸਿੰਘ ਦੀ ਗ੍ਰਿਫ਼ਤ ‘ਚੋਂ ਫਰਾਰ ਹੋਣ ਵੇਲੇ ਸਹਾਇਤਾ ਕਰਨ ਦੇ ਦੋਸ਼ ਹਨ।