ਬਹਾਦਰਜੀਤ ਸਿੰਘ
ਰੂਪਨਗਰ, 3 ਅਪਰੈਲ
ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਬੱਸਾਂ ਵਿੱਚ ਔਰਤਾਂ ਦਾ ਕਿਰਾਇਆ ਮੁਆਫ਼ ਕਰ ਦਿੱਤਾ ਗਿਆ ਹੈ, ਪਰ ਦੂਜੇ ਪਾਸੇ ਔਰਤਾਂ ਦੀਆਂ ਟਿਕਟਾਂ ਨੂੰ ਲੈ ਕੇ ਲੜਾਈ-ਝਗੜੇ ਹੋ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਰੂਪਨਗਰ ਵਿੱਚ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਜਦੋਂ ਪੰਜਾਬ ਰੋਡਵੇਜ਼ ਡਿੱਪੂ ਦੀ ਪਨਬਸ ਨੰਬਰ ਪੀਬੀ12ਕ-4308 ਰੂਪਨਗਰ ਦੇ ਬੱਸ ਅੱਡੇ ’ਤੇ ਪਹੁੰਚੀ ਤਾਂ ਲੜਕੀ ਦੇ ਪਿਤਾ ਅਤੇ ਬੱਸ ਕੰਡਕਟਰ ਵਿਚਕਾਰ ਲੜਕੀ ਦੀ ਟਿਕਟ ਕੱਟਣ ਦੇ ਮਾਮਲੇ ਨੂੰ ਲੈ ਕੇ ਹੱਥੋਪਾਈ ਹੋ ਗਈ, ਜਿਸ ਦੌਰਾਨ ਲੜਕੀ ਦੇ ਪਿਤਾ ਤੇ ਪਿੰਡ ਖੁਆਸਪੁਰਾ ਦੇ ਸਾਬਕਾ ਸਰਪੰਚ ਜਸਵਿੰਦਰ ਸਿੰਘ ਦੀ ਪੱਗ ਵੀ ਉਤਰ ਗਈ। ਇਸ ਦੌਰਾਨ ਜਿੱਥੇ ਲੜਕੀ ਦੇ ਪਰਿਵਾਰ ਦੇ ਹੋਰ ਮੈਂਬਰ ਮੌਕੇ ’ਤੇ ਪੁੱਜ ਗਏ, ਉੱਥੇ ਹੀ ਰੋਡਵੇਜ਼ ਦੇ ਹੋਰ ਮੁਲਾਜ਼ਮ ਵੀ ਮੌਕੇ ’ਤੇ ਪਹੁੰਚ ਗਏ ਅਤੇ ਡਰਾਈਵਰ ਵੱਲੋਂ ਬੱਸ ਸੜਕ ਦੇ ਵਿਚਾਲੇ ਖੜ੍ਹੀ ਕਰ ਦਿੱਤੀ ਗਈ।
ਲੜਕੀ ਦੇ ਪਿਤਾ ਨੇ ਲੜਕੀ ਕੋਲ ਆਧਾਰ ਕਾਰਡ ਹੋਣ ਦੇ ਬਾਵਜੂਦ ਲੜਕੀ ਦੀ ਟਿਕਟ ਕੱਟਣ ਦਾ ਦੋਸ਼ ਲਗਾਇਆ ਜਦਕਿ ਬੱਸ ਕੰਡਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਲੜਕੀ ਪਟਿਆਲਾ ਤੋਂ ਬੱਸ ਵਿੱਚ ਸਵਾਰ ਹੋਈ ਸੀ ਅਤੇ ਉਸ ਨੇ ਬੱਸ ਦੀ ਟਿਕਟ ਖੁਦ ਕਟਵਾਈ ਸੀ ਅਤੇ ਬਾਅਦ ਵਿੱਚ ਲੜਕੀ ਨੇ ਆਧਾਰ ਕਾਰਡ ਹੋਣ ਬਾਰੇ ਦੱਸਿਆ ਜਿਸ ਤੋਂ ਬਾਅਦ ਲੜਕੀ ਦੀ ਕੱਟੀ 110 ਰੁਪਏ ਦੀ ਟਿਕਟ ਦੇ ਪੈਸੇ ਵੀ ਵਾਪਸ ਕਰ ਦਿੱਤੇ ਗਏ ਸਨ, ਪਰ ਬੱਸ ਰੂਪਨਗਰ ਪੁੱਜਣ ’ਤੇ ਲੜਕੀ ਦੇ ਪਿਤਾ ਨੇ ਉਸ ਨਾਲ ਹੱਥੋਪਾਈ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਵਾਪਰਨ ਤੋਂ ਬਾਅਦ ਥਾਣਾ ਸਿਟੀ ਦੇ ਏਐੱਸਆਈ ਜਰਨੈਲ ਸਿੰਘ ਆਪਣੇ ਸਾਥੀਆਂ ਦੇ ਨਾਲ ਘਟਨਾ ਸਥਾਨ ‘ਤੇ ਪਹੁੰਚੇ ਅਤੇ ਬੱਸ ਕੰਡਕਟਰ ਜਤਿੰਦਰ ਸਿੰਘ, ਬੱਸ ਡਰਾਈਵਰ ਅਤੇ ਲੜਕੀ ਦੇ ਪਿਤਾ ਸਾਬਕਾ ਸਰਪੰਚ ਖੁਆਸਪੁਰਾ ਜਸਵਿੰਦਰ ਸਿੰਘ ਨੂੰ ਥਾਣਾ ਸਿਟੀ ਲੈ ਗਏ ।
ਥਾਣਾ ਸਿਟੀ ਰੋਪੜ ਵਿੱਚ ਐੱਸਐੱਚਓ ਰਾਜੀਵ ਚੌਧਰੀ ਨੇ ਦੱਸਿਆ ਕਿ ਲੜਕੀ ਦਾ ਬੱਸ ਕੰਡਕਟਰ ਵੱਲੋਂ ਟਿਕਟ ਕੱਟਣ ਦੇ ਮਾਮਲੇ ਨੂੰ ਲੈ ਕੇ ਲੜਕੀ ਦੇ ਪਿਤਾ ਦੇ ਨਾਲ ਝਗੜਾ ਹੋ ਗਿਆ ਸੀ ਅਤੇ ਬੱਸ ਕੰਡਕਟਰ ਇਲਾਕੇ ਦਾ ਹੀ ਹੈ ਅਤੇ ਦੋਵਾਂ ਧਿਰਾਂ ਵਿੱਚ ਸਮਝੌਤਾ ਹੋ ਗਿਆ ਹੈ।