ਪੱਤਰ ਪ੍ਰੇਰਕ
ਮਾਨਸਾ, 29 ਜੂਨ
ਬਾਰ੍ਹਵੀਂ ਜਮਾਤ ਦੇ ਨਤੀਜੇ ਦੌਰਾਨ ਪੰਜਾਬ ਭਰ ਵਿੱਚ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੀਆਂ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬੱਛੋਆਣਾ ਦੀਆਂ ਵਿਦਿਆਰਥਣਾਂ ਅਰਸ਼ਪ੍ਰੀਤ ਕੌਰ (497/500), ਨਵਿੰਦਰ ਕੌਰ (493/500) ਦਾ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ/ਐਲੀਮੈਂਟਰੀ ਸੰਜੀਵ ਕੁਮਾਰ ਗੋਇਲ, ਡਿਪਟੀ ਡੀਈਓ ਗੁਰਲਾਭ ਸਿੰਘ, ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਫਸਰ ਸੰਦੀਪ ਘੰਡ ਨੇ ਵਿਸ਼ੇਸ਼ ਸਨਮਾਨ ਕੀਤਾ। ਜ਼ਿਕਰਯੋਗ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਬਾਰ੍ਹਵੀਂ ਦੇ ਨਤੀਜੇ ’ਚੋਂ ਜ਼ਿਲ੍ਹਾ ਮਾਨਸਾ ਦੀ ਪਾਸ ਫੀਸਦੀ 97.66 ਫੀਸਦੀ ਰਹੀ ਹੈ, ਜ਼ਿਲ੍ਹਾ ਮਾਨਸਾ ਦੇ ਸਰਕਾਰੀ ਸੈਕੰਡਰੀ ਸਮਾਰਟ ਸਕੂਲ ਬੱਛੋਆਣਾ ਦੀ ਵਿਦਿਆਰਥਣ ਅਰਸ਼ਪ੍ਰੀਤ ਕੌਰ ਨੇ ਤਾਂ 500 ’ਚੋਂ 497 ਅੰਕ (99.40) ਫੀਸਦੀ ਲੈਕੇ ਪੰਜਾਬ ਭਰ ’ਚੋਂ ਦੂਸਰਾ ਸਥਾਨ ਪ੍ਰਾਪਤ ਕੀਤਾ ਹੈ, ਉਂਝ ਉਸ ਦੇ ਨੰਬਰ ਪਹਿਲੇ ਨੰਬਰ ’ਤੇ ਰਹਿਣ ਵਾਲੀ ਵਿਦਿਆਰਥਣ ਦੇ ਬਰਾਬਰ ਹੈ। ਜ਼ਿਲ੍ਹਾ ਮਾਨਸਾ ’ਚੋਂ ਪੰਜਾਬ ਭਰ ’ਚੋਂ ਦੂਜੇ ਸਥਾਨ ’ਤੇ ਰਹਿਣ ਵਾਲੀ ਅਰਸ਼ਪ੍ਰੀਤ ਕੌਰ ਸਮੇਤ 15 ਵਿਦਿਆਰਥੀ ਜ਼ਿਲ੍ਹਾ ਮਾਨਸਾ ’ਚੋਂ ਮੈਰਿਟ ’ਚ ਆਉਣ ’ਚ ਸਫ਼ਲ ਹੋਏ ਹਨ।
ਭੁੱਚੋ ਮੰਡੀ (ਪੱਤਰ ਪ੍ਰੇਰਕ): ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਭੁੱਚੋ ਮੰਡੀ ਦਾ ਬਾਰ੍ਹਵੀਂ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਵਿੱਚ ਮਹਿਕ ਨੇ 96.20 ਫ਼ੀਸਦ ਅੰਕਾਂ ਨਾਲ ਸਕੂਲ ਵਿੱਚੋਂ ਪਹਿਲਾ, ਸੁਖਵੀਰ ਸਿੰਘ ਨੇ 90.40 ਫ਼ੀਸਦ ਨਾਲ ਦੂਜਾ ਅਤੇ ਅਰਚਨਾ ਕੁਮਾਰੀ ਨੇ 90.20 ਫ਼ੀਸਦ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਪ੍ਰਿੰਸੀਪਲ ਜਸਵੀਰ ਸਿੰਘ ਬੇਗਾ ਨੇ ਦੱਸਿਆ ਕਿ 36 ਵਿਦਿਆਰਥੀਆਂ ਨੇ 80 ਫ਼ੀਸਦ ਅਤੇ 43 ਵਿਦਿਆਰਥੀਆਂ ਨੇ 70 ਫ਼ੀਸਦ ਤੋਂ ਉਪਰ ਅੰਕ ਹਾਸਲ ਕੀਤੇ ਹਨ। ਉਨ੍ਹਾਂ ਚੰਗੇ ਨਤੀਜੇ ਲਈ ਸਟਾਫ ਨੂੰ ਵਧਾਈ ਦਿੱਤੀ।
ਗਿੱਦੜਬਾਹਾ (ਪੱਤਰ ਪ੍ਰੇਰਕ): ਬਾਬਾ ਫਰੀਦ ਸੀਨੀਅਰ ਸੈਕੰਡਰੀ ਸਕੂਲ ਛੱਤਿਆਣਾ ਦੇ ਮੈਨੇਜਿੰਗ ਡਾਇਰੈਕਟਰ ਹਰਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਕੂਲ ਦੇ ਕੁੱਲ 103 ਵਿਦਿਅਰਥੀਆਂ ਨੇ 12ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ ਵਿੱਚੋਂ ਅਕਾਸ਼ਦੀਪ ਕੌਰ ਨੇ 97 ਫ਼ੀਸਦ ਅੰਕ ਹਾਸਲ ਕਰਕੇ ਪਹਿਲਾ, ਅਰਮਾਨਜੋਤ ਕੌਰ ਨੇ 96 ਫ਼ੀਸਦ ਅੰਕਾਂ ਨਾਲ ਦੂਜਾ ਤੇ ਨਵਨੀਤ ਕੌਰ ਨੇ 95.6 ਫ਼ੀਸਦ ਅੰਕਾਂ ਨਾਲ ਤੀਜਾ ਸਥਾਨ ਹਾਸਲ ਕੀਤਾ।
ਭਵਿੱਖਦੀਪ ਕੌਰ ਨੇ ਸੂਬੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ
ਸਰਦੂਲਗੜ੍ਹ (ਪੱਤਰ ਪ੍ਰੇਰਕ): ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਬਾਰ੍ਹਵੀਂ ਜਮਾਤ ਦੇ ਨਤੀਜਿਆਂ ਵਿੱਚ ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਦੀ ਵਿਦਿਆਰਥਣ ਭਵਿੱਖਦੀਪ ਕੌਰ ਪੁੱਤਰੀ ਇਕਬਾਲ ਸਿੰਘ ਨੇ 500 ਅੰਕਾਂ ਵਿੱਚੋਂ 495 ਅੰਕ ਪ੍ਰਾਪਤ ਕਰਕੇ ਸੂਬੇ ਭਰ ’ਚੋਂ ਤੀਸਰਾ ਸਥਾਨ ਪ੍ਰਾਪਤ ਕੀਤਾ ਹੈ। ਸੂਬੇ ਭਰ ਵਿੱਚੋਂ ਤੀਸਰਾ ਸਥਾਨ ਪ੍ਰਾਪਤ ਕਰਕੇ ਭਵਿੱਖਦੀਪ ਕੌਰ ਨੇ ਸਕੂਲ, ਮਾਪਿਆਂ ਅਤੇ ਮਾਨਸਾ ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ। ਸਕੂਲ ਪ੍ਰਬੰਧਕਾਂ, ਸਮੂਹ ਸਟਾਫ ਅਤੇ ਜ਼ਿਲ੍ਹੇ ਦੀਆਂ ਵੱਖ-ਵੱਖ ਸਖਸ਼ੀਅਤਾਂ ਨੇ ਭਵਿੱਖਦੀਪ ਕੌਰ ਨੂੰ ਵਧਾਈ ਦਿੱਤੀ ਹੈ। ਸਕੂਲ ਜੌੜਕੀਆਂ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ ਜੌੜਕੀਆਂ ਨੇ ਦੱਸਿਆ ਕਿ ਜਲਦੀ ਲੜਕੀ ਨੂੰ ਸਕੂਲ ਵੱਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ।