ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 3 ਮਾਰਚ
ਆਮ ਆਦਮੀ ਪਾਰਟੀ (ਆਪ) ਨੇ ਦਿੱਲੀ ਵਿੱਚ ਪੰਜ ਮਿਉਂਸਿਪਲ ਵਾਰਡਾਂ ਲਈ ਹੋਈ ਜ਼ਿਮਨੀ ਚੋਣ ਵਿੱਚ ਚਾਰ ’ਤੇ ਜਿੱਤ ਦਰਜ ਕੀਤੀ ਹੈ। ਇਕ ਵਾਰਡ ਕਾਂਗਰਸ ਦੇ ਹਿੱਸੇ ਆਇਆ ਜਦੋਂਕਿ ਭਾਜਪਾ, ਜੋ ਤਿੰਨ ਮਿਉਂਸਿਪਲਾਂ ਵਿਚ ਸੱਤਾਧਾਰੀ ਪਾਰਟੀ ਹੈ, ਕੋਈ ਵੀ ਸੀਟ ਨਹੀਂ ਜਿੱਤ ਸਕੀ। ਕਾਂਗਰਸ ਨੇ ਚੌਹਾਨ ਬੰਗਰ ਵਾਰਡ ‘ਆਪ’ ਨੂੰ ਹਰਾ ਕੇ ਵੱਡੇ ਫਰਕ ਨਾਲ ਜਿੱਤਿਆ। ‘ਆਪ’ ਨੇ ਕਲਿਆਣਪੁਰੀ, ਤ੍ਰਿਲੋਕਪੁਰੀ ਈਸਟ, ਸ਼ਾਲੀਮਾਰ ਬਾਗ ਤੇ ਰੋਹਿਨੀ-ਸੀ ਵਾਰਡ ਜਿੱਤੇ। ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇੱਕ ਟਵੀਟ ਵਿੱਚ ਕਿਹਾ, ‘ਦਿੱਲੀ ਦੇ ਲੋਕਾਂ ਨੇ ਇੱਕ ਵਾਰ ਫਿਰ ਚੰਗੇ ਸ਼ਾਸਨ ਲਈ ਵੋਟ ਦਿੱਤੀ ਹੈ। ਨਤੀਜਿਆਂ ਲਈ ਮੈਂ ਉਨ੍ਹਾਂ ਨੂੰ ਵਧਾਈ ਦਿੰਦਾ ਹਾਂ। ਲੋਕ ਐੱਮਸੀਡੀ ਵਿੱਚ 15 ਸਾਲਾਂ ਤੋਂ ਭਾਜਪਾ ਦੇ ਸ਼ਾਸਨ ਤੋਂ ਥੱਕ ਗਏ ਹਨ। ਲੋਕ ਐੱਮਸੀਡੀਜ਼ ਵਿੱਚ ‘ਆਪ’ ਨੂੰ ਲਿਆਉਣ ਲਈ ਉਤਸੁਕ ਹਨ।’ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਟਵੀਟ ’ਚ ਕਿਹਾ, ‘ਐੱਮਸੀਡੀ ਦੀਆਂ ਚਾਰ ਸੀਟਾਂ ’ਤੇ ਵੱਡੀ ਜਿੱਤ ਲਈ ‘ਆਪ’ ਵਰਕਰਾਂ ਨੂੰ ਵਧਾਈ। ਦਿੱਲੀ ਦੇ ਲੋਕ ਭਾਜਪਾ ਤੋਂ ਤੰਗ ਆ ਚੁੱਕੇ ਹਨ। ਅਗਲੇ ਸਾਲ ਹੋਣ ਵਾਲੀਆਂ ਮਿਉਂਸਿਪਲ ਚੋਣਾਂ ਵਿੱਚ ਦਿੱਲੀ ਦੇ ਲੋਕ ਅਰਵਿੰਦ ਕੇਜਰੀਵਾਲ ਦੀ ਅਗਵਾਈ ਵਿੱਚ ਬਿਹਤਰੀਨ ਸ਼ਾਸਨ ਮਾਡਲ ਲਈ ‘ਆਪ’ ਨੂੰ ਸੱਤਾ ਵਿੱਚ ਲਿਆਉਣਗੇ।’
ਚੇਤੇ ਰਹੇ ਕਿ ਇਕ ਕੌਂਸਲਰ ਦੀ ਮੌਤ ਅਤੇ ਚਾਰ ਕੌਂਸਲਰਾਂ ਦੇ ਪਿਛਲੇ ਸਾਲ ਦਿੱਲੀ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਪੰਜ ਸੀਟਾਂ ਖਾਲੀ ਹੋ ਗਈਆਂ ਸਨ। ਭਾਜਪਾ ਉਨ੍ਹਾਂ ਚਾਰੋਂ ਵਾਰਡਾਂ ’ਚ ਦੂਜੇ ਸਥਾਨ ਉੱਤੇ ਰਹੀ ਜਿੱਥੇ ‘ਆਪ’ ਨੇ ਜਿੱਤ ਹਾਸਲ ਕੀਤੀ ਤੇ ਜਿੱਤ ਦਾ ਫ਼ਰਕ 2700 ਵੋਟਾਂ ਤੋਂ ਜ਼ਿਆਦਾ ਦਾ ਰਿਹਾ। ਕਲਿਆਣਪੁਰੀ ਵਿੱਚ ‘ਆਪ’ ਨੇ ਭਾਜਪਾ ਨੂੰ 7043 ਵੋਟਾਂ ਨਾਲ ਹਰਾਇਆ। ਤ੍ਰਿਲੋਕਪੁਰੀ ਈਸਟ ਵਿੱਚ ‘ਆਪ’ ਦੇ ਵਿਜੈ ਕੁਮਾਰ ਨੇ ਭਾਜਪਾ ਦੇ ਓਮ ਪ੍ਰਕਾਸ਼ ਨੂੰ 4986 ਵੋਟਾਂ ਨਾਲ ਹਰਾਇਆ। ਚੌਹਾਨ ਬੰਗਰ ਤੋਂ ਕਾਂਗਰਸ ਦੇ ਉਮੀਦਵਾਰ ਜ਼ੁਬੈਰ ਅਹਿਮਦ ਨੇ ‘ਆਪ’ ਦੇ ਸਾਬਕਾ ਵਿਧਾਇਕ ਮੁਹੰਮਦ ਇਸ਼੍ਰਕਾ ਖ਼ਾਨ ਨੂੰ 10,642 ਵੋਟਾਂ ਨਾਲ ਹਰਾਇਆ ਜੋ ਕਿ ਮਿਉਂਸਿਪਲ ਜ਼ਿਮਨੀ ਚੋਣਾਂ ਵਿੱਚ ਵੱਡਾ ਫਰਕ ਹੈ।
ਪੰਜ ਵਾਰ ਦੇ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਦਿੱਗਜ ਮਤੀਨ ਅਹਿਮਦ ਦੇ ਬੇਟੇ ਅਹਿਮਦ ਨੂੰ 14,303 ਵੋਟਾਂ ਪਈਆਂ ਜਦੋਂ ਕਿ ਖਾਨ ਨੂੰ 7259 ਵੋਟਾਂ ਮਿਲੀਆਂ। 2017 ਮਿਉਂਸਿਪਲ ਜ਼ਿਮਨੀ ਚੋਣਾਂ ਵਿੱਚ ‘ਆਪ’ ਚੌਹਾਨ ਬੰਗਰ ਵਾਰਡ ਜਿੱਤੀ ਸੀ। ‘ਆਪ’ ਦੇ ਕੌਂਸਲਰ ਅਬਦੁੱਲ ਰਹਿਮਾਨ ਨੇ 2020 ਵਿਚ ਵਿਧਾਨ ਸਭਾ ਚੋਣਾਂ ਜਿੱਤੀਆਂ ਸਨ। ਸ਼ਾਲੀਮਾਰ ਬਾਗ ਭਾਜਪਾ ਨੇ 2017 ਵਿੱਚ ਜਿੱਤੀ, ਪਰ ‘ਆਪ’ ਦੀ ਸੁਨੀਤਾ ਮਿਸ਼ਰਾ ਨੇ ਭਾਜਪਾ ਦੀ ਸੁਰਭੀ ਜਾਜੂ ਨੂੰ 2705 ਵੋਟਾਂ ਨਾਲ ਹਰਾਇਆ। ਜ਼ਿਮਨੀ ਚੋਣ ਨਤੀਜੇ ਭਾਜਪਾ ਲਈ ਵੱਡਾ ਝਟਕਾ ਹੈ, ਜੋ ਅਗਲੇ ਸਾਲ ਕਾਰਪੋਰੇਸ਼ਨਾਂ ਵਿੱਚ ਚੌਥੀ ਵਾਰ ਜਿੱਤਣ ਦੀ ਉਮੀਦ ਕਰੀ ਬੈਠੀ ਹੈ।