ਟ੍ਰਿਬਿਊਨ ਵੈੱਬ ਡੈਸਕ
ਚੰਡੀਗੜ੍ਹ, 18 ਨਵੰਬਰ
ਤਮਿਲ ਨਾਡੂ ਵਿੱਚ ਦੁਲਹਨਾਂ ਦੀ ਭਾਰੀ ਘਾਟ ਹੈ। ਤਮਿਜ਼ਨਾਡੂ ਬ੍ਰਾਹਮਣ ਐਸੋਸੀਏਸ਼ਨ ਦੇ ਪ੍ਰਧਾਨ ਐਨ ਨਾਰਾਇਣ ਦਾ ਕਹਿਣਾ ਹੈ ਕਿ ਭਾਈਚਾਰੇ ਵਿੱਚ ਲੜਕੀਆਂ ਦੀ ਭਾਰੀ ਘਾਟ ਕਾਰਨ 40 ਹਜ਼ਾਰ ਦੇ ਕਰੀਬ ਨੌਜਵਾਨ ਜਿਨ੍ਹਾਂ ਦੀ ਉਮਰ 30 ਤੋਂ 40 ਸਾਲ ਵਿਚਾਲੇ ਹੈ ਨੂੰ ਦੁਲਹਨਾਂ ਲੱਭਣ ਵਿਚ ਭਾਰੀ ਔਖ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਕ ਅੰਦਾਜ਼ੇ ਅਨੁਸਾਰ ਜੇ ਭਾਈਚਾਰੇ ਵਿੱਚ ਵਿਆਹ ਯੋਗ ਉਮਰ ਦੇ 10 ਲੜਕੇ ਹਨ ਤਾਂ ਸਿਰਫ 6 ਹੀ ਲੜਕੀਆਂ ਮਿਲਦੀਆਂ ਹਨ। ਉਨ੍ਹਾਂ ਕਿਹਾ ਕਿ ਤਮਿਜ਼ਨਾਡੂ ਬ੍ਰਾਹਮਣ ਐਸੋਸੀਏਸ਼ਨ (ਟੀਬੀਏ) ਨੇ ਹੁਣ ਲੜਕੀਆਂ ਲਈ ਉੱਤਰ ਪ੍ਰਦੇਸ਼ ਅਤੇ ਬਿਹਾਰ ਵੱਲ ਰੁਖ਼ ਕੀਤਾ ਹੈ। ਉਹ ਲੜਕਿਆਂ ਲਈ ਇਨ੍ਹਾਂ ਸੂਬਿਆਂ ਵਿੱਚ ਲੜਕੀਆਂ ਤਲਾਸ਼ ਰਹੇ ਹਨ। ਐਸੋਸੀਏਸ਼ਨ ਦੇ ਇਕ ਸੀਨੀਅਰ ਮੈਂਬਰ ਨੇ ਮਹੀਨਾਵਾਰ ਮੈਗਜ਼ੀਨ ਵਿੱਚ ਕਿਹਾ ਹੈ ਕਿ ਅਜਿਹੀ ਸਥਿਤੀ ਬੀਤੇ 10 ਸਾਲਾਂ ਤੋਂ ਹੈ।