ਪੱਤਰ ਪ੍ਰੇਰਕ
ਧਨੌਲਾ, 29 ਮਈ
ਬੀਤੇ ਦੋ ਹਫ਼ਤਿਆਂ ਤੋਂ ਇੱਥੋਂ ਦੇ ਵੱਖ-ਵੱਖ ਇਲਾਕਿਆ ਵਿੱਚੋਂ ਨਾਲੀਆਂ ਦਾ ਗੰਦਾ ਪਾਣੀ ਜਮ੍ਹਾਂ ਹੋਣ ਕਾਰਨ ਲੋਕਾਂ ਵੱਲੋਂ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਬੰੰਗੇਹਰ ਪੱਤੀ ਵਸਨੀਕ ਸਵਰਨ ਸਿੰਘ, ਸੁਰਿੰਦਰ ਸਿੰਘ, ਬਾਜ ਸਿੰਘ ਅਤੇ ਔਰਤਾਂ ਨੇ ਦੱਸਿਆ ਕਿ ਗੰਦਾ ਪਾਣੀ ਜਮ੍ਹਾਂ ਹੋਣ ਕਾਰਨ ਘਰ ਵਿੱਚ ਦਾਖਲ ਹੋਣ ਲਈ ਵਾਹਨਾਂ ਦੀ ਵਰਤੋਂ ਕਰਨੀ ਪੈ ਰਹੀ ਹੈ, ਬੱਚਿਆਂ ਨੂੰ ਸਕੂਲ ਜਾਣ ਲਈ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਤੋਂ ਇਲਾਵਾ ਗੰਦੇ ਪਾਣੀ ਨਾਲ ਘਰਾਂ ਅੰਦਰ ਫੈਲ ਰਹੀ ਬਦਬੂ ਅਤੇ ਮੱਛਰ ਕਾਰਨ ਰੋਟੀ ਬਣਾਉਣੀ ਅਤੇ ਖਾਣੀ ਦੁੱਭਰ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਨਗਰ ਕੌਂਸਲ ਅਧਿਕਾਰੀਆਂ ਨੂੰ ਇਸ ਸਬੰਧੀ ਸ਼ਿਕਾਇਤ ਦਿੱਤੀ ਜਾਂਦੀ ਹੈ ਤਾਂ ਉਨ੍ਹਾਂ ਤਰਫੋਂ ਮੋਟਰ ਖਰਾਬ ਹੋਣ ਦਾ ਹਵਾਲਾ ਦੇ ਦਿੱਤਾ ਜਾਂਦਾ ਹੈ ਪਰ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉੱਧਰ, ਦੂਜੇ ਪਾਸੇ ਸ਼ਹਿਰ ਦੇ ਬਾਜ਼ਾਰ ਵਿੱਚ ਸਥਿਤ ਦੁਕਾਨਦਾਰਾਂ ਨੇ ਕੌਂਸਲ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਬਾਜ਼ਾਰ ਵਿੱਚ ਪਾਣੀ ਜਮ੍ਹਾਂ ਹੋਣ ਕਾਰਨ ਗਾਹਕਾਂ ਨੇ ਆਉਣਾ ਬੰਦ ਕਰ ਦਿੱਤਾ ਹੈ। ਮੁੱਖ ਬਾਜ਼ਾਰ ਦੇ ਦੁਕਾਨਦਾਰਾਂ ਬਿਲਾਸਰਾਏ, ਗਗਨਦੀਪ ਬਾਂਸਲ, ਮਹਾਂਦੇਵ ਨੇ ਦੱਸਿਆ ਕਿ ਪਾਣੀ ਨਿਕਾਸੀ ਸਬੰਧੀ ਮੋਟਰ ਦਾ ਕੋਈ ਪੱਕਾ ਹੱਲ ਨਹੀਂ ਕੀਤਾ ਜਾ ਰਿਹਾ। ਨਗਰ ਕੌਂਸਲ ਧਨੌਲਾ ਦੇ ਈਓ ਮਨਪ੍ਰੀਤ ਸਿੰਘ ਨੇ ਕਿਹਾ ਕਿ ਸਮੱਸਿਆ ਦਾ ਹੱਲ ਕੀਤਾ ਜਾ ਰਿਹਾ ਹੈ। ਅੱਜ ਹੀ ਮੋਟਰ ਠੀਕ ਹੋ ਕੇ ਆਉਣ ਉਪਰੰਤ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਸਹੀ ਕਰ ਦਿੱਤਾ ਜਾਵੇਗਾ।