ਪੱਤਰ ਪ੍ਰੇਰਕ
ਭੁੱਚੋ ਮੰਡੀ, 16 ਦਸੰਬਰ
ਭੁੱਚੋ ਮੰਡੀ ਨੂੰ ਕੌਮੀ ਮਾਰਗ ਨਾਲ ਜੋੜਦੀ ਭੁੱਚੋ ਕੈਂਚੀਆਂ ਸੜਕ ਦੇ ਵਿਚਕਾਰ ਬਰੇਤੀ ਦਾ ਭਰਿਆ ਵੱਡਾ ਟਰਾਲਾ ਫਸ ਜਾਣ ਕਾਰਨ ਆਵਾਜਾਈ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ। ਸੜਕ ਦੇ ਕਿਸੇ ਪਾਸੇ ਵੀ ਕੋਈ ਰਸਤਾ ਨਾ ਹੋਣ ਕਾਰਨ ਸੜਕ ਦੇ ਦੋਵੇਂ ਪਾਸੀਂ ਵਹੀਕਲਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ। ਇਸ ਕਾਰਨ ਬੱਸਾਂ ਅਤੇ ਹੋਰ ਵਹੀਕਲਾਂ ਨੂੰ ਵਾਪਸ ਮੁੜਨ ਲਈ ਵੀ ਰਸਤਾ ਨਹੀਂ ਮਿਲਿਆ। ਉਹ ਲਗਪਗ ਇੱਕ ਘੰਟਾ ਜਾਮ ਵਿੱਚ ਫਸੇ ਰਹੇ। ਬੱਸਾਂ ਵਿਚਲੀਆਂ ਸਵਾਰੀਆਂ ਨੂੰ ਪੈਦਲ ਹੀ ਆਪਣੀਆਂ ਮੰਜ਼ਿਲਾਂ ਵੱਲ ਚਾਲੇ ਪਾਉਣੇ ਪਏ। ਇਸ ਮੌਕੇ ਸਕੂਲੀ ਬੱਚਿਆਂ ਖਾਸ ਕਰਕੇ ਲੜਕੀਆਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪਈ। ਇਸ ਤੋਂ ਇਲਾਵਾ ਕਾਹਨ ਸਿੰਘ ਵਾਲਾ ਸੜਕ ਅਤੇ ਸ਼ਹਿਰ ਵਿੱਚ ਵੀ ਆਵਾਜਾਈ ਠੱਪ ਹੋ ਗਈ। ਇਹ ਟਰਾਲਾ ਇੱਕ ਦੁਕਾਨਦਾਰ ਦੀ ਬਰੇਤੀ ਲਾਹੁਣ ਆਇਆ ਸੀ। ਦੁਕਾਨਦਾਰ ਨੇ ਚਾਲਕ ਨੂੰ ਵਾਰ ਵਾਰ ਕਿਹਾ ਕਿ ਟਰਾਲਾ ਅੰਦਰ ਨਹੀਂ ਜਾਵੇਗਾ, ਇਸ ਦੇ ਬਾਵਜੂਦ ਚਾਲਕ ਨੇ ਟਰਾਲਾ ਅੰਦਰ ਲਗਾਉਣ ਦੇ ਚੱਕਰ ਵਿੱਚ ਸੜਕ ਦੇ ਵਿਚਕਾਰ ਫਸਾ ਦਿੱਤਾ।