ਐਮਸਟਰਡਮ, 4 ਨਵੰਬਰ
ਨੈਦਰਲੈਂਡਜ਼ ਸਰਕਾਰ ਦੇਸ਼ ਦੇ ਬਸਤੀਵਾਦੀ ਯੁੱਗ ਦੌਰਾਨ ਗ਼ੁਲਾਮ ਪ੍ਰਥਾ ਵਿੱਚ ਨਿਭਾਈ ਆਪਣੀ ਭੂਮਿਕਾ ਲਈ ਇਸ ਸਾਲ ਅਖ਼ੀਰ ਵਿੱਚ ਮੁਆਫ਼ੀ ਮੰਗੇਗੀ। ਪ੍ਰਧਾਨ ਮੰਤਰੀ ਮਾਰਕ ਰੁੱਟੇ ਦੀ ਵਜ਼ਾਰਤ ਦੇ ਇੱਕ ਮੈਂਬਰ ਨੇ ਅੱਜ ਇਹ ਜਾਣਕਾਰੀ ਦਿੱਤੀ। ਕਾਨੂੰਨੀ ਸੁਰੱਖਿਆ ਮੰਤਰੀ ਫਰੈਂਕ ਵੀਰਵਿੰਡ ਨੇ ਪ੍ਰਸਾਰਕ ਆਰਟੀਐੱਲ ਦੀ ਰਿਪੋਰਟ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਸਰਕਾਰ ਦੀ ਦਸੰਬਰ ਮਹੀਨੇ ਰਸਮੀ ਤੌਰ ‘ਤੇ ਮੁਆਫ਼ੀ ਮੰਗਣ ਦੀ ਯੋਜਨਾ ਹੈ। ਸਰਕਾਰ ਦੀ ਬਸਤੀਵਾਦੀ ਰਾਜ ਵੱਲੋਂ ਗ਼ੁਲਾਮ ਪ੍ਰਥਾ ਵਿੱਚ ਨਿਭਾਈ ਭੂਮਿਕਾ ਬਾਰੇ ਜਾਗਰੂਕਤਾ ਲਈ 20 ਕਰੋੜ ਯੂਰੋ ਅਤੇ ਗ਼ੁਲਾਮਦਾਰੀ ਬਾਰੇ ਅਜਾਇਬ ਘਰ ਖੋਲ੍ਹਣ ਲਈ 2.7 ਕਰੋੜ ਖਰਚਣ ਦੀ ਵੀ ਯੋਜਨਾ ਹੈ। ਇਹ ਫ਼ੈਸਲਾ ਸਲਾਹਕਾਰ ਪੈਨਲ ਦੀਆਂ ਸਿਫਾਰਿਸ਼ਾਂ ਦੀ ਪਾਲਣਾ ਕਰਦਾ ਹੈ, ਜਿਸ ਵਿੱਚ ਸਰਕਾਰ ਨੇ ਸਵੀਕਾਰ ਕੀਤਾ ਸੀ ਕਿ 17ਵੀਂ-19ਵੀਂ ਸਦੀ ਵਿੱਚ ਗੁਲਾਮਾਂ ਦੀ ਖ਼ਰੀਦੋ-ਫਰੋਖ਼ਤ ਮਨੁੱਖਤਾ ਖ਼ਿਲਾਫ਼ ਅਪਰਾਧ ਸੀ। -ਰਾਇਟਰਜ਼