ਔਰਤਾਂ ਦੇ ਅਧਿਕਾਰ
29 ਜੁਲਾਈ ਨੂੰ ਨਜ਼ਰੀਆ ਪੰਨੇ ਉੱਤੇ ਕੰਵਲਜੀਤ ਕੌਰ ਗਿੱਲ ਦਾ ਲੇਖ ‘ਔਰਤਾਂ ਦੇ ਅਧਿਕਾਰਾਂ ਦਾ ਮਸਲਾ’ ਪੜ੍ਹਿਆ। ਉਨ੍ਹਾਂ ਠੀਕ ਹੀ ਖ਼ਬਰਦਾਰ ਕੀਤਾ ਹੈ ਕਿ ਭਾਰਤੀ ਔਰਤਾਂ ਨੂੰ ਅਮਰੀਕਾ ਵਿਚ ਗਰਭਪਾਤ ਬਾਰੇ ਆਏ ਅਦਾਲਤੀ ਹੁਕਮ ਦੇ ਮਾਮਲੇ ਵਿਚ ਹੁਣੇ ਹੀ ਸੁਚੇਤ ਹੋ ਜਾਣਾ ਚਾਹੀਦਾ ਹੈ। ਔਰਤਾਂ ਦੇ ਮਸਲੇ ਤਾਂ ਹੀ ਹੱਲ ਹੋਣਗੇ ਜੇ ਇਹ ਜਥੇਬੰਦ ਹੋ ਕੇ ਪੈਰ ਪੈਰ ’ਤੇ ਸੰਘਰਸ਼ ਕਰਨਗੀਆਂ।
ਪ੍ਰਭਲੀਨ ਕੌਰ, ਫਰੀਦਕੋਟ
ਤੰਗੀਆਂ-ਤੁਰਸ਼ੀਆਂ ਅਤੇ ਬੁਲੰਦੀ
29 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਕਮਲਜੀਤ ਸਿੰਘ ਬਨਵੈਤ ਦੀ ਰਚਨਾ ‘ਰੁਤਬਾ’ ਪੜ੍ਹਿਆ। ਇਹ ਕਥਾ ਬਹੁਤ ਸਾਰੇ ਸੰਘਰਸ਼ੀ ਲੋਕਾਂ ਦੀ ਜ਼ਿੰਦਗੀ ਨਾਲ ਮਿਲਦੀ-ਜੁਲਦੀ ਪ੍ਰਤੀਤ ਹੁੰਦੀ ਹੈ। ਬਹੁਤ ਸਾਰੇ ਲੋਕਾਂ ਨੇ ਘਰੇਲੂ ਤੰਗੀਆਂ-ਤੁਰਸ਼ੀਆਂ ਵਾਲੇ ਜੀਵਨ ਵਿਚੋਂ ਕਾਮਯਾਬ ਹੋ ਕੇ ਬੁਲੰਦੀ ਛੋਹੀ ਹੈ।
ਜਗਜੀਤ ਸਿੰਘ, ਈਮੇਲ
ਪਰਵਾਸ ਦਾ ਵਰਤਾਰਾ
28 ਜੁਲਾਈ ਦੇ ਜਵਾਂ ਤਰੰਗ ਪੰਨੇ ਉੱਤੇ ਵਿਧੂ ਸ਼ੇਖਰ ਭਾਰਦਵਾਜ ਦਾ ਲੇਖ ‘ਨੌਜਵਾਨ ਕਿਉਂ ਨਾ ਵਿਦੇਸ਼ੀਂ ਜਾਣ’ ਪੜ੍ਹ ਕੇ ਸੰਸਾਰ ਦੇ ਮੋਹਰੀ ਦੇਸ਼ਾਂ ਵਿਚੋਂ ਇਕ ਵਿਚ ਵਾਪਰੀ ਘਟਨਾ ਦਾ ਮੁਕਾਬਲਾ ਵਿਕਾਸਸ਼ੀਲ ਦੇਸ਼ ਦੇ ਪੱਛੜੇ ਰਾਜ ਵਿਚ ਵਾਪਰੇ ਵਰਤਾਰੇ ਨਾਲ ਕਰਨਾ ਠੀਕ ਨਹੀਂ ਲੱਗਿਆ। ਕੀ ਆਪਣੇ ਦੇਸ਼ ਨੂੰ ਭੰਡ ਕੇ ਹੀ ਵਿਦੇਸ਼ਾਂ ਦੀ ਤਾਰੀਫ਼ ਕੀਤੀ ਜਾ ਸਕਦੀ ਹੈ? ਵੱਧ ਆਬਾਦੀ ਵਾਲੇ ਕਿਸੇ ਵੀ ਦੇਸ਼ ਜਾਂ ਖ਼ਿੱਤੇ ਵਿਚੋਂ ਕੁਝ ਕੁ ਪ੍ਰਤੀਸ਼ਤ ਲੋਕਾਂ ਦਾ ਪਰਵਾਸ ਕਰਨਾ ਆਮ ਵਰਤਾਰਾ ਹੈ। ਇਸ ਨੂੰ ਲੋੜ ਤੋਂ ਵੱਧ ਭਿਆਨਕ ਦਰਸਾਉਣਾ ਸਹੀ ਨਹੀਂ। ਅਜਿਹੇ ਵਰਤਾਰਿਆਂ ਦੇ ਹੋਰ ਪਹਿਲੂਆਂ ਬਾਰੇ ਵੀ ਜਨਤਾ ਨੂੰ ਦੱਸਣਾ ਚਾਹੀਦਾ ਹੈ।
ਨਵਜੋਤ ਸਿੰਘ, ਪਟਿਆਲਾ
ਕਾਰਗਰ ਨੀਤੀਆਂ
‘ਅਸੀਸਾਂ ਦਾ ਮੀਂਹ’ ਮਿਡਲ (28 ਜੁਲਾਈ) ਜੋ ਮੋਹਨ ਸ਼ਰਮਾ ਦਾ ਲਿਖਿਆ ਹੋਇਆ ਹੈ, ਪੜ੍ਹ ਕੇ ਚੰਗਾ ਲੱਗਾ। ਨੌਕਰੀ ਲੈਣ ਲਈ ਸਿਫ਼ਾਰਸ਼ ਲਗਾਉਣਾ ਪਰ ਉਸ ਸਿਫ਼ਾਰਸ਼ ਗ਼ਰੀਬ ਪਰ ਮਿਹਨਤੀ ਤੇ ਹੋਣਹਾਰ ਨੌਜਵਾਨ ਦੀ ਮਦਦ ਕਰਨਾ, ਕੁਝ ਵੀ ਗ਼ਲਤ ਨਹੀਂ ਪਰ ਪੰਜਾਬ ਵਿਚ ਗ਼ਰੀਬੀ ਅਤੇ ਬੇਰੁਜ਼ਗਾਰੀ ਅਜਿਹੇ ਗੰਭੀਰ ਮਸਲੇ ਹਨ ਜਿਨ੍ਹਾਂ ਨੂੰ ਜੜ੍ਹੋਂ ਖ਼ਤਮ ਕਰਨ ਲਈ ਯੋਗ ਨੀਤੀਆਂ ਅਤੇ ਉਚੇਚੇ ਕਦਮ ਚੁੱਕਣੇ ਚਾਹੀਦੇ ਹਨ।
ਬਲਵਿੰਦਰ ਕੌਰ, ਪਿੰਡ ਮਾਣਕੀ (ਮਾਲੇਰਕੋਟਲਾ)
(2)
28 ਜੁਲਾਈ ਦੇ ਨਜ਼ਰੀਆ ਪੰਨੇ ’ਤੇ ਮੋਹਨ ਸ਼ਰਮਾ ਦੀ ਰਚਨਾ ‘ਅਸੀਸਾਂ ਦਾ ਮੀਂਹ’ ਪੜ੍ਹਦਿਆਂ ਪਾਠਕ ਭਾਵਕ ਹੋ ਜਾਂਦਾ ਹੈ। ਕੀ ਸਾਡਾ ਸਿਸਟਮ ਅਜਿਹਾ ਨਹੀਂ ਹੋ ਸਕਦਾ ਕਿ ਇਸ ਲਿਖਤ ਵਿਚਲੇ ਪਾਤਰਾਂ ਜੋ ਤੰਗੀਆਂ-ਤੁਰਸ਼ੀਆਂ ਨਾਲ ਜੂਝਦੇ ਹਨ, ਨੂੰ ਮੌਕੇ ਮੁਹੱਈਆ ਹੋ ਸਕਣ?
ਅਮਰਜੀਤ ਮੱਟੂ, ਭਰੂਰ (ਸੰਗਰੂਰ)
ਸ਼ਹੀਦ ਦੀ ਤਸਵੀਰ
26 ਜੁਲਾਈ ਦੇ ਖ਼ਬਰਨਾਮਾ ਪੰਨੇ ’ਤੇ ਕੇਂਦਰੀ ਸਿੱਖ ਅਜਾਇਬਘਰ ’ਚੋਂ ਭਗਤ ਸਿੰਘ ਦੀ ਤਸਵੀਰ ਹਟਾਉਣ ਦੀ ਮੰਗ ਬਾਰੇ ਖ਼ਬਰ ਪੜ੍ਹ ਕੇ ਠੇਸ ਪਹੁੰਚੀ। ਸ਼ਹੀਦ ਤਾਂ ਸਾਡੇ ਲਈ ਪ੍ਰੇਰਨਾ ਸ੍ਰੋਤ ਹੁੰਦੇ ਹਨ, ਉਨ੍ਹਾਂ ’ਤੇ ਰਾਜਨੀਤੀ ਨਹੀਂ ਕਰਨੀ ਚਾਹੀਦੀ। ਭਗਤ ਸਿੰਘ ਨੇ ਆਪਣੇ ਆਪ ਨੂੰ ਨਾਸਤਕ ਕਿਹਾ ਪਰ ਉਸ ਨੇ ਉਸ ਸਮੇਂ ਦੇ ਜ਼ੁਲਮ ਅਤੇ ਹਾਲਾਤ ਦਾ ਜੋ ਵਰਨਣ ਕੀਤਾ ਹੈ, ਉਸ ਬਾਰੇ ਵਿਚਾਰ ਕਰਨ ਦੀ ਲੋੜ ਹੈ। ਜੇ ਅੱਜ ਵੀ ਹਾਲਾਤ ਉਸ ਸਮੇਂ ਜਿਹੇ ਹਨ ਤਾਂ ਸਿਰਫ਼ ਧਾਰਮਿਕ ਲਬਿਾਸ ਪਹਿਨ ਕੇ ਧਾਰਮਿਕ ਕਹਾਉਣ ਨਾਲੋਂ ਨਾਸਤਿਕਤਾ ਕਿਤੇ ਵਧੀਆ ਹੈ।
ਨਰੰਜਣ ਸਿੰਘ ਸੰਦੌੜ, ਮਾਲੇਰਕੋਟਲਾ
ਖੇਤੀ ਦੇ ਮਸਲੇ
25 ਜੁਲਾਈ ਨੂੰ ਡਾ. ਸੁਖਪਾਲ ਸਿੰਘ ਦਾ ਲੇਖ ‘ਖੇਤੀ ਕਮੇਟੀ ਦੀ ਬਣਤਰ, ਉਦੇਸ਼ ਤੇ ਸਾਰਥਿਕਤਾ’ ਵਿਚ ਕਮੇਟੀ ਬਾਰੇ ਜਾਣਕਾਰੀ ਦਿੱਤੀ ਗਈ ਹੈ। ਕਮੇਟੀ ਦੇ ਲਗਭੱਗ ਸਾਰੇ ਮੈਂਬਰ ਪਿਛਲੇ ਸਾਲ ਰੱਦ ਹੋਏ ਤਿੰਨ ਖੇਤੀ ਕਾਨੂੰਨਾਂ ਦੀ ਪ੍ਰੋੜਤਾ ਕਰਨ ਵਾਲੇ ਹਨ। ਕਮੇਟੀ ਬਣਾਉਣੀ ਤਾਂ ਐੱਮਐੱਸਪੀ ’ਤੇ ਗਾਰੰਟੀ ਕਾਨੂੰਨ ਬਣਾਉਣ ਲਈ ਸੀ ਪਰ ਇਹ ਜ਼ੀਰੋ ਬਜਟ ਖੇਤੀ ਅਤੇ ਫ਼ਸਲੀ ਵੰਨ-ਸਵੰਨਤਾ ’ਤੇ ਕੇਂਦਰਤ ਕਰ ਦਿੱਤੀ। ਜ਼ੀਰੋ ਬਜਟ ਖੇਤੀ ਅੰਨ ਸੰਕਟ ਪੈਦਾ ਕਰਨ ਦਾ ਜ਼ਰੀਆ ਬਣ ਸਕਦੀ ਹੈ ਕਿਉਂਕਿ ਇਸ ਨਾਲ ਉਪਜ ਘਟ ਸਕਦੀ ਹੈ। ਹੈਰਾਨੀ ਵਾਲੀ ਗੱਲ, ਸੰਘਰਸ਼ ਦਾ ਮੁੱਢ ਬੰਨ੍ਹਣ ਵਾਲੇ ਸੂਬਿਆਂ- ਪੰਜਾਬ ਹਰਿਆਣਾ ਨੂੰ ਕਮੇਟੀ ਤੋਂ ਬਾਹਰ ਰੱਖਿਆ ਹੈ। ਕਮੇਟੀ ਦੀ ਬਣਤਰ ਨੇ ਹੀ ਸਰਕਾਰ ਦੀ ਨੀਅਤ ਦੱਸ ਦਿੱਤੀ ਹੈ।
ਗੁਰਮੀਤ ਸੁਖਪੁਰਾ, ਈਮੇਲ
ਕਿਤਾਬਾਂ ਦੀ ਅਹਿਮੀਅਤ
29 ਜੁਲਾਈ ਦੇ ਸਿੱਖਿਆ ਸਫ਼ੇ ’ਤੇ ਪ੍ਰੋ. ਬਲਜਿੰਦਰ ਗਿੱਲ ਦਾ ਲੇਖ ‘ਸਿੱਖਿਆ ਦਾ ਨਵੀਨੀਕਰਨ ਤੇ ਪੱਤਰਕਾਰੀ ਵਿਸ਼ੇ ’ਚ ਗ੍ਰੈਜੂਏਸ਼ਨ ਦਾ ਮਹੱਤਵ’ ਜਾਣਕਾਰੀ ਭਰਪੂਰ ਸੀ। ਲੇਖਕ ਨੇ ਮਨੁੱਖੀ ਜ਼ਿੰਦਗੀ ਵਿਚ ਕਿਤਾਬਾਂ ਦੇ ਰੋਲ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਹੈ। ਸਾਡੀ ਸਿੱਖਿਆ ਪ੍ਰਣਾਲੀ ਦੀਆਂ ਚੁਣੌਤੀਆਂ ਬਾਰੇ ਵੀ ਚਰਚਾ ਛੇੜੀ ਹੈ ਅਤੇ ਇਹ ਵੀ ਦੱਸਿਆ ਕਿ ਕੋਈ ਸ਼ਖ਼ਸ ਪੱਤਰਕਾਰ ਬਣ ਕੇ ਚੰਗੇ ਸਮਾਜ ਦੀ ਸਿਰਜਣਾ ਕਿਵੇਂ ਕਰ ਸਕਦਾ ਹੈ। ਉਂਝ ਇਹ ਵੀ ਸੱਚਾਈ ਹੈ ਕਿ ਅੱਜਕੱਲ੍ਹ ਪੱਤਰਕਾਰੀ ਦੇ ਖੇਤਰ ਵਿਚ ਦਿਨੋ-ਦਿਨ ਗਿਰਾਵਟ ਆ ਰਹੀ ਹੈ ਜਿਸ ਦਾ ਕਾਰਨ ਸਾਡੇ ਦੇਸ਼ ਵਿਚ ਮੀਡੀਆ ਸਿਸਟਮ ’ਤੇ ਕਾਰਪੋਰੇਟਾਂ ਦਾ ਕਬਜ਼ਾ ਹੈ।
ਮੇਘ ਰਾਜ ਜੋਸ਼ੀ, ਪਿੰਡ ਗੁੰਮਟੀ (ਬਰਨਾਲਾ)