ਨਵੀਂ ਦਿੱਲੀ, 6 ਜੁਲਾਈ
ਸਰਕਾਰ ਨੇ ਅੱਜ ਕਿਹਾ ਕਿ ਪਹਾੜਾਂ (ਹਿੱਲ ਸਟੇਸ਼ਨਾਂ) ਦੀ ਸੈਰ ਲਈ ਗਏ ਲੋਕਾਂ ਨੇ ਜੇਕਰ ਮਾਰਕੀਟਾਂ ਤੇ ਹੋਰ ਭੀੜ ਭੜੱਕੇ ਵਾਲੀਆਂ ਥਾਵਾਂ ’ਤੇ ਕੋਵਿਡ-19 ਤੋਂ ਬਚਾਅ ਲਈ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਨਾ ਬਣਾਈ ਤਾਂ ਸਰਕਾਰ ਵੱਲੋਂ ਮਹਾਮਾਰੀ ਨੂੰ ਨੱਥ ਪਾਉਣ ਲਈ ਹੁਣ ਤੱਕ ਕੀਤੇ ਯਤਨ ਮਿੱਟੀ ਹੋ ਜਾਣਗੇ। ਅਧਿਕਾਰੀਆਂ ਨੇ ਜ਼ੋਰ ਦੇ ਕੇ ਆਖਿਆ ਕਿ ਮਹਾਮਾਰੀ ਅਜੇ ਤੱਕ ਪੂਰੀ ਤਰ੍ਹਾਂ ਖ਼ਤਮ ਨਹੀਂ ਹੋਈ। ਸਰਕਾਰ ਨੇ ਪ੍ਰਸਿੱਧ ਹਿੱਲ ਸਟੇਸ਼ਨਾਂ ’ਤੇ ਜੁੜੀ ਵੱਡੀ ਗਿਣਤੀ ਲੋਕਾਂ ਦੀ ਭੀੜ ਨਾਲ ਸਬੰਧਤ ਤਸਵੀਰਾਂ ਨੂੰ ‘ਡਰਾਉਣੀਆਂ’ ਕਰਾਰ ਦਿੱਤਾ ਹੈ। ਸਰਕਾਰ ਨੇ ਕਿਹਾ ਕਿ ਕੋਵਿਡ ਨੇਮਾਂ ਦੀ ਉਲੰਘਣਾ ਨਾਲ ਲਾਗ ਹੋਰ ਵਧੇਗੀ, ਮਾਸਕ ਪਾਉਣ ਤੇ ਸਮਾਜਿਕ ਦੂਰੀ ਜਿਹੇ ਨੇਮਾਂ ਨੂੰ ਯਕੀਨੀ ਬਣਾਇਆ ਜਾਵੇ। ਅਧਿਕਾਰੀਆਂ ਨੇ ਕਿਹਾ ਕਿ ਬਹੁਤੇ ਰਾਜਾਂ ਵਿੱਚ ਕੋਵਿਡ-19 ਦੀ ਦੂਜੀ ਲਹਿਰ ਮੱਠੀ ਪੈ ਚੁੱਕੀ ਹੈ, ਪਰ ਅਜੇ ਵੀ ਕੁਝ ਰਾਜ ਦੂਜੀ ਲਹਿਰ ਨਾਲ ਜੂਝ ਰਹੇ ਹਨ ਤੇ ਕੁਝ ਖੇਤਰਾਂ ਵਿੱਚ ਪਾਜ਼ੇਟਿਵਿਟੀ ਦਰ 10 ਫੀਸਦ ਤੋਂ ਵੱਧ ਹੈ, ਜਿਸ ਕਰਕੇ ਪਾਬੰਦੀਆਂ ਨੂੰ ਜਾਰੀ ਰੱਖਣ ਜਾਂ ਫਿਰ ਮੁੜ ਲਾਉਣ ਦੀ ਲੋੜ ਹੈ। ਇਸ ਦੌਰਾਨ ਪਿਛਲੇ 24 ਘੰਟਿਆਂ ਵਿੱਚ ਕੋਵਿਡ-19 ਦੀ ਲਾਗ ਦੇ 34,703 ਨਵੇਂ ਕੇਸਾਂ, ਜੋ ਪਿਛਲੇ 111 ਦਿਨਾਂ ਦੌਰਾਨ ਸਭ ਤੋਂ ਹੇਠਲਾ ਅੰਕੜਾ ਹੈ, ਨਾਲ ਦੇਸ਼ ਵਿੱਚ ਕਰੋਨਾਵਾਇਰਸ ਦੇ ਕੁੱਲ ਕੇਸਾਂ ਦੀ ਗਿਣਤੀ ਵਧ ਕੇ 3,06,19,932 ਹੋ ਗਈ ਹੈ। ਇਸ ਵਕਫ਼ੇ ਦੌਰਾਨ 553 ਹੋਰ ਮੌਤਾਂ ਨਾਲ ਕਰੋਨਾ ਕਰਕੇ ਮਰਨ ਵਾਲਿਆਂ ਦੀ ਗਿਣਤੀ 4,03,281 ਦੇ ਅੰਕੜੇ ਨੂੰ ਅੱਪੜ ਗਈ ਹੈ। ਕਰੋਨਾ ਦੇ ਸਰਗਰਮ ਕੇਸਾਂ ਦਾ ਗਿਣਤੀ ਘੱਟ ਕੇ 4,64,357 ਰਹਿ ਗਈ ਹੈ, ਜੋ ਪਿਛਲੇ 101 ਦਿਨਾਂ ’ਚ ਸਭ ਤੋਂ ਹੇਠਲਾ ਅੰਕੜਾ ਹੈ। ਸਰਗਰਮ ਕੇਸ ਕੁੱਲ ਕੇਸਲੋਡ ਦਾ 1.52 ਫੀਸਦ ਹੈ। ਇਸ ਦੌਰਾਨ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਨਿੱਜੀ ਹਸਪਤਾਲਾਂ ਕੋਲ ਅਜੇ ਵੀ 1.66 ਕਰੋੜ ਤੋਂ ਵੱਧ ਬਕਾਇਆ ਤੇ ਅਣਵਰਤੀਆਂ ਕੋਵਿਡ-19 ਵੈਕਸੀਨ ਖੁਰਾਕਾਂ ਪਈਆਂ ਹਨ। -ਪੀਟੀਆਈ
ਕਰੋਨਾ: ਪੰਜਾਬ ਵਿੱਚ 5 ਮਰੀਜ਼ਾਂ ਦੀ ਮੌਤ
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ): ਪੰਜਾਬ ਵਿੱਚ ਕਰੋਨਾਵਾਇਰਸ ਨੇ 24 ਘੰਟਿਆਂ ’ਚ 5 ਜਣਿਆਂ ਦੀ ਜਾਨ ਲੈ ਲਈ ਹੈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ ਦਾ ਅੰਕੜਾ 16,131 ’ਤੇ ਪਹੁੰਚ ਗਿਆ ਹੈ। ਸਿਹਤ ਵਿਭਾਗ ਅਨੁਸਾਰ ਅੱਜ ਪੰਜਾਬ ਵਿੱਚ 190 ਪਾਜ਼ੇਟਿਵ ਕੇਸ ਮਿਲੇ ਹਨ ਜਦਕਿ 280 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ਵਿੱਚ 2015 ਐਕਟਿਵ ਕੇਸ ਹਨ। ਸਿਹਤ ਵਿਭਾਗ ਅਨੁਸਾਰ ਇੱਕ ਦਿਨ ਵਿੱਚ ਬਠਿੰਡਾ ’ਚ 2, ਫਿਰੋਜ਼ਪੁਰ, ਹੁਸ਼ਿਆਰਪੁਰ ਅਤੇ ਜਲੰਧਰ ’ਚ ਇੱਕ-ਇੱਕ ਜਣੇ ਦੀ ਮੌਤ ਕਰੋਨਾ ਕਾਰਨ ਹੋ ਗਈ ਹੈ। ਦੂਜੇ ਪਾਸੇ ਹਰਿਆਣਾ ਵਿੱਚ ਕਰੋਨਾ ਕਾਰਨ 10 ਜਣਿਆਂ ਦੀ ਮੌਤ ਹੋ ਗਈ ਹੈ ਜਿੱਥੇ ਮੌਤਾਂ ਦਾ ਅੰਕੜਾ 9506 ’ਤੇ ਪਹੁੰਚ ਗਿਆ ਹੈ। ਜਾਣਕਾਰੀ ਅਨੁਸਾਰ ਅੱਜ 73 ਨਵੇਂ ਕੇਸ ਸਾਹਮਣੇ ਆਏ ਹਨ ਜਦਕਿ 94 ਨੂੰ ਠੀਕ ਹੋਣ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਇਸ ਸਮੇਂ ਸੂਬੇ ’ਚ 1082 ਐਕਟਿਵ ਕੇਸ ਹਨ।