ਪੱਤਰ ਪ੍ਰੇਰਕ
ਆਦਮਪੁਰ ਦੋਆਬਾ(ਜਲੰਧਰ), 17 ਅਕਤੂਬਰ
ਬਹੁਜਨ ਸਮਾਜ ਪਾਰਟੀ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ‘ਆਪ’ ਸਰਕਾਰ ਦੇ 7 ਮਹੀਨਿਆਂ ਵਿੱਚ ਪੰਜਾਬ ਨੂੰ ਜੰਗਲੀ ਤੇ ਕੰਗਾਲੀ ਰਾਜ ਵੱਲ ਧੱਕਿਆ ਜਾ ਰਿਹਾ ਹੈ।ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਸਰਕਾਰ ਦੇ 7 ਮਹੀਨਿਆਂ ਦੇ ਕਾਰਜਕਾਲ ਨੂੰ ਲੈ ਕੇ ਕਰੋੜਾਂ ਰੁਪਏ ਖਰਚ ਕਰਕੇ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੀ ਹੈ। ਉਨ੍ਹਾਂ ਕਿਹਾ ਕਿ 7 ਮਹੀਨਿਆਂ ਵਿੱਚ ਪੰਜਾਬ ਅੰਦਰ ਲਾਅ ਐਂਡ ਆਰਡਰ ਦੀ ਧੱਜੀਆਂ ਉਡੀਆਂ ਹਨ। ਇਸ ਸਮੇਂ ਦੌਰਾਨ ਗੈਂਗਸਟਰਾਂ ਦੇ ਹੋਰ ਹੌਸਲੇ ਬੁਲੰਦ ਹੋਏ ਹਨ। ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਹੀ ਪੁਲੀਸ ਵਿਭਾਗ ਦਾ ਅਤਿ ਗੁਪਤ ਦਸਤਾਵੇਜ਼ ਲੀਕ ਕੀਤਾ ਗਿਆ ਜਿਸ ਕਾਰਨ ਸਿੱਧੂ ਮੂਸੇਵਾਲਾ ਦੀ ਜਾਨ ਗਈ। ਉਨ੍ਹਾਂ ਕਿਹਾ ਕਿ ਕਰਜ਼ੇ ਦੀ ਮਾਰ ਹੇਠ ਦੱਬੇ ਪੰਜਾਬ ਉਤੇ ‘ਆਪ’ ਸਰਕਾਰ ਹੋਰ ਬੋਝ ਪਾ ਰਹੀ ਹੈ।
ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਦੇ ਇਸ਼ਤਿਹਾਰ ਦੇ ਕੇ ‘ਆਪ’ ਲੋਕਾਂ ਨੂੰ ਗੁੰਮਰਾਹ ਕਰਨ ਵਿੱਚ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਲੋਕਾਂ ਨੂੰ ਜਥੇਬੰਦ ਕਰੇਗੀ। ਉਨ੍ਹਾਂ ਕਿਹਾ ਕਿ ਬਸਪਾ ਲੋਕ ਮੁੱਦਿਆਂ ਉਤੇ ਜਨਤਾ ਦੀ ਕਚਹਿਰੀ ਵਿਚ ਅਤੇ ਸਦਨ ਵਿੱਚ ਵੀ ‘ਆਪ’ ਸਰਕਾਰ ਨੂੰ ਘੇਰੇਗੀ।