ਨੇਪਾਲ ਦੀ ਤਾਰਾ ਹਵਾਈ ਕੰਪਨੀ ਦਾ ਦੋ ਇੰਜਣਾਂ ਵਾਲਾ ਛੋਟਾ ਜਹਾਜ਼ ਹਾਦਸਾਗ੍ਰਸਤ ਹੋ ਗਿਆ ਜਿਸ ਵਿਚ 22 ਯਾਤਰੀ ਸਵਾਰ ਸਨ। ਇਨ੍ਹਾਂ ਵਿਚੋਂ ਚਾਰ ਭਾਰਤੀ ਨਾਗਰਿਕ ਹਨ। ਕਿਹਾ ਜਾ ਰਿਹਾ ਹੈ ਕਿ ਜਹਾਜ਼ ਦੇ ਉਡਾਣ ਭਰਨ ਤੋਂ 15 ਮਿੰਟ ਅੰਦਰ ਹੀ ਸੰਪਰਕ ਟੁੱਟ ਗਿਆ ਸੀ। ਮੌਸਮ ਦੀ ਖਰਾਬੀ ਕਾਰਨ ਤਲਾਸ਼ ਵੀ ਕੁਝ ਸਮੇਂ ਲਈ ਰੋਕਣੀ ਪਈ ਪਰ ਅਖ਼ੀਰ ਜਹਾਜ਼ ਦਾ ਪਤਾ ਚੱਲ ਗਿਆ। ਨੇਪਾਲ ਦੇ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਮੁਤਾਬਿਕ ਇਹ ਪਹਾੜੀ ਜ਼ਿਲ੍ਹੇ ਮੁਸਤਾਂਗ ਦੇ ਪਿੰਡ ਕੋਵਾਂਗ ਵਿਖੇ ਦੇਖਿਆ ਗਿਆ ਹੈ। ਫਿਰ ਵੀ ਇਸ ਵਿਚ ਸਵਾਰ ਮੁਸਾਫ਼ਿਰਾਂ ਅਤੇ ਜਹਾਜ਼ ਦੇ ਸਟਾਫ਼ ਬਾਰੇ ਕੋਈ ਠੋਸ ਜਾਣਕਾਰੀ ਨਹੀਂ ਮਿਲੀ। ਸਥਾਨਕ ਲੋਕਾਂ ਅਤੇ ਫ਼ੌਜ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਜਹਾਜ਼ ਲਮਚੇ ਦਰਿਆ ਨੇੜੇ ਹਾਦਸਾਗ੍ਰਸਤ ਹੋਣ ਦੀ ਸੰਭਾਵਨਾ ਹੈ। ਭਾਰਤੀ ਸਫ਼ਾਰਤਖਾਨੇ ਮੁਤਾਬਿਕ ਮੁੰਬਈ ਨੇੜਲੇ ਥਾਨੇ ਕਸਬੇ ਦੇ ਪਤੀ ਪਤਨੀ ਅਤੇ ਉਨ੍ਹਾਂ ਦੇ ਦੋ ਬੱਚਿਆਂ ਦੇ ਜਹਾਜ਼ ਵਿਚ ਹੋਣ ਬਾਰੇ ਥਾਣੇ ਵਿਚ ਸੂਚਨਾ ਆਈ ਹੈ।
ਇਸ ਦੁਰਘਟਨਾ ਦਾ ਕਾਰਨ ਬਰਫ਼ਬਾਰੀ ਨੂੰ ਮੰਨਿਆ ਜਾ ਰਿਹਾ ਹੈ। ਇਕ ਅਨੁਮਾਨ ਅਨੁਸਾਰ ਜਹਾਜ਼ਾਂ ਦੇ 53 ਫ਼ੀਸਦੀ ਹਾਦਸਿਆਂ ਪਿੱਛੇ ਪਾਇਲਟ ਦੀ ਗ਼ਲਤੀ ਮੰਨੀ ਜਾਂਦੀ ਹੈ; 21 ਫ਼ੀਸਦੀ ਹਾਦਸੇ ਤਕਨੀਕੀ ਨੁਕਸ ਕਾਰਨ ਵਾਪਰਦੇ ਹਨ; 11 ਫ਼ੀਸਦੀ ਘਟਨਾਵਾਂ ਮੌਸਮ ਕਾਰਨ ਵਾਪਰਨ ਦਾ ਅਨੁਮਾਨ ਲਗਾਇਆ ਗਿਆ ਹੈ। ਆਧੁਨਿਕ ਸਮੇਂ ਵਿਚ ਹਵਾਈ ਜਹਾਜ਼ ਆਵਾਜਾਈ ਦਾ ਸਭ ਤੋਂ ਤੇਜ਼ ਸਾਧਨ ਹੈ। ਇਸ ਕਾਰਨ ਕੌਮਾਂਤਰੀ ਉਡਾਣਾਂ ਦੇ ਨਾਲ ਨਾਲ ਘਰੇਲੂ ਉਡਾਣਾਂ ਦੀ ਗਿਣਤੀ ਵਧੀ ਹੈ। ਹਾਲਾਂਕਿ ਆਏ ਦਿਨ ਤਕਨੀਕੀ ਸੁਧਾਰ ਕਾਰਨ ਹਾਦਸਿਆਂ ਦੀ ਗਿਣਤੀ ਘਟਣ ਦਾ ਅਨੁਮਾਨ ਲਗਾਇਆ ਜਾਂਦਾ ਹੈ ਪਰ ਵਧ ਰਹੀਆਂ ਜ਼ਰੂਰਤਾਂ ਕਾਰਨ ਟਰੈਫ਼ਿਕ ਦਾ ਬੇਹੱਦ ਵਧਣਾ ਵੀ ਹਾਦਸਿਆਂ ਦਾ ਕਾਰਨ ਹੈ।
ਸੜਕ ਅਤੇ ਰੇਲ ਹਾਦਸਿਆਂ ਦੀ ਗਿਣਤੀ ਵੀ ਵਧ ਰਹੀ ਹੈ ਅਤੇ ਹੋਣ ਵਾਲਾ ਨੁਕਸਾਨ ਵੀ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਹੁੰਦਾ ਹੈ। ਜ਼ਿਆਦਾਤਰ ਜਹਾਜ਼ ਹਾਦਸਿਆਂ ਵਿਚ ਜਾਨੀ ਨੁਕਸਾਨ ਦੂਸਰੀਆਂ ਦੁਰਘਟਨਾਵਾਂ ਨਾਲੋਂ ਵੱਧ ਹੁੰਦਾ ਹੈ। ਨੇਪਾਲ ਜਹਾਜ਼ ਹਾਦਸੇ ਦੇ ਮਾਮਲੇ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਮਕੈਨੀਕਲ ਅਤੇ ਪਾਇਲਟ ਦੀਆਂ ਗ਼ਲਤੀਆਂ ਕੁਝ ਹੋਰ ਹੁਨਰ ਹਾਸਿਲ ਕਰਕੇ ਅਤੇ ਲਗਾਤਾਰ ਚੌਕਸੀ ਰਾਹੀਂ ਘਟਾਈਆਂ ਜਾ ਸਕਦੀਆਂ ਹਨ। ਤਕਨੀਕ ਨੇ ਜਿੱਥੇ ਮਨੁੱਖ ਲਈ ਬਹੁਤ ਸਾਰੀਆਂ ਸੁੱਖ ਸਹੂਲਤਾਂ ਦਿੱਤੀਆਂ ਹਨ, ਉੱਥੇ ਖ਼ਤਰਿਆਂ ਦੀ ਸੰਭਾਵਨਾ ਵੀ ਵਧ ਰਹੀ ਹੈ। ਇਸ ਦਾ ਸੰਤੁਲਨ ਕਾਇਮ ਰੱਖਣਾ ਹੀ ਮਨੁੱਖ ਲਈ ਸਭ ਤੋਂ ਵੱਡੀ ਚੁਣੌਤੀ ਹੈ।