ਪੱਤਰ ਪ੍ਰੇਰਕ
ਮਾਨਸਾ, 16 ਦਸੰਬਰ
ਗੋਬਿੰਦਪੁਰਾ ਤਾਪ ਘਰ ਲਈ ਜ਼ਮੀਨ ਐਕੁਆਇਰ ਕਰਨ ਸਮੇਂ ਘਪਲਾ ਕਰਨ ਦੇ ਦੋਸ਼ ਹੇਠ ਵਿਜੀਲੈਂਸ ਵਿਭਾਗ ਨੇ ਇੱਕ ਨਾਇਬ ਤਹਿਸੀਲਦਾਰ, ਕਾਨੂੰਨਗੋ ਅਤੇ ਸੇਵਾਮੁਕਤ ਪਟਵਾਰੀ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਵਿਜੀਲੈਂਸ ਵਿਭਾਗ ਨੇ ਇਸ ਸਬੰਧੀ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਵਿਜੀਲੈਂਸ ਵਿਭਾਗ ਦੇ ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਨਾਇਬ ਤਹਿਸੀਲਦਾਰ ਬੁਢਲਾਡਾ ਹਰਕੀਰਤ ਸਿੰਘ ਨੇ ਪਟਵਾਰੀ ਮੱਘਰ ਸਿੰਘ (ਹੁਣ ਸੇਵਾਮੁਕਤ) ਅਤੇ ਕਾਨੂੰਨਗੋ ਹਰਪਾਲ ਸਿੰਘ ਨਾਲ ਮਿਲੀਭੁਗਤ ਕਰਕੇ ਕਿਸੇ ਵਿਅਕਤੀ ਦੀ ਜ਼ਮੀਨ ਪਿੰਡ ਗੋਬਿੰਦਪੁਰਾ ਵਿੱਚ ਦਰਸਾ ਕੇ ਉਨ੍ਹਾਂ ਨਾਲ ਸਰਕਾਰੀ ਨੌਕਰੀ ਦਾ ਵਾਅਦਾ ਕਰਕੇ ਰਿਸ਼ਵਤ ਲਈ ਸੀ। ਉਨ੍ਹਾਂ ਕਿਹਾ ਕਿ ਦਸਤਾਵੇਜ਼ੀ ਪੜਤਾਲ ਕਰਨ ਮਗਰੋਂ ਪਰਚਾ ਦਰਜ ਕਰਕੇ ਪਟਵਾਰੀ ਮੱਘਰ ਸਿੰਘ ਅਤੇ ਕਾਨੂੰਨਗੋ ਹਰਪਾਲ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।