ਪਰਸ਼ੋਤਮ ਬੱਲੀ
ਬਰਨਾਲਾ, 17 ਨਵੰਬਰ
ਕੇਂਦਰੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐੱਮਐੱਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ’ਤੇ ਲੱਗਿਆ ਸਾਂਝਾ ਪੱਕਾ ਧਰਨਾ ਅੱਜ 413ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਕਣਕ ਦੀ ਬਿਜਾਈ ਦਾ ਸੀਜ਼ਨ ਜ਼ੋਰਾਂ ’ਤੇ ਹੋਣ ਕਾਰਨ ਡੀਏਪੀ ਖਾਦ ਦੀ ਕਿੱਲਤ ਦਾ ਮੁੱਦਾ ਧਰਨੇ ਵਿੱਚ ਵਾਰ-ਵਾਰ ਚਰਚਾ ਦਾ ਵਿਸ਼ਾ ਬਣਨ ਲੱਗਿਆ ਹੈ।
ਆਗੂਆਂ ਕਿਹਾ ਕਿ ਖਾਦ ਦੀ ਸ਼ਰ੍ਹੇਆਮ ਕਾਲਾਬਾਜ਼ਾਰੀ ਤੇ ਜਮ੍ਹਾਂਖੋਰੀ ਹੈ ਰਹੀ ਹੈ ਪਰ ਸਰਕਾਰ ਸੁੱਤੀ ਪਈ ਹੈ। ਪ੍ਰਾਈਵੇਟ ਡੀਲਰ ਕਿਸਾਨਾਂ ਨੂੰ ਡੀਏਪੀ ਖਾਦ ਦੀ ਖਰੀਦ ਨਾਲ ਹੋਰ ਬੇਲੋੜੀਆਂ ਵਸਤਾਂ ਖਰੀਦਣ ਲਈ ਮਜਬੂਰ ਕਰ ਰਹੇ ਹਨ। ਉਨ੍ਹਾਂ ਸਰਕਾਰ ਤੋਂ ਇਨ੍ਹਾਂ ਨਾਜਾਇਜ਼ ਕਾਰਵਾਈਆਂ ਨੂੰ ਫੌਰੀ ਨੱਥ ਪਾਉਣ ਦੀ ਮੰਗ ਕੀਤੀ। ਟਿਕਰੀ ਬਾਰਡਰ ’ਤੇ ਸ਼ਹੀਦ ਹੋਏ ਕਿਸਾਨ ਆਗੂ ਮਹਿੰਦਰ ਸਿੰਘ ਰੱਲਾ ਨੂੰ ਦੋ ਮਿੰਟ ਦਾ ਮੌਨ ਧਾਰ ਕੇ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਆਗੂਆਂ ਦੱਸਿਆ ਕਿ ਇਸ ਮਹੀਨੇ 26 ਤਰੀਕ ਨੂੰ ਦਿੱਲੀ ਮੋਰਚੇ ਦੀ ਪਹਿਲੀ ਵਰੇਗੰਢ ਹੈ ਜਿਸ ਸਬੰਧੀ ਲਾਮਬੰਦੀ ਹਿੱਤ ਪਿੰਡਾਂ ’ਚ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ। ਅੱਜ ਧਰਨੇ ਨੂੰ ਨਰੈਣ ਦੱਤ, ਗੁਰਦੇਵ ਸਿੰਘ ਮਾਂਗੇਵਾਲ, ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਮੇਲਾ ਸਿੰਘ ਕੱਟੂ, ਬਲਜੀਤ ਸਿੰਘ ਚੌਹਾਨਕੇ, ਬਲਵਿੰਦਰ ਕੌਰ ਖੁੱਡੀ, ਗੁਰਨਾਮ ਸਿੰਘ ਠੀਕਰੀਵਾਲਾ, ਗੁਰਚਰਨ ਸਿੰਘ ਸੁਰਜੀਤਪੁਰਾ, ਕੁਲਵੰਤ ਸਿੰਘ ਠੀਕਰੀਵਾਲਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਬੇਰੁਜ਼ਗਾਰ ਪੀਟੀਆਈ ਅਧਿਆਪਕ ਯੂਨੀਅਨ ਦੇ ਜਝਾਰੂ ਵਰਕਰ ਦਲਜੀਤ ਸਿੰਘ (ਕਾਕਾ ਭਾਊ) ਦੀ ਬੇਵਕਤੀ ਮੌਤ ’ਤੇ ਦੁੱਖ ਪ੍ਰਗਟ ਕੀਤਾ। ਜ਼ਿਕਰਯੋਗ ਹੈ ਕਿ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ਦੌਰਾਨ ਮੁਹਾਲੀ ’ਚ ਪਾਣੀ ਵਾਲੀ ਟੈਂਕੀ ’ਤੇ ਲਗਾਤਾਰ ਧਰਨਾ ਲਾਈ ਬੈਠੇ ਦਲਜੀਤ ਸਿੰਘ ਦੀ ਪਿਛਲੇ ਦਿਨੀਂ ਡੇਂਗੂ ਕਾਰਨ ਮੌਤ ਹੋ ਗਈ ਸੀ। ਬੁਲਾਰਿਆਂ ਇਸ ਨੌਜਵਾਨ ਦੀ ਮੌਤ ਨੂੰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਹੋਇਆ ਕਤਲ ਗਰਦਾਨਿਆ ਤੇ ਬੇਰੁਜ਼ਗਾਰਾਂ ਲਈ ਪੱਕੇ ਰੁਜ਼ਗਾਰ ਦੀ ਮੰਗ ਕੀਤੀ। ਪ੍ਰੀਤ ਕੌਰ ਧੂਰੀ ਨੇ ਇਨਕਲਾਬੀ ਗੀਤ ਸੁਣਾਏ।