ਗੁਰਦੀਪ ਸਿੰਘ ਲਾਲੀ
ਸੰਗਰੂਰ, 16 ਦਸੰਬਰ
ਪੰਜਾਬ ਸਰਕਾਰ ਨੇ ਸਰਹਿੰਦ-ਫਤਿਹਗੜ੍ਹ ਸਾਹਿਬ-ਬੇਲਾ ਸੜਕ ਦਾ ਨਾਮ ਮਾਤਾ ਗੁਜਰੀ ਜੀ ਦੇ ਨਾਂ ’ਤੇ ਰੱਖ ਦਿੱਤਾ ਹੈ। ਸਿੱਖ ਕੌਮ ਨਾਲ ਸਬੰਧਤ ਤਿੰਨ ਇਤਿਹਾਸਕ ਸ਼ਹਿਰਾਂ ਸ੍ਰੀ ਫਤਹਿਗੜ੍ਹ ਸਾਹਿਬ, ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਚਮਕੌਰ ਸਾਹਿਬ ਨੂੰ ਜੋੜਨ ਵਾਲੀ ਇਸ ਸੜਕ ਨੂੰ ਹੁਣ ਮਾਤਾ ਗੁਜਰੀ ਮਾਰਗ ਵਜੋਂ ਜਾਣਿਆ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਲੋਕ ਨਿਰਮਾਣ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਮਾਤਾ ਗੁਜਰੀ ਦੇ ਲਾਸਾਨੀ ਬਲੀਦਾਨ ਨੂੰ ਪੰਜਾਬ ਸਰਕਾਰ ਵੱਲੋਂ ਸਤਿਕਾਰ ਭੇਟ ਕਰਨ ਦਾ ਇਹ ਇਕ ਛੋਟਾ ਜਿਹਾ ਉਪਰਾਲਾ ਹੈ। ਉਨ੍ਹਾਂ ਦੱਸਿਆ ਕਿ ਇਹ ਸੜਕ ਉਨ੍ਹਾਂ ਸ਼ਹਿਰਾਂ ਨੂੰ ਜੋੜਦੀ ਹੈ, ਜਿੱਥੇ ਮੁਗਲਾਂ ਦੇ ਜ਼ੁਲਮਾਂ ਖ਼ਿਲਾਫ਼ ਲੜਦਿਆਂ ਚਾਰੇ ਸਾਹਿਬਜ਼ਾਦਿਆਂ ਅਤੇ ਖ਼ੁਦ ਮਾਤਾ ਗੁਜਰੀ ਨੇ ਸ਼ਹਾਦਤਾਂ ਦਿੱਤੀਆਂ ਸਨ। ਸ੍ਰੀ ਸਿੰਗਲਾ ਨੇ ਕਿਹਾ ਕਿ 6 ਨਵੰਬਰ ਨੂੰ ਮੁੱਖ ਮੰਤਰੀ ਨੇ ਫਤਹਿਗੜ੍ਹ ਸਾਹਿਬ-ਬੇਲਾ ਸੜਕ ਦਾ ਨਾਂ ਮਾਤਾ ਗੁਜਰੀ ਦੇ ਨਾਂ ’ਤੇ ਰੱਖਣ ਦਾ ਐਲਾਨ ਕੀਤਾ ਸੀ ਤੇ 10 ਦਿਨਾਂ ਅੰਦਰ ਇਸ ਫੈ਼ਸਲੇ ਨੂੰ ਅਮਲੀ ਜਾਮਾ ਪਹਿਨਾ ਦਿੱਤਾ ਹੈ।