ਸਰਬਜੀਤ ਸਿੰਘ ਭੱਟੀ
ਲਾਲੜੂ, 2 ਅਪਰੈਲ
ਵਿਧਾਇਕ ਐੱਨ.ਕੇ. ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਭਾਵੇਂ ਸਿਆਸੀ ਲਾਹੇ ਲਈ ਔਰਤਾਂ ਨੂੰ ਮੁਫ਼ਤ ਬੱਸ ਸਫਰ ਦੀ ਸਹੂਲਤ ਦੇਣ ਦਾ ਐਲਾਨ ਨੂੰ ਸਿਆਸੀ ਡਰਮੇਬਾਜ਼ੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਇਲਾਕਾ ਵਾਸੀਆਂ ਨੂੰ ਇਸ ਦਾ ਬਹੁਤਾ ਲਾਭ ਮਿਲਣ ਵਾਲਾ ਨਹੀਂ ਕਿਉਂਕਿ ਅੰਬਾਲਾ-ਚੰਡੀਗੜ੍ਹ ਮੁੱਖ ਮਾਰਗ ’ਤੇ ਪੈਂਦੇ ਕਸਬਾ ਲਾਲੜੂ, ਡੇਰਾਬਸੀ, ਜ਼ੀਰਕਪੁਰ ਅਤੇ ਹੰਡੇਸਰਾ ਵਿੱਚ ਸਰਕਾਰੀ ਬੱਸ ਸਰਵਿਸ ਨਾਮਾਤਰ ਹੈ।
ਵਿਧਾਇਕ ਐਨ.ਕੇ. ਸ਼ਰਮਾ ਨੇ 4 ਅਪਰੈਲ ਨੂੰ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਸਬੰਧੀ ਪਿੰਡਾਂ ’ਚ ਲਾਮਬੰਦੀ ਦੌਰਾਨ ਕਿਹਾ ਕਿ ਪੰਜਾਬ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਬੱਸ ਸਰਵਿਸ ਜੋ ਚੰਡੀਗੜ੍ਹ ਤੋਂ ਵਾਇਆ ਡੇਰਾਬਸੀ, ਮੁਬਾਰਕਪੁਰ, ਲਾਲੜੂ ਤੋਂ ਹੰਡੇਸਰਾ ਅਤੇ ਸੁੰਡਰਾਂ, ਚਡਿਆਲਾ ਤੱਕ ਚਲਦੀ ਸੀ, ਉਹ ਕਾਂਗਰਸ ਸਰਕਾਰ ਦੀ ਨੀਤੀਆ ਕਾਰਨ ਬੰਦ ਪਈ ਹੈ। ਲੋਕਾਂ ਨੂੰ ਪਿੰਡਾਂ ਤੋਂ ਸ਼ਹਿਰਾ ਵਿੱਚ ਜਾਣ ਲਈ ਭਾਰੀ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਲਕੇ ਵਿਚ ਕੋਈ ਵੀ ਬੱਸ ਸਿੱਧੀ ਜ਼ਿਲ੍ਹਾ ਹੈੱਡਕੁਆਰਟਰ ਮੁਹਾਲੀ ਨੂੰ ਨਹੀ ਜਾਂਦੀ, ਜਿਸ ਕਾਰਨ ਵਿਦਿਆਰਥੀਆਂ, ਮਰੀਜ਼ਾਂ, ਔਰਤਾਂ, ਸਰਕਾਰੀ ਤੇ ਗੈਰ-ਸਰਕਾਰੀ ਦਫਤਰਾਂ ਵਿੱਚ ਜਾਣ ਵਾਲੇ ਵਿਅਕਤੀਆਂ ਨੂੰ ਚੰਡੀਗੜ੍ਹ ਹੋ ਕੇ ਮੁਹਾਲੀ ਜਾਣਾ ਪੈਂਦਾ ਹੈ। ਉਨ੍ਹਾਂ ਕਾਂਗਰਸ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਬੱਸ ਸੇਵਾ ਦਾ ਪੂਰਾ ਪ੍ਰਬੰਧ ਕਰਨ ਮਗਰੋਂ ਹੀ ਮੁਫ਼ਤ ਸਫਰ ਦੀ ਸਹੂਲਤ ਵਰਗੇ ਐਲਾਨ ਕਰੇ।