ਪੱਤਰ ਪ੍ਰੇਰਕ
ਲੁਧਿਆਣਾ, 3 ਮਾਰਚ
ਅੱਜ ਵੱਖ-ਵੱਖ ਥਾਈਂ ਵਰਲਡ ਹੀਅਰਿੰਗ ਦਿਵਸ ਮਨਾਇਆ ਗਿਆ। ਇਸ ਮੌਕੇ ਈਐਨਟੀ ਸਪੈਸ਼ਲਿਸਟ ਡਾ. ਪੋਰਸ਼ੀਆ ਰਿਸ਼ੀ ਨੇ ਦੱਸਿਆ ਕਿ ਸੁਣਨ ਸ਼ਕਤੀ ਵਿੱਚ ਦਿੱਕਤ ਦੇ ਕਈ ਜਮਾਂਦਰੂ ਕਾਰਨ ਵੀ ਹੋ ਸਕਦੇ ਹਨ। ਦੂਜੇ ਪਾਸੇ, ਕੁਝ ਆਪ ਸਹੇੜੇ ਕਾਰਨ ਹੋ ਸਕਦੇ ਹਨ ਜਿਵੇਂ ਸੜਕ ਕਿਨਾਰੇ ਬੈਠੇ ਵਿਅਕਤੀਆਂ ਤੋਂ ਕੰਨ ਸਾਫ਼ ਕਰਵਾਉਣੇ, ਕੰਨਾਂ ਵਿੱਚ ਤੇਲ ਪਾਉਣਾ ਜਾਂ ਮਾਚਸ ਦੀ ਤੀਲੀ ਆਦਿ ਮਾਰਨੇ। ਉਨ੍ਹਾਂ ਆਖਿਆ ਕਿ ਕੰਨਾਂ ਨੂੰ ਉੱਚੀਆਂ ਆਵਾਜ਼ਾਂ ਤੋਂ ਬਚਾਉਣਾ ਚਾਹੀਦਾ ਹੈ। ਗਰਭਅਵਸਥਾ ਦੌਰਾਨ ਡਾਕਟਰ ਦੀ ਸਲਾਹ ਤੋਂ ਬਿਨਾਂ ਲਈ ਜਾਣ ਵਾਲੀ ਕਿਸੇ ਦਵਾਈ ਕਾਰਨ ਵੀ ਬੱਚੇ ਦੀ ਸੁਣਨ ਸ਼ਕਤੀ ਉੱਤੇ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਬੱਚੇ ਦਾ ਟੀਕਾਕਰਨ ਸਮੇਂ ਸਿਰ ਕਰਵਾਉਣਾ ਚਾਹੀਦਾ ਹੈ। ਗਲਸੁਆ ਜਾਂ ਕੰਨਫੋੜ ਤੇ ਖਸਰਾ ਵਰਗੀਆਂ ਬਿਮਾਰੀਆਂ ਵੀ ਬੋਲੇਪਣ ਦਾ ਕਾਰਨ ਬਣ ਸਕਦੀਆਂ ਹਨ। ਡਾ. ਰਿਸ਼ੀ ਨੇ ਦੱਸਿਆ ਕਿ ਸੁਣਨ ਦੀ ਸਮਰੱਥਾ ਦੀ ਘਾਟ ਨਾ ਸਿਰਫ਼ ਵੱਡੀ ਉਮਰ ਦੇ ਲੋਕਾਂ ਸਗੋਂ ਬੱਚਿਆਂ ਵਿੱਚ ਵੀ ਪਾਈ ਜਾਂਦੀ ਹੈ। 1000 ਵਿੱਚੋਂ ਇੱਕ ਬੱਚਾ ਸੁਣਨ ਸ਼ਕਤੀ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਦੇ ਨੁਕਸ ਨਾਲ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਬੱਚਿਆਂ ਦਾ ਇਲਾਜ ਕਰਨ ਨਾਲ ਉਹ ਸੁਣਨਾ ਸ਼ੁਰੂ ਕਰ ਸਕਦੇ ਹਨ। 60 ਸਾਲ ਤੋਂ ਬਾਅਦ ਹਰ ਸਾਲ ਸੁਣਨ ਸ਼ਕਤੀ ਦਾ ਟੈਸਟ ਕਰਵਾਉਣਾ ਚਾਹੀਦਾ ਹੈ। ਘੱਟ ਸੁਣਨ ਸ਼ਕਤੀ ਵਾਲੇ ਬੱਚੇ ਨੂੰ ਦੂਜੇ ਬੱਚਿਆਂ ਨਾਲ ਰਲਾਉਣਾ ਮਿਲਾਉਣਾ ਚਾਹੀਦਾ ਹੈ।